ਬੀਤੇ ਜਨਵਰੀ ਮਹੀਨੇ ’ਚ ਜਦ ਤੋਂ ਚੀਨ ਤੇ ਕੁਝ ਹੋਰ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦਾ ਜ਼ੋਰ ਪੈਣ ਲੱਗਾ ਹੈ, ਤਦ ਤੋਂ ਅਜਿਹੇ ਵਾਇਰਸ–ਪ੍ਰਭਾਵਿਤ ਦੇਸ਼ਾਂ ਦੀ ਯਾਤਰਾ ਕਰ ਕੇ ਪੰਜਾਬ ਪਰਤੇ 335 ਵਿਅਕਤੀਆਂ ਦੀ ਸੂਬਾ ਸਰਕਾਰ ਨੂੰ ਕੋਈ ਉੱਘ–ਸੁੱਘ ਨਹੀਂ ਲੱਗ ਰਹੀ ਕਿ ਉਹ ਇਸ ਵੇਲੇ ਕਿੱਥੇ ਹਨ।
ਉਂਝ ਹੁਣ ਤੱਕ ਕੋਰੋਨਾ–ਪ੍ਰਭਾਵਿਤ ਦੇਸ਼ਾਂ ਦੀ ਯਾਤਰਾ ਕਰ ਕੇ 6,692 ਵਿਅਕਤੀ ਪੰਜਾਬ ਆਏ ਹਨ। ਉਨ੍ਹਾਂ ਵਿੱਚੋਂ 3,711 ਸ਼ੱਕੀ ਮਰੀਜ਼ਾਂ ਨੇ 28 ਦਿਨਾਂ ਦੀ ਨਿਗਰਾਨੀ ਮਿਆਦ ਵੀ ਮੁਕੰਮਲ ਕਰ ਲਈ ਹੈ; ਭਾਵ ਉਨ੍ਹਾਂ ਨੂੰ ਚਾਰ ਹਫ਼ਤਿਆਂ ਤੱਕ ਬਿਲਕੁਲ ਇਕੱਲੇ–ਕਾਰੇ (ਆਈਸੋਲੇਸ਼ਨ ’ਚ) ਰੱਖਿਆ ਗਿਆ।
ਉਨ੍ਹਾਂ ਦੀ ਸਲਾਮਤੀ ਨੂੰ ਯਕੀਨੀ ਬਣਾਉਣ ਤੋਂ ਬਾਅਦ ਹੀ ਅਜਿਹੇ ਸ਼ੱਕੀ ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਕੱਲ੍ਹ 13 ਮਾਰਚ ਤੱਕ ਕੁੱਲ 2,214 ਸ਼ੱਕੀ ਮਰੀਜ਼਼ ਨਿਗਰਾਨੀ ਅਧੀਨ ਸਨ। ਉਨ੍ਹਾਂ ਵਿੱਚੋਂ ਗੰਭੀਰ ਕਿਸਮ ਦੇ 7 ਸ਼ੱਕੀ ਮਰੀਜ਼ਾਂ ਨੂੰ ਹਸਪਤਾਲਾਂ ’ਚ ਰੱਖਿਆ ਗਿਆ ਹੈ।
2,207 ਮਰੀਜ਼ ਆਪਣੇ ਘਰਾਂ ’ਚ ਹੀ ਰਹਿ ਰਹੇ ਹਨ ਪਰ ਉਨ੍ਹਾਂ ਉੱਤੇ ਚੌਕਸ ਨਿਗਰਾਨੀ ਰੱਖੀ ਜਾ ਰਹੀ ਹੈ। ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਉੱਤੇ ਕੁੱਲ 58,494 ਯਾਤਰੀਆਂ ਦੀ ਮੈਡੀਕਲ ਚੈਕਿੰਗ ਹੋਈ ਹੈ, ਜਿਨ੍ਹਾਂ ਵਿੱਚੋਂ ਸਿਰਫ਼ 7 ਸ਼ੱਕੀ ਮਰੀਜ਼ ਪਾਏ ਗਏ ਹਨ।
6,447 ਵਿਅਕਤੀਆਂ ਦੀ ਮੈਡੀਕਲ ਚੈਕਿੰਗ ਮੋਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਉੱਤੇ ਕੀਤੀ ਗਈ ਹੈ ਪਰ ਕਿਸੇ ਯਾਤਰੀ ਨੂੰ ਸ਼ੱਕੀ ਨਹੀਂ ਪਾਇਆ ਗਿਆ।
ਇੰਝ ਹੀ ਅੰਮ੍ਰਿਤਸਰ ਲਾਗੇ ਵਾਹਗਾ–ਅਟਾਰੀ ਬਾਰਡਰ ਉੱਤੇ 6,892 ਵਿਅਕਤੀਆਂ ਦੀ ਚੈਕਿੰਗ ਹੋਈ ਹੈ ਤੇ ਉਨ੍ਹਾਂ ਵਿੱਚੋਂ ਸਿਰਫ਼ ਇੱਕ ਸ਼ੱਕੀ ਮਰੀਜ਼ ਪਾਇਆ ਗਿਆ ਹੈ।
ਇਸੇ ਸਮੇਂ ਦੌਰਾਨ 16,376 ਸ਼ਰਧਾਲੂਆਂ ਨੇ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ’ਚ ਸਥਿਤ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਪਰ ਉੱਥੇ ਕੋਈ ਵੀ ਵਿਅਕਤੀ ਸ਼ੱਕੀ ਮਰੀਜ਼ ਨਹੀਂ ਪਾਇਆ ਗਿਆ।