ਕੇਰਲ ਪੁਲਿਸ ਦੀ ਛੇ ਮੈਂਬਰੀ ਟੀਮ ਨੇ ਜਲੰਧਰ ਦੇ ਬਹੁ-ਚਰਚਿਤ ਬਿਸ਼ਪ ਫ਼ਰੈਂਕੋ ਮੁਲੱਕਲ ਤੋਂ ਅੱਜ ਬਾਕਾਇਦਾ ਪੁੱਛਗਿੱਛ ਸ਼ੁਰੂ ਕਰ ਦਿੱਤੀ। ਫ਼ਰੈਂਕੋ ਮੁਲੱਕਲ ਜਲੰਧਰ ਦੇ ਰੋਮਨ ਕੈਥੋਲਿਕ ਡਾਇਓਸੀਜ਼ ਦੇ ਇੰਚਾਰਜ ਬਿਸ਼ਪ ਹਨ।
ਪੁਲਿਸ ਸੋਮਵਾਰ ਬਾਅਦ ਦੁਪਹਿਰ 3:20 ਵਜੇ ਪੁਲਿਸ ਬਿਸ਼ਪ ਹਾਊਸ ਦੇ ਅੰਦਰ ਦਾਖ਼ਲ ਹੋਈ। ਇਸ ਤੋਂ ਪਹਿਲਾਂ ਅੱਜ ਹੀ ਟੀਮ ਨੇ ਨਨ ਬਲਾਤਕਾਰ ਮਾਮਲੇ `ਤੇ ਦੋ ਪਾਦਰੀਆਂ ਤੋਂ ਵੀ ਪੁੱਛਗਿੱਛ ਕੀਤੀ।
ਕੇਰਲ ਪੁਲਿਸ ਦੀ ਟੀਮ ਦੀ ਅਗਵਾਈ ਵਾਇਕੌਮ ਦੇ ਡੀਐੱਸਪੀ ਕੇ. ਸੁਭਾਸ਼ ਕਰ ਰਹੇ ਹਨ ਤੇ ਉਹ ਪਿਛਲੇ ਤਿੰਨ ਦਿਨਾਂ ਤੋਂ ਜਲੰਧਰ `ਚ ਹੀ ਹੈ।
ਇਸ ਮਾਮਲੇ `ਚ ਟੀਮ ਨੇ ਪੰਜ ਨਨਜ਼ (ਈਸਾਈ ਸਾਧਵੀਆਂ) ਤੇ ਦੋ ਪਾਦਰੀਆਂ ਤੋਂ ਪੁੱਛਗਿੱਛ ਕੀਤੀ ਹੈ। ਕੇਰਲ ਟੀਮ ਨੇ ਉਨ੍ਹਾਂ ਸਾਰਿਆਂ ਦੇ ਬਿਆਨ ਲਿਖਤੀ ਰੂਪ ਵਿੱਚ ਦਰਜ ਕੀਤੇ ਹਨ।
ਇੱਥੇ ਵਰਨਣਯੋਗ ਹੈ ਕਿ 54 ਸਾਲਾ ਫ਼ਰੈਂਕੋ ਮੁਲੱਕਲ ਵਿਰੁੱਧ ਬੀਤੀ 29 ਜੂਨ ਨੂੰ ਕੇਸ ਦਰਜ ਹੋਇਆ ਸੀ ਤੇ ਇੱਕ ਨਨ ਨੇ ਦੋਸ਼ ਲਾਇਆ ਸੀ ਕਿ ਇ ਸਬਿਸ਼ਪ ਨੇ ਉਸ ਨਾਲ 13 ਵਾਰ ਜਬਰ-ਜਨਾਹ ਕੀਤਾ ਹੈ।
ਜਲੰਧਰ ਸਥਿਤ ਮਿਸ਼ਨਰੀਜ਼ ਆਫ਼ ਜੀਸਸ ਕੌਂਗਰੀਗੇਸ਼ਨ ਦੀਆਂ ਚਾਰ ਨਨਜ਼ ਤੋਂ ਸਨਿੱਚਰਵਾਰ ਨੂੰ ਕੇਰਲ ਪੁਲਿਸ ਨੇ ਪੁੱਛਗਿੱਛ ਕੀਤੀ ਸੀ।
ਉੱਧਰ ਬਿਸ਼ਪ ਫ਼ਰੈਂਕੋ ਮੁਲੱਕਲ ਨੇ ਆਪਣੇ `ਤੇ ਲੱਗੇ ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ ਹੈ।