ਕੈਮਿਸਟ੍ਰੀ ਦੇ ਨੋਬਲ–ਪੁਰਸਕਾਰ ਜੇਤੂ ਬਰਨਾਰਡ ਐੱਲ ਫ਼ੇਰਿੰਗਾ ਇਸ ਵਾਰ ‘ਚੰਡੀਗੜ੍ਹ ਸਾਇੰਸ ਕਾਂਗਰਸ’ ਵਿੱਚ ਪੁੱਜ ਰਹੇ ਹਨ। ਪੰਜਾਬ ਯੂਨੀਵਰਸਿਟੀ ਨੇ ਆਉਂਦੀ 13 ਤੋਂ 15 ਮਾਰਚ ਤੱਕ ‘ਚੰਡੀਗੜ੍ਹ ਰੀਜਨ ਇਨੋਵੇਸ਼ਨ ਐਂਡ ਨਾਲੇਜ ਕਲੱਸਟਰ’ (CRIKC) ਦੇ ਸਹਿਯੋਗ ਨਾਲ 13ਵੀਂ ‘ਚੰਡੀਗੜ੍ਹ ਸਾਇੰਸ ਕਾਂਗਰਸ’ ਰੱਖੀ ਹੋਈ ਹੈ। ਡਾ. ਬਰਨਾਰਡ ਨੀਦਰਲੈਂਡਜ਼ ਦੀ ਯੂਨੀਵਰਸਿਟੀ ਆਫ਼ ਗ੍ਰੌਨਿੰਜਨ ਦੇ ਪ੍ਰੋਫ਼ੈਸਰ ਹਨ ਉਹ ਭਲਕੇ ਭਾਵ 13 ਮਾਰਚ ਨੂੰ ਕਾਂਗਰਸ ਦੇ ਪਹਿਲੇ ਦਿਨ ‘ਯੂਨੀਵਰਸਿਟੀ ਇੰਸਟੀਚਿਊਟ ਆਫ਼ ਫ਼ਾਰਮਾਸਿਊਟੀਕਲ ਸਾਇੰਸਜ਼’ (UIPS) ਦੀ ਪਲਾਟੀਨਮ ਜੁਬਲੀ ਮੌਕੇ ਆਪਣਾ ਭਾਸ਼ਣ ਦੇਣਗੇ।
ਇਸ ਵਰ੍ਹੇ ਇਸ ਸਾਇੰਸ ਕਾਂਗਰਸ ਦਾ ਥੀਮ ਹੈ ‘ਨਵ–ਭਾਰਤ ਲਈ ਵਿਗਿਆਨ ਤੇ ਤਕਨਾਲੋਜੀ’। ਚੰਡੀਗੜ੍ਹ ਸਾਇੰਸ ਕਾਂਗਰਸ ਦੇ ਕੋਆਰਡੀਨੇਟਰ ਰਜਤ ਸੰਘੀਰ ਨੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਵਿਗਿਆਨ ਤੇ ਤਕਨਾਲੋਜੀ ਆਧੁਨਿਕ ਭਾਰਤ ਦੇ ਆਰਥਿਕ ਵਿਕਾਸ ਦੇ ਪ੍ਰਮੁੱਖ ਤੱਤ ਹਨ।
ਉਨ੍ਹਾਂ ਦੱਸਿਆ ਕਿ ਇਸ ਵਾਰ ਇਸ ਕਾਂਗਰਸ ਨੂੰ ਹਰ ਸੰਭਵ ਹੱਦ ਤੱਕ ‘ਗ੍ਰੀਨ’ ਰੱਖਿਆ ਜਾ ਰਿਹਾ ਹੈ। ਪਹਿਲਾਂ ਇਸ ਦਾ ਬਜਟ 20 ਲੱਖ ਰੁਪਏ ਹੁੰਦਾ ਸੀ ਪਰ ਹੁਣ ਇਹ ਘਟਾ ਕੇ 10 ਲੱਖ ਰੁਪਏ ਕਰ ਦਿੱਤਾ ਗਿਆ ਹੈ। ਪਲਾਸਟਿਕ ਤੇ ਪ੍ਰਿੰਟ ਦੀ ਵਰਤੋਂ ਵਿੱਚ ਵੀ ਕਟੌਤੀ ਕੀਤੀ ਗਈ ਹੈ। ਰਜਿਸਟ੍ਰੇਸ਼ਨ ਫ਼ੀਸ ਵੀ 1000 ਰੁਪਏ ਤੋਂ ਘਟਾ ਕੇ ਅੱਧੀ ਭਾਵ 500 ਰੁਪਏ ਕਰ ਦਿੱਤੀ ਗਈ ਹੈ; ਇਸੇ ਲਈ ਐਤਕੀਂ ਇਸ ਸਮਾਰੋਹ ਲਈ ਵਧੇਰੇ ਲੋਕਾਂ ਦੇ ਨਾਂਅ ਰਜਿਸਟਰਡ ਹੋਏ ਹਨ।
ਡਾ. ਫ਼ੇਰਿੰਗਾ ਪਹਿਲੇ ਦਿਨ ‘ਖੋਜ ਦੀ ਖ਼ੁਸ਼ੀ ਵਿਸ਼ੇ ਉੱਤੇ ਭਾਸ਼ਣ ਦੇਣਗੇ। ਉਹ ਇੰਡੀਅਨ ਅਕੈਡਮੀ ਆਫ਼ ਸਾਇੰਸਜ਼ ਦੀ ਰਮਨ ਚੇਅਰ ਦੇ ਪ੍ਰੋਫ਼ੈਸਰ ਵੀ ਹਨ। ਇਸ ਤਿੰਨ–ਦਿਨਾ ਸਮਾਰੋਹ ਦੌਰਾਨ ਚੰਡੀਗੜ੍ਹ, ਉੱਤਰ–ਪੱਛਮੀ ਭਾਰਤ ਤੇ ਦੱਖਣੀ ਭਾਰਤ ਦੇ 1,200 ਤੋਂ ਵੱਧ ਡੈਲੀਗੇਟ ਭਾਗ ਲੈ ਰਹੇ ਹਨ।
ਸ੍ਰੀ ਸੰਧੀਰ ਨੇ ਦੱਸਿਆ ਕਿ ਇਸ ਫ਼ੋਰਮ ਉੱਤੇ ਵਿਦਿਆਰਥੀ ਮਹਿਮਾਨ ਵਿਗਿਆਨੀਆਂ ਨਾਲ ਗੱਲਬਾਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਵਰਿ੍ਹਆਂ ਦੇ ਕਾਂਗਰਸ ਸਮਾਰੋਹਾਂ ਦਾ ਲਾਭ ਵੱਖੋ–ਵੱਖਰੇ ਖੋਜ–ਕਾਰਜਾਂ ਦੌਰਾਨ ਹੁੰਦਾ ਰਿਹਾ ਹੈ।