ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ: ਅਜਿਹਾ ਪਿੰਡ ਜਿੱਥੇ ਕੋਈ ਐੱਸਸੀ ਨਹੀਂ, ਸਰਪੰਚ ਦੀ ਸੀਟ ਰਾਖਵੀਂ

ਪੰਜਾਬ: ਅਜਿਹਾ ਪਿੰਡ ਜਿੱਥੇ ਕੋਈ ਐੱਸਸੀ ਨਹੀਂ, ਸਰਪੰਚ ਦੀ ਸੀਟ ਰਾਖਵੀਂ

ਪੰਜਾਬ ਹੁਣ ਪੰਚਾਇਤ ਚੋਣਾਂ ਤੋਂ ਲਗਭਗ ਵਿਹਲਾ ਹੋ ਚੁੱਕਾ ਹੈ। ਸੱਤਾਧਾਰੀ ਕਾਂਗਰਸ ਨੂੰ ਇਨ੍ਹਾਂ ਚੋਣਾਂ `ਚ ਹੂੰਝਾ-ਫੇਰੂ ਜਿੱਤ ਹਾਸਲ ਹੋਈ ਹੈ। ਬਾਦਲਕਿਆਂ ਦਾ ਅਕਾਲੀ ਉਮੀਦਵਾਰ ਖ਼ੁਦ ਪਿੰਡ ਬਾਦਲ `ਚ ਕਾਂਗਰਸੀ ਉਮੀਦਵਾਰ ਤੋਂ ਹਾਰ ਗਿਆ ਹੈ। ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਸੁਖਪਾਲ ਸਿੰਘ ਖਹਿਰਾ ਦੀ ਭਰਜਾਈ ਵੀ ਹਾਰ ਗਈ ਹੈ, ਜਦ ਕਿ ਸ੍ਰੀ ਖਹਿਰਾ ਨੇ ਖ਼ੁਦ ਉਨ੍ਹਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ ਸੀ। ਇੰਝ ਹੀ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਭਗਵੰਤ ਮਾਨ ਦੇ ਵੀ ਕੁਝ ਨੇੜਲੇ ਇਨ੍ਹਾਂ ਬੁਨਿਆਦੀ ਚੋਣਾਂ `ਚ ਹਾਰ ਗਏ ਹਨ।


ਇਸ ਸਭ ਦੌਰਾਨ ਮੋਹਾਲੀ ਜਿ਼ਲ੍ਹੇ ਦੇ ਡੇਰਾ ਬੱਸੀ ਬਲਾਕ `ਚ ਪੈਂਦੇ ਜੋਧਪੁਰ ਦੀ ਕਹਾਣੀ ਹੀ ਕੁਝ ਵੱਖਰੀ ਕਿਸਮ ਦੀ ਹੈ। ਚੋਣ ਕਮਿਸ਼ਨ ਨੇ ਇਸ ਪਿੰਡ ਦੇ ਸਰਪੰਚ ਦਾ ਅਹੁਦਾ ਐੱਸਸੀ ਮਹਿਲਾ ਲਈ ਰਾਖਵਾਂ ਕੀਤਾ ਹੋਇਆ ਪਰ ਇਸ ਮਾਮਲੇ ਦਾ ਦਿਲਚਸਪ ਪੱਖ ਇਹ ਹੈ ਕਿ ਇਸ ਪਿੰਡ `ਚ ਅਨੁਸੂਚਿਤ ਜਾਤੀ ਨਾਲ ਸਬੰਧਤ ਕੋਈ ਪਰਿਵਾਰ ਹੈ ਹੀ ਨਹੀਂ।


ਇਸ ਪਿੰਡ `ਚ ਸਰਪੰਚ ਦੇ ਅਹੁਦੇ ਲਈ ਕਿਸੇ ਨੇ ਵੀ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਨਹੀਂ ਕੀਤੇ ਸਨ; ਜਿਸ ਕਰ ਕੇ ਇਥੇ ਚੋਣਾਂ ਨਹੀਂ ਹੋ ਸਕੀਆਂ।


ਇਸ ਪਿੰਡ ਦੇ ਸਾਰੇ ਨਿਵਾਸੀ ਰਾਜਪੂਤ ਹਨ ਤੇ ਉਨ੍ਹਾਂ ਨੂੰ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਜਾਣ ਤੋਂ ਸਿਰਫ਼ ਇੱਕ ਦਿਨ ਪਹਿਲਾਂ ਹੀ ਇਹ ਪਤਾ ਲੱਗਾ ਕਿ ਸਰਪੰਚ ਦੀ ਸੀਟ ਪ੍ਰਸ਼ਾਸਨ ਵੱਲੋਂ ਪੇਸ਼ ਕੀਤੀ ਜਾਣਕਾਰੀ ਦੇ ਆਧਾਰ `ਤੇ ਰਾਖਵੀਂ ਐਲਾਨ ਦਿੱਤੀ ਗਈ ਸੀ।


ਪ੍ਰਸ਼ਾਸਨ ਦਾ ਇਹ ਕਹਿਣਾ ਹੈ ਕਿ ਉਸ ਨੇ ਇਸ ਪਿੰਡ ਬਾਰੇ ਜਾਣਕਾਰੀ ਪੁਰਾਣੀ ਮਰਦਮਸ਼ੁਮਾਰੀ ਤੋਂ ਲੈ ਲਈ ਸੀ। ਪਰ ਅਨੁਸੂਚਿਤ ਜਾਤੀ ਨਾਲ ਸਬੰਧਤ ਜਿਹੜੇ ਕੋਈ ਪਰਿਵਾਰ ਪਹਿਲਾਂ ਰਹਿੰਦੇ ਵੀ ਸਨ, ਉਹ ਹੁਣ ਇੱਥੇ ਨਹੀਂ ਰਹਿੰਦੇ।


ਦਰਅਸਲ, ਇਸ ਪਿੰਡ ਤੋਂ ਜਿ਼ਲ੍ਹਾ ਮੁੱਖ-ਦਫ਼ਤਰ ਮੋਹਾਲੀ ਲਗਭਗ 45 ਕਿਲੋਮੀਟਰ ਦੂਰ ਹੈ, ਜਦ ਕਿ ਹਰਿਆਣਾ ਦਾ ਪ੍ਰਮੁੱਖ ਸ਼ਹਿਰ ਅੰਬਾਲਾ ਤੇ ਹੋਰ ਪਿੰਡ-ਕਸਬੇ ਜੋਧਪੁਰ ਦੇ ਬਿਲਕੁਲ ਨੇੜੇ ਪੈਂਦੇ ਹਨ।


ਪਿੰਡ ਵਾਸੀ ਕਰਮ ਸਿੰਘ ਹੁਰਾਂ ਨੇ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਪਿੰਡ ਵਿੱਚ ਅਨੁਸੁਚਿਤ ਜਾਤੀ ਨਾਲ ਸਬੰਧਤ ਹੁਣ ਕੋਈ ਪਰਿਵਾਰ ਨਹੀਂ ਰਹਿੰਦਾ।


71 ਸਾਲਾ ਸ੍ਰੀ ਸਤਪਾਲ ਸਿੰਘ ਨੇ ਦੱਸਿਆ ਕਿ ਇਸ ਪਿੰਡ ਵਿੱਚ ਜਿ਼ਆਦਾਤਰ ਲੋਕ ਪਹਿਲਾਂ ਅੰਬਾਲਾ ਜਿ਼ਲ੍ਹੇ ਦੇ ਬਬਿਆਲ ਤੋਂ ਆ ਕੇ ਵਸੇ ਹੋਏ ਹਨ। ਉਸ ਤੋਂ ਬਾਅਦ ਹੀ ਇਹ ਪਿੰਡ ਪ੍ਰਫ਼ੁੱਲਤ ਹੋਇਆ ਸੀ।


ਸਾਬਕਾ ਸਰਪੰਚ ਸੁਮਨ ਰਾਣੀ ਨੇ ਦੱਸਿਆ ਕਿ ਇਸ ਪਿੰਡ ਦਾ ਸਰਪੰਚ ਸਦਾ ਹੀ ਸਰਬਸੰਮਤੀ ਨਾਲ ਚੁਣਿਆ ਜਾਂਦਾ ਰਿਹਾ ਹੈ ਕਿਉਂਕਿ ਸਾਰੇ ਹੀ ਨਿਵਾਸੀ ਆਪਸ ਵਿੱਚ ਇੱਕ-ਦੂਜੇ ਦੇ ਰਿਸ਼ਤੇਦਾਰ ਹੀ ਹਨ।


ਜਦੋਂ ਖੜ੍ਹੇ-ਪੈਰ ਪਿੰਡ ਵਾਸੀਆਂ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਲ੍ਹਾਂ ਐੱਸਡੀਅੇੱਮ ਤੇ ਜਿ਼ਲ੍ਹਾ ਮੈਜਿਸਟ੍ਰੇਟ ਨਾਲ ਸੰਪਰਕ ਕੀਤਾ ਪਰ ਕੋਈ ਹੱਲ ਨਾ ਨਿੱਕਲਿਆ।


ਸ੍ਰੀ ਕਰਮ ਸਿੰਘ ਨੇ ਦੋਸ਼ ਲਾਇਆ ਕਿ ਇਸ ਹਲਕੇ ਦੀ ਵਿਧਾਇਕ ਦੀ ਸੀਟ ਸਦਾ ਅਕਾਲੀ-ਭਾਜਪਾ ਗੱਠਜੋੜ ਹੀ ਜਿੱਤਦਾ ਰਿਹਾ ਹੈ ਤੇ ਇਸ ਨੂੰ ਗ਼ਲਤੀ ਨਾਲ ਰਾਖਵੇਂਕਰਨ ਵਰਗ `ਚ ਪਾ ਦਿੱਤਾ ਗਿਆ ਹੈ।


ਇਸੇ ਕਾਰਨ ਪੰਚਾਂ ਦੀ ਚੋਣ ਲਈ ਵੀ ਇਸ ਵਾਰ ਪਿੰਡ ਵਾਸੀਆਂ ਨੇ ਇਨ੍ਹਾਂ ਪੰਚਾਇਤ ਚੋਣਾਂ ਦਾ ਬਾਈਕਾਟ ਕੀਤਾ ।


ਉੱਧਰ ਮੋਹਾਲੀ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਇਹੋ ਕਿਹਾ ਕਿ ਇਸ ਪਿੰਡ ਦੀ ਸਰਪੰਚ ਦੀ ਸੀਟ ਸਾਲ 2011 ਦੀ ਮਰਦਮਸ਼ੁਮਾਰੀ ਦੇ ਆਧਾਰ `ਤੇ ਰਾਖਵੀਂ ਐਲਾਨ ਦਿੱਤੀ ਗਈ ਸੀ। ਕਿਸੇ ਵੀ ਪਿੰਡ `ਚ ਜੇ ਘੱਟੋ-ਘੱਟ ਐੱਸਸੀ ਵਿਅਕਤੀਆਂ ਦੀ ਗਿਣਤੀ ਉਸ ਪਿੰਡ ਦੀ ਕੁੱਲ ਸੰਖਿਆ ਦਾ 30% ਹੋਵੇ, ਤਦ ਹੀ ਉਸ ਨੂੰ ਰਾਖਵਾਂ ਐਲਾਨਿਆ ਜਾ ਸਕਦਾ ਹੈ। 


ਸ੍ਰੀਮਤੀ ਸਪਰਾ ਨੇ ਕਿਹਾ ਕਿ ਤਿੰਨ ਮਹੀਨਿਆਂ ਬਾਦਅ ਹੁਣ ਪੰਚਾਇਤ ਚੋਣਾਂ ਲਈ ਦੋਬਾਰਾ ਨੋਟੀਫਿ਼ਕੇਸ਼ਨ ਜਾਰੀ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪਹਿਲੇ ਨੋਟੀਫਿ਼ਕੇਸ਼ਨ ਨੂੰ ਡੀਨੋਟੀਫ਼ਾਈ ਕਰ ਕੇ ਇਸ ਪਿੰਡ ਨੂੰ ‘ਜਨਰਲ` ਵਰਗ ਵਿੱਚ ਪਾਉਣਾ ਪਵੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No SC in Pb village but Sarpanch post reserved