ਕਰਤਾਰਪੁਰ ਸਾਹਿਬ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੀ ਗਿਣਤੀ ਬਹੁਤ ਹੌਲੀ ਰਫ਼ਤਾਰ ਨਾਲ ਹੁਣ ਵਧਦੀ ਜਾ ਰਹੀ ਹੈ। ਆਉ਼ਦੀ 24 ਨਵੰਬਰ ਭਾਵ ਆਉਂਦੇ ਐਤਵਾਰ ਲਈ 1,800 ਸ਼ਰਧਾਲੂਆਂ ਨੇ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਜਾਣ ਲਈ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ। ਇਹ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ 9 ਨਵੰਬਰ ਤੋਂ ਲੈ ਕੇ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੋਵੇਗੀ।
ਕੱਲ੍ਹ ਲੰਘੇ ਐਤਵਾਰ ਨੂੰ ਸਿਰਫ਼ 671 ਸ਼ਰਧਾਲੂਆਂ ਨੇ ਕਰਤਾਰਪੁਰ ਸਾਹਿਬ ਗੁਰੂ ਘਰ ਦੇ ਦਰਸ਼ਨ ਕੀਤੇ ਸਨ। ਇਹ ਗੁਰਦੁਆਰਾ ਸਾਹਿਬ ਉਸ ਅਸਥਾਨ ’ਤੇ ਸਥਾਪਤ ਹੈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਲੇ 18 ਵਰ੍ਹੇ ਬਿਤਾਏ ਸਨ।
‘ਹਿੰਦੁਸਤਾਨ ਟਾਈਮਜ਼’ ਨੇ ਸਰਕਾਰੀ ਅੰਕੜਿਆਂ ਨੂੰ ਵੇਖ ਕੇ ਪਤਾ ਲਾਇਆ ਹੈ ਕਿ ਸਨਿੱਚਰਵਾਰ ਤੇ ਐਤਵਾਰ ਨੂੰ ਸ਼ਰਧਾਲੂ ਕੁਝ ਵੱਧ ਗਿਣਤੀ ’ਚ ਕਰਤਾਰਪੁਰ ਸਾਹਿਬ ਜਾ ਰਹੇ ਹਨ। ਜਿਸ ਦਿਨ ਇਸ ਲਾਂਘੇ ਦਾ ਉਦਘਾਟਨ ਹੋਇਆ ਸੀ, ਉਸ ਦਿਨ 562 ਭਾਰਤੀ ਸ਼ਰਧਾਲੂ ਕਰਤਾਰਪੁਰ ਸਾਹਿਬ ਗਏ ਸਨ।
ਉਸੇ ਦਿਨ ਭਾਰਤ ਵਾਲੇ ਪਾਸੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਕੀਤਾ ਸੀ। ਉਸ ਤੋਂ ਅਗਲੇ ਦਿਨ ਐਤਵਾਰ ਨੂੰ ਸਿਰਫ਼ 229 ਸ਼ਰਧਾਲੂ ਗਏ ਸਨ ਤੇ ਉਸ ਤੋਂ ਅਗਲੇ ਦਿਨ ਭਾਵ 11 ਨਵੰਬਰ ਨੂੰ 122, 13 ਨਵੰਬਰ ਨੂੰ 279, 14 ਨਵੰਬਰ ਨੂੰ 241, 15 ਨਵੰਬਰ ਨੂੰ 161 ਅਤੇ 16 ਨਵੰਬਰ ਨੂੰ 402 ਸ਼ਰਧਾਲੂ ਕਰਤਾਰਪੁਰ ਸਾਹਿਬ ਗਏ ਸਨ।
ਬੀਤੀ 12 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ 550ਵੇਂ ਪ੍ਰਕਾਸ਼ ਪੁਰਬ ਕਾਰਨ ਇਸ ਵਾਰ ਸਿੱਖ ਸੰਗਤ ਵਿੱਚ ਡਾਢਾ ਉਤਸ਼ਾਹ ਵੇਖਿਆ ਜਾ ਰਿਹਾ ਹੈ। ਅਜਿਹੇ ਸਮਾਰੋਹ ਸਾਰਾ ਸਾਲ ਚੱਲਦੇ ਰਹਿਣਗੇ। ਭਾਰਤ ਸਰਕਾਰ ਨੇ ਜਿੱਥੇ ਇਸ ਮੌਕੇ ਸਿੱਖਾਂ ਦੀ ਕਾਲ਼ੀ–ਸੂਚੀ ਖ਼ਤਮ ਕੀਤੀ ਹੈ, ਉੱਥੇ ਕੁਝ ਸਿੱਖ ਕੈਦੀਆਂ ਨੂੰ ਰਿਹਾਅ ਵੀ ਕੀਤਾ ਗਿਆ ਹੈ।
ਹਾਲੇ ਕੁਝ ਸਿੱਖ ਸ਼ਰਧਾਲੂ ਇਸ ਕਰਕੇ ਵੀ ਕਰਤਾਰਪੁਰ ਸਾਹਿਬ ਜਾਣ ਤੋਂ ਡਰ ਤੇ ਘਬਰਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਜੇ ਕਿਤੇ ਉਹ ਕਰਤਾਰਪੁਰ ਸਾਹਿਬ ਗਏ, ਤਾਂ ਉਨ੍ਹਾਂ ਦੇ ਪਾਸਪੋਰਟ ਉੱਤੇ ਪਾਕਿਸਤਾਨ ਸਰਕਾਰ ਦੀ ਮੋਹਰ ਲੱਗ ਜਾਵੇਗੀ; ਜਿਸ ਨਾਲ ਫਿਰ ਹੋਰਨਾਂ ਦੇਸ਼ਾਂ ਦਾ ਵੀਜ਼ਾ ਲੈਣਾ ਔਖਾ ਹੋ ਜਾਵੇਗਾ।
ਪਰ ਇੱਥੇ ਇਹ ਦੱਸਣਾ ਵਾਜਬ ਹੋਵੇਗਾ ਕਿ ਪਾਕਿਸਤਾਨੀ ਇਮੀਗ੍ਰੇਸ਼ਨ ਦੇ ਅਧਿਕਾਰੀ ਸਿਰਫ਼ ਸ਼ਰਧਾਲੂਆਂ ਦੇ ਪਾਸਪੋਰਟ ਸਕੈਨ ਕਰ ਕੇ ਆਪਣੇ ਰਿਕਾਰਡ ਵਿੱਚ ਰੱਖ ਰਹੀ ਹੈ; ਉਹ ਉਸ ਉੱਤੇ ਕੋਈ ਮੋਹਰ ਨਹੀਂ ਲਾਉਂਦੇ।
ਇਸ ਤੋਂ ਇਲਾਵਾ ਕਰਤਾਰਪੁਰ ਸਾਹਿਬ ਜਾ ਕੇ ਪਰਤ ਰਹੇ ਕੁਝ ਸ਼ਰਧਾਲੂਆਂ ਨੇ ਇਹ ਵੀ ਦੰਸਿਆ ਕਿ ਪਾਕਿਸਤਾਨ ਦੀ ਸ਼ਹਿ–ਪ੍ਰਾਪਤ ਕੁਝ ਖ਼ਾਲਿਸਤਾਨੀ ਸਮੂਹ 20 ਡਾਲਰ ਦੀ ਫ਼ੀਸ ਦੀ ਵੀ ਦੁਰਵਰਤੋਂ ਕਰ ਰਹੇ ਹਨ। ਉਨ੍ਹਾਂ ਉੱਥੇ ਪੋਸਟਰ ਲਾਏ ਹੋਏ ਹਨ ਜਿਹੜੇ ਸ਼ਰਧਾਲੂ ਬੀਤੀ 9 ਤੋਂ 12 ਨਵੰਬਰ ਨੂੰ ਕਰਤਾਰਪੁਰ ਸਾਹਿਬ ਗਏ ਸਨ, ਉਨ੍ਹਾਂ ਦੀ 20 ਡਾਲਰ ਦੀ ਫ਼ੀਸ ਵਾਪਸ ਕੀਤੀ ਜਾਵੇ।