ਹੁਣ ਪੰਜਾਬ ਸਰਕਾਰ ਖੇਤ–ਮਜ਼ਦੂਰਾਂ ਲਈ ਵਿਸ਼ੇਸ਼ ਕਰਜ਼ਾ–ਮਾਫ਼ੀ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ। ਇਸ ਲਈ 2.85 ਲੱਖ ਲਾਭਪਾਤਰੀਆਂ ਦੀ ਸ਼ਨਾਖ਼ਤ ਕਰ ਲਈ ਗਈ ਹੈ। ਇਸ ਯੋਜਨਾ ਅਧੀਨ ਖੇਤ ਮਜ਼ਦੂਰਾਂ ਨੂੰ ਕੁੱਲ 520 ਕਰੋੜ ਰੁਪਏ ਦੇ ਕਰਜ਼ੇ ਮਾਫ਼ ਕੀਤੇ ਜਾਣਗੇ।
ਇਸੇ ਦੌਰਾਨ ਕੁਝ ਕਿਸਾਨ ਜੱਥੇਬੰਦੀਆਂ ਦਾ ਦਾਅਵਾ ਹੈ ਕਿ ਪੰਜਾਬ ਵਿੱਚ ਕੁੱਲ 15 ਲੱਖ ਖੇਤ ਮਜ਼ਦੂਰ ਹਨ ਪਰ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਬੈਂਕਾਂ ਤੋਂ ਕਰਜ਼ੇ ਨਹੀਂ ਲਏ ਹੋਏ।
ਕਿਸਾਨਾਂ ਦੀ ਕਰਜ਼ਾ ਮਾਫ਼ੀ ਯੋਜਨਾ ਹੁਣ ਖ਼ਤਮ ਹੋਣ ਲੱਗੀ ਹੈ ਤੇ ਉਸ ਤੋਂ ਬਾਅਦ ਇਹ ਖੇਤ–ਮਜ਼ਦੂਰਾਂ ਦੀ ਕਰਜ਼ਾ–ਮਾਫ਼ੀ ਯੋਜਨਾ ਸ਼ੁਰੂ ਹੋਣ ਲੱਗੀ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਸੂਬੇ ਦੇ ਸਾਰੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦਿੱਤੇ ਜਾਣਗੇ ਪਰ ਹੁਣ ਮੁੱਖ ਮੰਤਰੀ ਦੀ ਇੱਕ ਸਲਾਹਕਾਰ ਕਮੇਟੀ ਨੇ ਸਲਾਹ ਦਿੱਤੀ ਹੈ ਕਿ ਕਿਸਾਨ ਕਰਜ਼ਾ–ਮਾਫ਼ੀ ਯੋਜਨਾ ਹੁਣ ਹੋਰ ਅੱਗੇ ਨਾ ਵਧਾਈ ਜਾਵੇ।