ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੁਰਦਾਸਪੁਰ ਲਾਗਲੀ ਕੇਸ਼ੋਪੁਰ ਛੰਭ ’ਚ ਘਟੀ ਪ੍ਰਵਾਸੀ ਪੰਛੀਆਂ ਦੀ ਗਿਣਤੀ

ਗੁਰਦਾਸਪੁਰ ਲਾਗਲੀ ਕੇਸ਼ੋਪੁਰ ਛੰਭ ’ਚ ਘਟੀ ਪ੍ਰਵਾਸੀ ਪੰਛੀਆਂ ਦੀ ਗਿਣਤੀ

ਗੁਰਦਾਸਪੁਰ ਜ਼ਿਲ੍ਹੇ ਦੇ ਕੇਸ਼ੋਪੁਰ ’ਚ ਸਥਿਤ ਹੈ ਏਸ਼ੀਆ ਦੀ ਸਭ ਤੋਂ ਵੱਡੀ ਛੰਭ ਪਰ ਇੱਥੇ ਇਸ ਵਰ੍ਹੇ ਪੁੱਜੇ ਪ੍ਰਵਾਸੀ ਪੰਛੀਆਂ ਦੀ ਗਿਣਤੀ ਕੁਝ ਘਟ ਗਈ ਹੈ। ਹਰ ਸਾਲ ਵਾਂਗ ਇਸ ਵਾਰ ਵੀ ਹੋਰਨਾਂ ਦੇਸ਼ਾਂ ਤੋਂ ਆਏ ਪੰਛੀਆਂ ਦੀ ਗਿਣਤੀ ਸਨਿੱਚਰਵਾਰ ਤੇ ਐਤਵਾਰ ਨੂੰ ਕੀਤੀ ਗਈ।

 

 

ਇਸ ਵਾਰ ਇੱਥੇ 20,528 ਪ੍ਰਵਾਸੀ ਪੰਛੀ ਪੁੱਜੇ ਹਨ; ਜਦ ਕਿ ਪਿਛਲੇ ਵਰ੍ਹੇ ਇਹ ਗਿਣਤੀ 22,500 ਸੀ। ਇਸ ਥਾਂ ਉੱਤੇ ਪੰਛੀਆਂ ਦੀ ਕੁੱਲ 80 ਪ੍ਰਜਾਤੀਆਂ ਪਾਈਆਂ ਗਈਆਂ। ਇਹ ਝੀਲਨੁਮਾ ਛੰਭ 5 ਕਿਲੋਮੀਟਰ ਦੇ ਇਲਾਕੇ ’ਚ ਫੈਲੀ ਹੋਈ ਹੈ।

 

 

ਇੱਥੇ ਬਹੁਤ ਸਾਰੇ ਸਾਰਸ, ਹੰਸ ਮੁਰਗ਼ਾਬੀਆਂ ਤੇ ਹੋਰ ਬਹੁਤ ਸਾਰੇ ਵਿਦੇਸ਼ੀ ਪੰਛੀ ਪਾਏ ਜਾਂਦੇ ਹਨ। ਇਸ ਵਾਰ ਪੰਛੀਆਂ ਦੀ ਗਿਣਤੀ ਕੁਦਰਤ ਬਾਰੇ ‘ਵਰਲਡ ਵਾਈਡ ਫ਼ੰਡ’ ਦੀ ਭਾਰਤੀ ਇਕਾਈ ਦੇ ਗੀਤਾਂਜਲੀ ਕੰਵਰ ਦੀ ਅਗਵਾਈ ’ਚ ਹੋਈ। ਇਸ ਮੌਕੇ ਪੰਜਾਬ ਵਣ–ਜੀਵਨ ਬੋਰਡ ਦੇ ਮੈਂਬਰ ਰੀਮਾ ਢਿਲੋਂ, ਚੰਡੀਗੜ੍ਹ ਪੰਛੀ ਕਲੱਬ ਦੇ ਸਰਬਜੀਤ ਕੌਰ, ਅਮਨਦੀਪ ਸਿੰਘ ਤੇ ਬਲਰਾਜ ਸਿੰਘ, ਬਰਡਰ ਕਲੱਬ –ਨੰਗਲ ਦੇ ਪ੍ਰਭਾਤ ਭੱਟੀ ਅਤੇ ਗੁਰਦਾਸਪੁਰ ਵਣ–ਜੀਵਨ ਵਿਭਾਗ ਦੇ ਮੁਲਾਜ਼ਮ ਵੀ ਮੌਜੂਦ ਸਨ।

 

 

ਜ਼ਿਲ੍ਹਾ ਵਣ–ਜੀਵਨ ਅਫ਼ਸਰ ਰਾਜੇਸ਼ ਮਹਾਜਨ ਨੇ ਦੱਸਿਆ ਕਿ ਕੇਸ਼ੋਪੁਰ ਛੰਭ ’ਚ ਮੱਧ–ਪੂਰਬੀ ਦੇਸ਼ਾਂ, ਸਾਈਬੇਰੀਆ ਦੇ ਬਰਫ਼ਾਨੀ ਮੈਦਾਨਾਂ, ਅਫ਼ਗ਼ਾਨਿਸਤਾਨ, ਤਿੱਬਤ, ਚੀਨ ਤੇ ਰੂਸ ਜਿਹੇ ਦੇਸ਼ਾਂ ਤੋਂ ਇਹ ਪੰਛੀ ਹਰ ਸਾਲ ਆਉਂਦੇ ਹਨ। ਇਸ ਵਾਰ ਇੱਥੇ ਚੀਨ ਦੇ ਖ਼ੁਦਮੁਖ਼ਤਿਆਰ ਖੇਤਰ ਤਿੱਬਤ ਦੇ ਕੈਲਾਸ਼ ਪਰਬਤ ਲਾਗੇ ਗਲੇਸ਼ੀਅਰਾਂ ਦੇ ਤਾਜ਼ਾ ਪਾਣੀ ਤੋਂ ਬਣੀ ਮਾਨਸਰੋਵਰ ਝੀਲ ਤੋਂ ਵੀ ਕੁਝ ਪੰਛੀ ਇੱਥੇ ਵੇਖੇ ਗਏ ਹਨ। ਮਾਨਸਰੋਵਰ ਝੀਲ ਦੁਨੀਆ ਦੀ ਸਭ ਤੋਂ ਉੱਚੀ ਤਾਜ਼ੇ ਪਾਣੀ ਦੀ ਝੀਲ ਹੈ।

 

 

ਕੇਸ਼ੋਪੁਰ ਛੰਭ ਦਾ ਪੂਰਾ ਨਾਂਅ ਮਾਰਚ 2013 ’ਚ ‘ਕੇਸ਼ੋਪੁਰ ਛੰਭ ਕਮਿਊਨਿਟੀ ਰਿਜ਼ਰਵ’ ਰੱਖਿਆ ਗਿਆ ਸੀ। ਵਣ–ਜੀਵਨ ਵਿਭਾਗ ਨੇ ਇਸ ਨੂੰ ਪੰਛੀਆਂ ਦੀ ਰੱਖ ਵਜੋਂ ਵਿਕਸਤ ਕਰਨ ਦਾ ਫ਼ੈਸਲਾ ਕੀਤਾ ਸੀ।

 

 

ਪ੍ਰਵਾਸੀ ਪੰਛੀ ਹਰ ਸਾਲ ਠੰਢ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਕੇਸ਼ੋਪੁਰ ਛੰਭ ’ਤੇ ਆ ਜਾਂਦੇ ਹਨ ਤੇ ਮਾਰਚ ਮਹੀਨੇ ਦੇ ਅੱਧ ਤੱਕ ਇੱਥੋਂ ਆਪੋ–ਆਪਣੇ ਦੇਸ਼ਾਂ ਨੂੰ ਪਰਤ ਜਾਂਦੇ ਹਨ।

 

 

ਕੇਸ਼ੋਪੁਰ ਛੰਭ ਕੇਸ਼ੋਪੁਰ, ਮਿਆਣੀ, ਡੱਲਾ, ਮੱਟਮ ਤੇ ਮਘਰ ਮੁੱਧੀਆਂ ਨਾਂਅ ਦੇ ਪਿੰਡਾਂ ਤੱਕ 850 ਏਕੜ ਰਕਬੇ ਤੱਕ ਫੈਲੀ ਹੋਈ ਹੈ। ਇੱਥੇ ਛੋਟੇ ਤੇ ਵੱਡੇ ਤਲਾਬ ਹਨ; ਜਿਨ੍ਹਾਂ ’ਚ ਬਹੁਤਾ ਪਾਣੀ ਨਹੀਂ ਹੁੰਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Number of Migratory Birds decreased at Keshopur Chhambh near Gurdaspur