ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਰਵਾਸੀ ਮਿੰਨੀ ਕਹਾਣੀ ਲੇਖਕ – ਤ੍ਰਿਪਤ ਭੱਟੀ

ਪਰਵਾਸੀ ਮਿੰਨੀ ਕਹਾਣੀ ਲੇਖਕ – ਤ੍ਰਿਪਤ ਭੱਟੀ

ਮਿੰਨੀ ਕਹਾਣੀ ਦੇ ਵੱਡੇ ਸਿਰਜਕ–16

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

 

ਤ੍ਰਿਪਤ ਭੱਟੀ ਪੰਜਾਬੀ ਮਿੰਨੀ ਕਹਾਣੀ ਦੇ ਜਿੱਥੇ ਇੱਕ ਸਮੱਰਥ ਹਸਤਾਖਰ ਹਨ, ਉੱਥੇ ਇਹ ਇਕ ਬਹੁ-ਵਿਧਾਵੀ ਲੇਖਕ ਵੀ ਹਨ। ਅਨੁਵਾਦ ਖੇਤਰ ਵੀ ਇੰਨਾਂ ਦਾ ਚੋਖਾ ਕਾਰਜ ਹੈ। ਇੰਨਾਂ ਦੀਆਂ ਰਚਨਾਵਾਂ ਵਿੱਚ ਵਿਸ਼ਿਆਂ ਦੀ ਵੰਨ-ਸੁਵੰਨਤਾ ਧਿਆਨ ਖਿੱਚਦੀ ਹੈ। ਵਿਦੇਸ਼ਾ ਦੀ ਰਹਿਣੀ ਸਹਿਣੀ, ਬੁਜ਼ਰਗਾਂ ਦੀ ਦਸ਼ਾ, ਆਰਥਿਕਤਾ ਵਿਚ ਨਿਘਾਰ, ਔਰਤ-ਮਰਦ ਸੰਬੰਧਾਂ, ਤਲਾਕ, ਸਮਲਿੰਗੀ ਸੰਬੰਧਾਂ ਦੀ ਗੈਰ-ਕੁਦਰਤੀ ਪ੍ਰਵਿਰਤੀ, ਨੈਤਿਕ ਕਦਰਾਂ-ਕੀਮਤਾਂ ਦਾ ਘਾਣ, ਸ਼ੋਸ਼ਣ ਆਦਿ ਵਿਸ਼ੇ ਪ੍ਰਮੁੱਖ ਰੂਪ ਵਿੱਚ ਇੰਨਾਂ ਦੀਆਂ ਰਚਨਾਵਾਂ ਵਿੱਚ ਦੇਖਣ ਨੂੰ ਮਿਲਦੇ ਹਨ। ਭੱਟੀ ਦਾ ਨਾਂ ਉਨਾਂ ਪੰਜਾਬੀ ਹਿਤੈਸ਼ੀਆਂ ਦੀ ਸੂਚੀ ਵਿੱਚ ਵੀ ਆਉਂਦਾ ਹੈ ਜੋ ਪਰਵਾਸ ਦੌਰਾਨ ਵੀ ਪੰਜਾਬੀ ਮਾਂ ਬੋਲੀ ਦੇ ਵਿਕਾਸ ਤੇ ਉੱਨਤੀ ਲਈ ਯਤਨਸ਼ੀਲ ਹਨ। 


ਉਨਾਂ ਦੀਆਂ ਮਿੰਨੀ ਕਹਾਣੀ ਦੀਆਂ ਅੱਠ ਮਿੰਨੀ ਕਹਾਣੀ ਸੰਗ੍ਰਹਿ ‘ਦੇਸ਼ ਦਾ ਕੀ ਬਣੂ’, ‘ਤਨ ਮਨ ਭਏ ਉਦਾਸ’, ‘ਤ੍ਰੇੜਾਂ ਹੀ ਤ੍ਰੇੜਾਂ’, ‘ਕੁਝ ਆਰ ਦੀਆਂ ਕੁਝ ਪਾਰ ਦੀਆਂ’, ‘ਛੱਟਾ ਚਾਨਣ ਦਾ’, ‘ਕੱਜਣ ਕੱਜ ਨਾ ਸਕਦੇ’, ‘ਖ਼ੁਨਾਮੀਆਂ ਹੀ ਖ਼ਨਾਮੀਆਂ’ ਤੇ ‘ਛੱਕਾ ਇਜ਼ਹਾਰਾਂ ਦਾ’ ਪ੍ਰਕਾਸ਼ਿਤ ਹੋ ਚੁੱਕੇ ਹਨ। ਜਿੱਥੇ ਹੀ ਪੰਜਾਬੀ ਮਿੰਨੀ ਕਹਾਣੀ ਦੇ ਖੇਤਰ ਵਿਚ ਮੌਲਿਕ ਸਿਰਜਣਾ ਦੇ ਨਾਲ ਯੋਗਦਾਨ ਪਾ ਰਹੇ ਹਨ ਉੱਥੇ ਹੀ ਇਸ ਵਿਧਾ ਦੇ ਵਿਕਾਸ ਲਈ ਵਰਤਮਾਨ ਸਮੇਂ ਵਿਚ ‘ਛਿਣ’ ਮੈਗਜ਼ੀਨ ਦੀ ਸੰਪਾਦਨਾ ਵੀ ਡਾ. ਹਰਪ੍ਰੀਤ ਸਿੰਘ ਰਾਣਾ ਅਤੇ ਦਵਿੰਦਰ ਪਟਿਆਲਵੀ ਨਾਲ ਮਿਲ ਕੇ ਕਰ ਰਹੇ ਹਨ। ਇਸ ਤੋਂ ਪਹਿਲਾਂ ਤ੍ਰੈਮਾਸਿਕ ‘ਮਿੰਨੀ ਕਹਾਣੀ’ ਮੈਗਜ਼ੀਨ ਵੀ ਇਨਾਂ ਦੇ ਨਾਲ ਨਾਲ ਸਤਵੰਤ ਕੈਂਥ ਅਤੇ ਹਰਪ੍ਰੀਤ ਸਿੰਘ ਰਾਣਾ ਦੇ ਸੰਪਾਦਨ ਵਿਚ ਛਪਦਾ ਰਿਹਾ ਹੈ।


ਮਿੰਨੀ ਕਹਾਣੀ ਵਿਚ ਕਹੇ ਨਾਲੋਂ ਅਣਕਿਹਾ ਜਿਆਦਾ ਮਹੱਤਵ ਰੱਖਦਾ ਹੈ। ਇਹ ਇੱਕ ਲੇਖਕ ਦੀ ਕੌਸ਼ਲਤਾ ਹੁੰਦੀ ਹੈ ਕਿ ਉਹ ਇੱਕ ਪਲ, ਛਿਣ ਵਿਚ ਵਾਪਰੇ ਬਿਰਤਾਂਤ ਜਾਂ ਇਕਹਿਰੀ ਘਟਨਾ ਦੇ ਕੈਨਵਸ ਨੂੰ ਆਪਣੀ ਕਲਾਤਮਕਤਾ ਦੇ ਜ਼ਰੀਏ ਕਿਹੋ ਜਿਹਾ ਮੋੜਾ ਦਿੰਦਾ ਹੈ ਕਿ ਉਹ ਵਿਚਾਰ ਜਾਂ ਵਾਕ ਪਾਠਕ ਦੇ ਦਿਮਾਗ ਤੇ ਇਕਦਮ ਪ੍ਰਭਾਵ ਪਾ ਕੇ ਉਸ ਨੂੰ ਸੋਚਣ ਲਈ ਮਜ਼ਬੂਰ ਕਰੇ ਜਾਂ ਉਸ ਦੇ ਮੂੰਹੋਂ ਆਪ ਮੁਹਾਰੇ ਹੀ ‘ਵਾਹ’ ਦਾ ਉਚਾਰਣ ਹੋਵੇ। ਇਸ ਸੰਦਰਭ ਵਿਚ ਜਦੋਂ ਅਸੀਂ ਤਿ੍ਰਪਤ ਭੱਟੀ ਦੀਆਂ ਮਿੰਨੀ ਕਹਾਣੀਆਂ ਨੂੰ ਵਾਚਦੇ ਹਾਂ ਤਾਂ ਉਨਾਂ ਵਿਚ ਬਹੁਤ ਕੁਝ ‘ਅਣਕਿਹਾ’ ਪਿਆ ਹੈ ਜੋ ਕਿ ਪਾਠਕ ਦੀ ਸੋਚ ਨੂੰ ਹਲੂਣਾ ਦੇ ਕੇ ਉਸ ਦੀ ਚੇਤਨਤਾ ਨੂੰ ਪ੍ਰਬਲ/ ਤਿੱਖਾ ਕਰਦਾ ਹੈ। ਮਿੰਨੀ ਕਹਾਣੀਆਂ ਨੂੰ ਪੜਨ ਤੋਂ ਪਤਾ ਚਲਦਾ ਹੈ ਕਿ ਲੇਖਕ ਸਮਾਜ ਵਿੱਚ ਫੈਲੀ ਅਫਰਾ-ਤਫਰੀ, ਬੇਰੁਜ਼ਗਾਰੀ, ਨਸ਼ਿਆਂ, ਧਾਰਮਿਕ ਪਾਖੰਡਵਾਦ, ਵਿਦੇਸ਼ਾਂ ਵਿਚ ਪੰਜਾਬੀਆਂ ਦੀ ਦਸ਼ਾ ਤੇ ਦਿਸ਼ਾ, ਵਰਜਿਤ ਰਿਸ਼ਤੇ, ਬਜ਼ੁਰਗਾਂ ਅਤੇ ਔਰਤਾਂ ਦੀ ਦੁਰਦਸ਼ਾ, ਕਿਰਸਾਨੀ ਦੇ ਦੁਖਾਂਤ ਤੋਂ ਡਾਢਾ ਦੁਖੀ ਹੈ। ਉਹ ਇੰਨਾਂ ਵਿਸ਼ਿਆਂ ਨੂੰ ਆਪਣੀ ਕਲਮ ਦਾ ਅਧਾਰ ਬਣਾ ਕੇ ਪਾਠਕ ਨੂੰ ਚੇਤੰਨ ਕਰਦਾ ਹੈ ਅਤੇ ਸਮੱਸਿਆਂ ਨੂੰ ਪੇਸ਼ ਕਰਦਾ ਹੈ। ਤਿ੍ਰਪਤ ਭੱਟੀ ਦੀਆਂ ਰਚਨਾਵਾਂ ਵਿੱਚ ਵਰਜਿਤ ਰਿਸ਼ਤਿਆਂ ਬਾਰੇ ਵੀ ਅਕਸਰ ਗੱਲ ਹੁੰਦੀ ਹੈ। ਲੇਖਕ ਇੰਨਾਂ ਵਿਸ਼ਿਆਂ ਤੇ ਵੀ ਬੇਬਾਕੀ ਨਾਲ ਲਿਖਦਾ ਹੈ।


ਆਓ ਪੜ੍ਹਦੇ ਹਾਂ ਇਨਾਂ ਦੀਆਂ ਮਿੰਨੀ ਕਹਾਣੀਆਂ ਨੂੰ:


ਪਟਾਅ

 

ਉਹ ਬਾਰਵੀਂ ਜਮਾਤ ਵਿਚ ਪੜਦਾ ਸੀ। ਸਜਦਾ ਸੀ। ਬੋਲ ਬਾਣੀ ਨੂੰ ਵੀ ਚੰਗਾ ਸੀ।

    ਪਰ ਉਹ ਆਪਣੇ ਮਾਪਿਆਂ ਦੀ ਇੱਛਾ ਅਨੁਸਾਰ ਪੂਰਾ ਨਹੀਂ ਸੀ ਉੱਤਰਦਾ। ਮਾਪਿਆਂ ਦੀ ਆਦਿਜੁਗਾਦੀ ਇੱਛਾ ਹੁੰਦੀ ਹੈ ਕਿ ਉਨਾਂ ਦਾ ਬੱਚਾ ਪਰਬਤ ਦੀਆਂ ਟੀਸੀਆਂ ਸਰ ਕਰੇ, ਆਕਾਸ਼ ਦੀਆਂ ਉਚਾਈਆਂ ਮਾਪੇ ਅਤੇ ਸਮੁੰਦਰ ਦੀਆਂ ਗਹਿਰਾਈਆਂ ਦੀ ਟੋਹ ਲਵੇ।

    ਪਰ ਉਹ ਬੜਾ ਲਾਪਰਵਾਹ ਸੀ। ਸਕੂਲ ਲਈ ਉਸ ਨੂੰ ਉਠਾਲਣਾ ਪੈਂਦਾ ਸੀ।

ਉਸਨੂੰ ਅਲਾਰਮ ਲੈ ਕੇ ਦਿੱਤਾ ਸੀ। ਉਹ ਅਲਾਰਮ ਲਾਉਂਦਾ ਵੀ ਸੀ। ਅਲਾਰਮ ਵੱਜਦਾ ਵੀ ਸੀ। ਪਰ ਉਹ ਆਪਣਾ ਹਥੌੜੇ ਵਰਗਾ ਹੱਥ ਮਾਰ ਕੇ ਅਲਾਰਮ ਚੁੱਪ ਕਰਾ ਦਿੰਦਾ ਸੀ।


ਜਦੋਂ ਬਾਪੂ ਹਲੂਣ ਕੇ ਪੁੱਛਦਾ,‘‘ਅੱਜ ਸਕੂਲ ਨਹੀਂ ਜਾਣਾ, ਉੱਠਿਆ ਨਹੀਂ?’’
‘‘ਅਲਾਰਮ ਹੀ ਨਹੀਂ ਵੱਜਾ।’’

ਰਿੜ_ਖੁੜ ਕੇ ਉਸਨੇ ਬਾਹਰਵੀਂ ਪਾਸ ਕਰ ਲਈ। ਘਰਦਿਆਂ ਨੇ ਉਸਨੂੰ ਇੱਕ ਕੰਮ ਤੇ ਲਵਾ ਦਿੱਤਾ। ਡਾਲਰਾਂ ਨਾਲ ਜੇਬ ਗਰਮ ਰਹਿੰਦੀ। ਉਹ ਡਾਲਰਾਂ ਨੂੰ ਜਰਬਾਂ ਦੇਣ ਲੱਗਾ।

ਹੁਣ ਉਸਨੂੰ ਕੋਈ ਨਹੀਂ ਜਗਾਉਂਦਾ। ਅਲਾਰਮ ਕੁਝ ਦਿਨ ਉਸ ਨੂੰ ਜਗਾ ਦਿੰਦਾ ਰਿਹਾ। ਹੁਣ ਉਸਨੂੰ ਅਲਾਰਮ ਦੀ ਵੀ ਲੋੜ ਨਹੀਂ ਸੀ ਪੈਂਦੀ। ਉਸਦੀ ਸੁਤਾ ਉਸਨੂੰ ਅਲਾਰਮ ਵੱਜਣ ਤੋਂ ਵੀ ਪਹਿਲਾਂ ਉਠਾਲ ਦਿੰਦੀ ਸੀ। ਹੁਣ ਲੇਟ ਹੋਣ ਦਾ ਤਾਂ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ।

ਉਹ ਡਾਲਰਾਂ ਦੀ ਕਮਾਈ ਦੇ ਪਟੇ ਤੇ ਚੜ ਗਿਆ ਸੀ। ਉਸਨੂੰ ਅੱਚਵੀਂ ਲੱਗੀ ਰਹਿੰਦੀ।

ਉਹ ਹੁਣ ਮਾਂ ਨੂੰ ਹਲੂਣ ਕੇ ਜਗਾਉਂਦਿਆ ਆਖਦਾ, ‘‘ਮੰਮੀ ਉੱਠ ਪਿਆ ਕਰੋ, ਰੋਜ਼ ਤਹਾਨੂੰ ਉਠਾਲਣਾ ਪੈਂਦਾ ਹੈ। ਉੱਠੋ, ਚਾਹ ਬਣਾ ਦਿਓ। ਮੈਨੂੰ ਲੇਟ ਨਾ ਕਰ ਦਿਓ।’’

 

===========


ਮੇਰਾ ਪਰਿਵਾਰ

 

ਮੈਂ ਉਸ ਵਰੇਸ ਵਿੱਚ ਹਾਂ, ਜਦੋਂ ਜੀਵਨ ਵਿੱਚ ਸਭ ਤੋਂ ਵੱਧ ਉੱਥਲ-ਪੁੱਥਲ ਹੰੁਦੀ ਹੈ। ਕਿਸ਼ੋਰ ਅਵਸਥਾ। ਮੈਨੂੰ ਮੇਰੇ ਮਾਪਿਆਂ ਨੇ ਆਖ ਦਿੱਤਾ ਹੈ। ਛੁੱਟੀਆਂ ਵਿੱਚ ਜਾੱਬ ਕਰਕੇ ਸਾਲ ਭਰ ਦੀ ਪਾਕਟ ਮਨੀ ਬਣਾ।

ਮੈਂ ਜਿੱਥੇ ਕੰਮ ਕਰਨ ਲੱਗਾ ਹਾਂ। ਓਥੇ ਮੇਰੇ ਵਰਗੇ ਹੋਰ ਕਈ ਕਿਸ਼ੋਰ ਅਵਸਥਾ ਦੇ ਮੁੰਡੇ-ਕੁੜੀਆਂ ਸਨ। ਅਸੀਂ ਰੱਜ ਕੇ ਕੰਮ ਕਰਦੇ। ਘਰੋਂ ਮਿਲੀ ਉਦਾਸੀਨਤਾ ਨੂੰ ਇੱਕ ਦੂਜੇ ਨਾਲ ਸਾਂਝਾ ਕਰਦਾ ਹਾਂ।

ਅੱਜ ਸਵੇਰੇ ਮੈਂ ਕੰਮ ਤੇ ਜਦੋਂ ਜਾ ਰਿਹਾ ਸਾਂ, ਤਾਂ ਅੱਗੋਂ ਆਉਂਦੀ ਕਾਰ ਦੀਆਂ ਲਾਈਟਾਂ ਨਾਲ ਮੈਂ ਚੰੁਧਿਆ ਗਿਆ। ਫੇਰ ਮੈਨੂੰ ਆਪਣੇ ਆਪ ਦਾ ਓਦੋਂ ਪਤਾ ਲੱਗਾ, ਜਦੋਂ ਮੈਂ ਪੱਟੀਆਂ ਵਿੱਚ ਲਿਪਟਿਆ ਹਸਪਤਾਲ ਪਿਆ ਸੀ।

ਪੁਲਿਸ ਨੇ ਮੇਰੇ ਫੋਨ ਤੋਂ ਘਰ ਫੋਨ ਕਰ ਦਿੱਤਾ, ਮੇਰੀ ਸੱਟ-ਫੇਟ ਬਾਰੇ ਦੱਸ ਦਿੱਤਾ। ਘਰ ਦੇ ਮੇਰੇ ਵਾਲੇ ਹਸਪਤਾਲ ਆਉਣ ਦੀ ਥਾਂ ਕਾਰ ਐਕਸੀਡੈਂਟ ਵਾਲੀ ਥਾਂ ਨੂੰ ਇਹ ਜਾਚਣ ਲਈ ਚੱਲੇ ਗਏ - ਕਾਰ ਜੇ ‘ਟੋਟਲ’ ਹੋ ਜਾਏ ਤਾਂ ਚੰਗਾ ਹੈ।

ਮੈਂ ਆਪਣੇ ਕੰਮ ਦਾ ਨੰਬਰ ਨਰਸ ਨੂੰ ਦੇ ਕੇ ਕੰਮ ਤੇ ਸਿਰਫ਼ ਇਹ ਸੁਨੇਹਾ ਪਹੰੁਚਾਇਆ ਕਿ ਮੈਂ ਹਸਪਤਾਲ ਵਿੱਚ ਪਿਆ ਹਾਂ, ਨਹੀਂ ਆ ਸਕਦਾ।

ਸਾਥੀ ਮੁੰਡੇ ਤੇ ਕੁੜੀਆਂ ਕੰਮ ਦੀ ਪਰਵਾਹ ਨਾ ਕਰਦੇ ਹੋਏ ਵੀ ਹਸਪਤਾਲ ਆਏ। ਸ਼ੀਸ਼ੇ ਰਾਹੀਂ ਮੈਨੂੰ ਹੱਲਾਸ਼ੇਰੀ ਦਿੰਦੇ ਰਹੇ। ਫੌੜੀਆਂ ਤੇ ਠੁਮਕ_ਠੁਮਕ ਚੱਲਦਾ ਮੈਂ ਇਹ ਸੋਚਣ ਲਈ ਮਜ਼ਬੂਰ ਹਾਂ -ਕਿਹੜਾ ਹੈ ਮੇਰਾ ਪਰਿਵਾਰ?

 

==========

 

ਅੱਛਾ ਬੀ.ਜੀ.

 

ਹੁਣ  ਉਹ ਅਮਰੀਕਾ ਦੀ ਨਾਗਰਿਕ ਹੈ। ਕਰੜ ਝੋਟ ਪੰਜਾਬਣ। ਪੰਜਾਹਾਂ ਕੁ ਸਾਲਾਂ ਦੀ। ਬੱਚੇ ਉਡਾਰ ਹੋ ਗਏ ਸਨ। ਵਿਆਹੇ ਵਰੇ ਗਏ ਸਨ। ਕੋਈ ਕਿਤੇ ਕੋਈ ਕਿਤੇ। ਆਪਣੀਆਂ ਆਪਣੀਆਂ ‘ਜੌਬਾਂ’ ਤੇ। ਉਹ ਘਰ ਵਿਚ ਕਲਮ-ਕਲੀ। ਬੱਚਿਆਂ ਦੇ ਕਹਿਣ ਤੇ ਉਸਨੇ ਕਿਰਾਏਦਾਰ ਲਈ ਐਡ ਦੇ ਦਿੱਤੀ। ਕਰਾਏਦਾਰ ਪੰਜਾਬੀ ਜਾਂ ਭਾਰਤੀ ਹੋਵੇ।

ਇੱਕ ਤੀਹ ਕੁ ਸਾਲ ਦਾ ਜਵਾਨ ਆਇਆ।ਪੰਜਾਬੀ ਸੀ।ਉਹ ਪੇਇੰਗ ਗੈਸਟ ਦੇ ਤੌਰ ਤੇ ਰਹਿ ਪਿਆ। ਖਾਣ-ਪੀਣ, ਰਹਿਣ-ਸਹਿਣ ਤੇ ਪਾਣੀ ਬਿਜਲੀ ਸਭ ਕਾਸੇ ਦਾ ਪੰਜ ਸੌ ਡਾਲਰ।ਆਮਦਨ ਦੀ ਆਮਦਨ, ਰੌਣਕ ਦੀ ਰੌਣਕ।

ਕਰਾਏਦਾਰ ਇੱਕ ਸੰਤ-ਬਾਬੇ ਨਾਲ (ਲੱਖਾਂ ਦੇ ਕੇ) ਚੇਲਾ ਬਣ ਕੇ ਆਇਆ ਸੀ। ਕਈ ਸਾਲ ਹੋ ਗਏ ਸਨ ਅਜੇ ਤੱਕ ਉਸਨੂੰ ਗਰੀਨ ਕਾਰਡ ਨਹੀਂ ਸੀ ਮਿਲਿਆ। ਉਸ ਦਾ ਕੋਈ ਭਵਿੱਖ ਨਹੀਂ ਸੀ।

ਇੱਕ ਦਿਨ ਮੁੰਡੇ ਨੇ ਬੇਨਤੀ ਕੀਤੀਬੀ.ਜੀ, ਜੇ ਤੁਸੀਂ ਮੇਰੇ ਨਾਲ ਕੋਰਟ-ਮੈਰਿਜ ਕਰ ਲਵੋ ਤਾਂ ਮੈਂ ਪੱਕਾ ਹੋ ਜਾਵਾਂਗਾ। ਮੇਰੀ ਘਰਵਾਲੀ ਵੀ ਆ ਜਾਏਗੀ। ਜਿਨੇ ਪੈਸੇ ਤੁਸੀਂ ਕਹੋ ਮੈਂ ਦੇਣ ਲਈ ਤਿਆਰ ਹਾਂ।

ਬੀ.ਜੀ. ਨੇ ਕਿਹਾ, “ਤੈਨੂੰ ਗ੍ਰੀਨ ਕਾਰਡ ਮਿਲਣ ਪਿੱਛੋਂ ਵੀ ਤੇਰੇ ਘਰਵਾਲੀ ਨੂੰ ਆਉਣ ਲਈ ਛੇ-ਸੱਤ ਸਾਲ ਲੱਗ ਜਾਣਗੇ।”
“ਮੈਨੂੰ ਪਤਾ ਹੈ ਬੀ.ਜੀ”

“ਅੱਛਾ ਫੇਰ, ਇੱਕ ਸ਼ਰਤ ਤੇ ਮੈਂ ਤੇਰੇ ਨਾਲ ਕੋਰਟ ਮੈਰਿਜ ਕਰਨ ਨੂੰ ਤਿਆਰ ਹਾਂ।”

“ਦੱਸੋ ਜੀ”

“ਜਿੰਨੇ ਸਾਲ ਤੇਰੀ ਘਰਵਾਲੀ ਨਹੀਂ ਆਉਂਦੀ, ਓਨਾ ਚਿਰ ਤੂੰ ਮੈਨੂੰ ਆਪਣੀ ਘਰਵਾਲੀ ਸਮਝੇਂਗਾ?”

“ਤੇ ਜਦੋਂ ਉਹ ਆ ਗਈ?”

“ਓਦੋਂ ਮੈਂ ਉਹਦੀ ਸੱਸ ਬਣ ਜਾਵਾਂਗੀ।”

“ਅੱਛਾ ਬੀ.ਜੀ।”

 

=============


ਪਹਿਲੀ ਵਾਰ

ਅੱਜ ਉਸਨੂੰ ਪਹਿਲੀ ਵਾਰ, ਦੇਸ਼ ਆਜ਼ਾਦ ਹੋਣ ਪਿਛੋਂ ਦੁੱਖ ਹੋਇਆ ਸੀ। ਕਾਹਦੀ ਆਜ਼ਾਦੀ। ਇਹ ਤਾਂ ਗੁਲਾਮੀ ਹੋ ਗਈ। 
ਉਹ ਪਾਕਿਸਤਾਨੋਂ ਸਰਦਾਰਾਂ ਦੇ ਨਾਲ ਹੀ ਆਇਆ ਸੀ। ਬੜਾ ਨਿਮਰ ਸੀ। ਬੜਾ ਕਾਮਾ ਸੀ।

 ਅੱਜ ਉਸਨੂੰ ਪਾਕਿਸਤਾਨ ਵਾਲਾ ਘਰ ਮੁੜ ਮੁੜ ਯਾਦ ਆ ਰਿਹਾ ਸੀ। ਉਹ ਆਪਣੀ ਬਾਟੀ ਲੈ ਕੇ ਚੌਂਕੇ ਤੋਂ ਦੂਰ ਹੀ ਬੈਠਾ ਹੈ। 

ਘਰਦਿਆਂ ਵਿਚੋਂ ਕਦੀਂ ਕੋਈ ਦਾਲ ਪਾ ਜਾਂਦਾ ਹੈ, ਕਦੀ ਕੋਈ ਚਾਰ ਪੰਜ ਰੋਟੀਆਂ ਦੇ ਜਾਂਦਾ ਹੈ.... ਕਦੀਂ ਕੋਈ ਆਚਾਰ.... ਕਦੀਂ ਕੋਈ ਪਾਣੀ....। ਉਹਦਾ ਜੋ ਜੀਅ ਕਰਦਾ, ਉਹ ਮੰਗਦਾ.... ਬੈਠਿਆਂ ਬਿਠਾਇਆਂ ਪ੍ਰਾਪਤ ਕਰਦਾ....।

     ਅੱਜ ਉਹ ਖੇਤਾਂ ਵਿਚੋਂ ਕੰਮ ਕਰਕੇ ਆਇਆ। ਬਹੁਤ ਥਕਿਆ ਹੋਇਆ ਸੀ। ਬੜੀ ਭੁੱਖ ਲੱਗੀ ਹੋਈ ਸੀ। ਉਹ ਚੌਂਕੇ ਤੋਂ ਥੋੜੀ ਦੂਰ ਬਾਟੀ ਤੇ ਗਲਾਸ ਲੈ ਕੇ ਬੈਠ ਗਿਆ। ਜੀ ਕਰਦਾ ਸੀ ਹੁਣੇ ਰੱਜ ਕੇ ਲੰਗਰ ਛਕਾਂ ਤੇ ਸੌਂ ਜਾਵਾਂ।

 ਸਰਦਾਰੀ ਦੀ ਭਰਵੀਂ ਆਵਾਜ਼ ਆਈ.... ਓ ਗਰੀਬੂ.... ਉਠੀਂ ...ਦੌੜੀਂ....ਖੂਹ ਤੋਂ ਪਾਣੀ ਬਾਲਟੀ ਭਰ ਕੇ ਲਿਆਈਂ....ਆਪਣਾ ਨਲਕਾ ਤਾਂ ਅੱਜ ਖਰਾਬ ਹੋ ਗਿਐ....ਸੰਗ ਨਾ ਹੁਣ ਕਿਹੜਾ ਪਾਕਿਸਤਾਨ ਵਿਚ ਏਂ....

ਹੁਣ ਤਾਂ ਆਜ਼ਾਦ ਹਿੰਦੋਸਤਾਨ ਵਿਚ ਏਂ.... ਅੱਜ ਉਹਨੂੰ ਪਹਿਲੀ ਵਾਰ....

 

==========

 

ਖੁਸ਼ਬੋਈਆਂ

 

ਉਹ ਮੇਰੀ ਜਮਾਤਣ ਸੀ। ਉਂਜ ਤਾਂ ਮੈਂ ਵੀ ਹੁਸ਼ਿਆਰ ਸੀ, ਪਰ ਉਹ ਮੈਥੋਂ ਵੀ ਹੁਸ਼ਿਆਰ ਸੀ। ਫਿਜ਼ਿਕਸ ਵਿਚ ਉਸ ਨੂੰ ਗੋਲਡ ਮੈਡਲ ਮਿਲਿਆ ਤੇ ਮੈਨੂੰ ਬ੍ਰੋਨਜ। ਉਹ ਵੀਜ਼ਾ ਲੈ ਕੇ ਕੈਲੇਫੋਰਨੀਆ ਦੀ ਬਰਕਲੇ ਯੂਨੀਵਰਸਿਟੀ ਚਲੀ ਗਈ ਤੇ ਉੱਥੇ ਹੀ ਇਕ ਪ੍ਰੋਫੈਸਰ(ਜੋ ਪਾਕਿਸਤਾਨੀ ਸੀ) ਨਾਲ ਰਚ ਮਿਚ ਗਈ।

ਇਤਫ਼ਾਕ ਨਾਲ ਮੈਂ ਪੰਜਾਬੀ-ਯੂਨੀਵਰਸਿਟੀ, ਪਟਿਆਲਾ ਤੋਂ ਉਸ ਯੂਨੀਵਰਸਿਟੀ ਖੋਜ-ਪੱਤਰ ਪੜਨ ਗਿਆ। ਯੂਨੀਵਰਸਿਟੀ ਨੇ ਮੈਨੂੰ ਆਪਣੇ ਆਲੀਸ਼ਾਨ ਗੈਸਟ ਹਾਊਸ ਵਿਚ ਠਹਿਰਾਇਆ। ਮੈਂ ਦੋ ਦਿਨ ਪਿੱਛੋਂ ਖੋਜ-ਪੱਤਰ ਪੜਨਾ ਸੀ। ਇਕ ਦਿਨ ਹਵਾਈ ਜਹਾਜ ਦੇ ਲੰਬੇ ਸਫਰ ਦਾ ਥਕੇਵਾਂ ਲੱਥਿਆ ਤੇ ਅਗਲੇ ਦਿਨ ਉਸਨੂੰ ਫੋਨ ਕੀਤਾ। ਉਸ ਨੇ ਪਹਿਲਾਂ ਆਪਣੇ ਸਾਥੀ ਨੂੰ ਪੁੱਛਿਆ ਤੇ ਫੇਰ ਕਿਹਾ, “ਸਾਨੂੰ ਖੁਸ਼ੀ ਹੋਵੇਗੀ ਜੋ ਤੁਸੀਂ ਲੰਚ ’ਤੇ ਸਾਡੇ ਨਾਲ ਸ਼ਿਰਕਤ ਕਰੋ।”

ਮੈਂ ਨਿਸ਼ਚਿਤ ਸਮੇਂ ਉਨਾਂ ਦੇ ਘਰ ਪੁੱਜ ਗਿਆ। ਪਤੀ ਪਤਨੀ ਨੇ ਮੈਨੂੰ ਘੁੱਟ-ਘੁੱਟ ਜਫ਼ੀਆਂ ਪਾਈਆਂ। ਮੈਨੂੰ ਲੱਗਾ, ਦੋ ਦੋਸਤ ਹੀ ਨਹੀਂ, ਸਮੁੱਚੀ ਹਯਾਤੀ ਹੀ ਜੱਫ਼ੀਆਂ ਪਾ ਰਹੀ ਹੈ। ਨਿੱਘ ਜਿਹਾ, ਸਕੂਨ ਜਿਹਾ, ਸ਼ਫੂਨ ਦੇ ਕਪੜੇ ਵਰਗਾ। ਮਲਾਇਮ ਮੁਲਾਇਮ।
ਲੰਚ ਲੈਣ ਪਿੱਛੋਂ ਸੁਸ਼ਮਾ ਦੇ ਪਤੀ ਨੇ ਕਿਸੇ ਕੰਮ ਕਾਰਨ ਜਾਣ ਦੀ ਆਗਿਆ ਲਈ ਤੇ ਚਲਾ ਗਿਆ। ਰਹਿ ਗਏ ਅਸੀ; ਸੁਸ਼ਮਾ ਤੇ ਮੈਂ।

ਆਲਾ ਦੁਆਲਾ ਭੁੱਲ ਗਏ। ਆਪਣੇ ਕਾਲਜ ਤੇ ਯੂਨੀਵਰਸਿਟੀ ਦੇ ਗੇੜੇ ਕੱਢਣ ਲੱਗੇ। ਪੁਰਾਣੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਠਹਾਕੇ ਮਾਰ ਮਾਰ ਹੱਸੇ। ਕੋਈ ਦੋ ਤਿੰਨ ਘੰਟੇ ਅਸੀਂ ਪੁਰਾਣੀਆਂ ਯਾਦਾਂ ਦੀਆਂ ਫੁਲਝੜੀਆਂ ਨਾਲ ਰੋਸ਼ਨ ਹੁੰਦੇ ਰਹੇ। ਅਚਨਚੇਤ ਸਾਨੂੰ ਪ੍ਰੋਫੈਸਰ ‘ਸਿੱਧਰਾ’ ਯਾਦ ਆ ਗਿਆ। ਉਹ ਅਕਸਰ ਕਹਿੰਦਾ ਹੁੰਦਾ ਸੀ, ਦਿਲਾਂ ਦੇ ਵਿਚਾਲੇ ਦਾ ਸੰਸਾਰ ਆਬਸ਼ਾਰ ਹੈ, ਖੁਸ਼ਬੋ ਨਹੀਂ। ਖੁਸ਼ਬੋਈ ਤਾਂ ਤੁਹਾਡੇ ਰਿਸ਼ਤਿਆਂ ’ਚ ਕਿਤੇ ਹੋਰ ਵਸਦੀ ਹੈ।

ਸੁਸ਼ਮਾ ਦਾ ਪਤੀ ਪਰਤ ਆਇਆ। ਸਾਨੂੰ ਹੌਲੇ-ਫੁੱਲ ਤੇ ਖਿੜੇ-ਪੁੜੇ ਦੇਖ ਆਪ ਵੀ ਖਿੜ ਗਿਆ, “ਮੈਂ ਤਾਂ ਹੀ ਤਾਂ ਚਲਾ ਗਿਆ ਸੀ ਕਿ ਤੁਸੀਂ ਆਪਣੀਆਂ ਯਾਦਾਂ ਦੀਆਂ ਵਾਦੀਆਂ ਵਿਚ ਪਰਵਾਜ ਕਰ ਸਕੋ ਤੇ ਆਪਣੀਆਂ ਖੁਸ਼ਬੋਈਆਂ ਨੂੰ ਗਲਵਕੜੀਆਂ ਪਾ ਸਕੋ। ਤੁਸੀਂ ਦੋਵੇਂ ਫੁੱਲਾਂ ਵਾਂਗ ਲਗਦੇ ਹੋ। ਮਹਿਕਦੇ। ਕੱਲ ਨੂੰ ਜਦੋਂ ਚਾਅ ਨਾਲ ਖੋਜ-ਪੱਤਰ ਪੜੇਂਗਾ ਤਾਂ ਇਹ ਖੁਸਬੋਈਆਂ ਦੇ ਪਲ ਤੇਰੇ ਨਾਲ ਤੁਰਨਗੇ।”

 

=============

 

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

ਜਗਦੀਸ਼ ਰਾਏ ਕੁਲਰੀਆਂ
   

 #46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501

ਮੋਬਾਈਲ: 95018 77033

ਈਮੇਲ: jagdishkulrian@gmail.com

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NRI Mini Kahani Writer Tript Bhatti