ਐਤਵਾਰ ਨੂੰ ਇੱਥੇ ਇੱਕ ਐੱਨਆਰਆਈ (ਪਰਵਾਸੀ ਭਾਰਤੀ) ਨਾਲ ਉਸ ਦੇ ਦੂਜੇ ਵਿਆਹ ਦੌਰਾਨ ਕੁੱਟਮਾਰ ਹੋ ਗਈ। ਪਤਾ ਲੱਗਾ ਹੈ ਕਿ ਅਮਰੀਕਾ ਤੋਂ ਆਏ ਹਰਵਿੰਦਰ ਸਿੰਘ (45) ਵਾਸੀ ਜਹਾਨ ਖੇਲਾਂ ਜਦੋਂ ਆਪਣਾ ਦੂਜਾ ਵਿਆਹ ਕਰਵਾਉਣ ਜਾ ਰਹੇ ਸਨ, ਤਦ ਉਨ੍ਹਾਂ ਦੀ ਪਹਿਲੀ ਪਤਨੀ ਦੇ ਪਰਿਵਾਰਕ ਮੈਂਬਰਾਂ ਨੇ ਕਥਿਤ ਤੌਰ `ਤੇ ਉਨ੍ਹਾਂ ਦੀ ਚੰਗੀ ਖੁੰਬ ਠੱਪੀ। ਇਹ ਘਟਨਾ ਊਨਾ ਸੜਕ `ਤੇ ਬਜਵਾੜਾ ਵਿਖੇ ਵਾਪਰੀ। ਉਸ ਵੇਲੇ ਹਰਵਿੰਦਰ ਸਿੰਘ ਇੱਕ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਰਹੇ ਸਨ। ਉਨ੍ਹਾਂ ਨੇ ਹੋਟਲ ਜਾਣਾ ਸੀ, ਜਿੱਥੇ ਉਨ੍ਹਾਂ ਦਾ ਦੂਜਾ ਵਿਆਹ ਹੋਣ ਵਾਲਾ ਸੀ।
ਮਿਲੀ ਜਾਣਕਾਰੀ ਅਨੁਸਾਰ ਇੱਕ ਕਾਰ ਵਿੱਚ ਵਿਅਕਤੀਆਂ ਨੇ ਅਚਾਨਕ ਆ ਕੇ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਛੱਡ ਕੇ ਹਮਲਾਵਰ ਫ਼ਰਾਰ ਹੋ ਗਏ।
ਹਰਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਨੇ ਪੁਲਿਸ ਨੂੰ ਦੱਸਿਆ ਕਿ ਹਮਲਾਵਰ ਉਸ ਦੀ ਪਹਿਲੀ ਪਤਨੀ ਦੇ ਰਿਸ਼ਤੇਦਾਰ ਸਨ, ਜਿਸ ਨੇ 2006 `ਚ ਖ਼ੁਦਕੁਸ਼ੀ ਕੀਤੀ ਸੀ। ਦਰਅਸਲ, ਉਸ ਪਰਿਵਾਰ ਨੂੰ ਇਹ ਸ਼ੱਕ ਹੈ ਹਰਵਿੰਦਰ ਸਿੰਘ ਨੇ ਹੀ ਕਥਿਤ ਤੌਰ `ਤੇ ਉਸ ਦੀ ਜਾਨ ਲਈ ਸੀ। ਉਨ੍ਹਾਂ ਦੱਸਿਆ ਕਿ ਉਹ ਆਪਣੇ ਦੂਜੇ ਵਿਆਹ ਲਈ ਕੈਲੀਫ਼ੋਰਨਆ (ਅਮਰੀਕਾ) ਤੋਂ ਭਾਰਤ ਆਏ ਸਨ।
ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।