ਪੰਚਕੂਲਾ ਦੇ ਸੈਕਟਰ–6 ਸਥਿਤ ਸਿਵਲ ਹਸਪਤਾਲ ’ਚ ਕੱਲ੍ਹ ਰਾਤੀਂ 8:45 ਵਜੇ ਇੱਕ ਹਾਦਸੇ ’ਚ 55 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਹਸਪਤਾਲ ਦੀ ਪਾਰਕਿੰਗ ’ਚ ਵਾਪਰਿਆ, ਜਿੱਥੇ ਡਰਾਇਵਰ ਨੇ ਚੰਦ੍ਰਿਕਾ ਪ੍ਰਸਾਦ ਨਾਂਅ ਦੇ ਵਿਅਕਤੀ ’ਤੇ ਆਪਣੀ ਕਾਰ ਚੜ੍ਹਾ ਦਿੱਤੀ।
ਚਸ਼ਮਦੀਦ ਗਵਾਹਾਂ ਮੁਤਾਬਕ ਐਂਡੇਵਰ ਕਾਰ ਦਾ ਖੱਬੇ ਪਾਸੇ ਵਾਲਾ ਅਗਲਾ ਪਹੀਆ ਸ੍ਰੀ ਚੰਦ੍ਰਿਕਾ ਪ੍ਰਸਾਦ ਦੇ ਸਿਰ ਉੱਤੋਂ ਦੀ ਲੰਘ ਗਿਆ। ਉਸ ਵੇਲੇ ਸ੍ਰੀ ਪ੍ਰਸਾਦ ਦਾ ਪੁੱਤਰ ਤੇ ਹੋਰ ਪਰਿਵਾਰਕ ਮੈਂਬਰ ਵੀ ਮੌਕੇ ’ਤੇ ਹੀ ਮੌਜੂਦ ਸਨ। ਉੱਥੇ ਵੱਡੀ ਭੀੜ ਇਕੱਠੀ ਹੋ ਗਈ।
ਬੁਰੀ ਤਰ੍ਹਾਂ ਜ਼ਖ਼ਮੀ ਹੋਏ ਸ੍ਰੀ ਚੰਦ੍ਰਿਕਾ ਪ੍ਰਸਾਦ ਨੂੰ ਕਾਰ ਹੇਠੋਂ ਕੱਢਣ ਲਈ ਵੀ ਕਾਫ਼ੀ ਉੱਦਮ ਕਰਨੇ ਪਏ। ਪਰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
ਐਂਡੇਵਰ ਕਾਰ ਦੇ ਡਰਾਇਵਰ ਦੀ ਸ਼ਨਾਖ਼ਤ ਵਿਵੇਕ ਸ਼ਰਮਾ ਵਜੋਂ ਹੋਈ ਹੈ; ਜੋ ਢਕੋਲੀ (ਜ਼ੀਰਕਪੁਰ) ਦਾ ਰਹਿਣ ਵਾਲਾ ਹੈ। ਉਸ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ।
ਸ੍ਰੀ ਚੰਦ੍ਰਿਕਾ ਪ੍ਰਸਾਦ ਦੀ ਤਬੀਅਤ ਠੀਕ ਨਹੀਂ ਸੀ, ਜਿਸ ਕਾਰਨ ਉਨ੍ਹਾਂ ਦਾ ਪੁੱਤਰ ਫ਼ੂਲ ਚੰਦ ਇਲਾਜ ਲਈ ਉਨ੍ਹਾਂ ਨੂੰ ਹਸਪਤਾਲ ਲੈ ਕੇ ਆਇਆ ਸੀ। ਉਹ ਉਨ੍ਹਾਂ ਨੂੰ ਛੋਟਾ ਹਾਥੀ ’ਚ ਲੈ ਕੇ ਹਸਪਤਾਲ ਪੁੱਜਾ ਸੀ। ਉਹ ਹਾਲੇ ਗੱਡੀ ਪਾਰਕ ਕਰ ਹੀ ਰਿਹਾ ਸੀ ਕਿ ਉੱਥੇ ਉਸ ਦੇ ਪਿਤਾ ਸ੍ਰੀ ਪਸਾਦ ਐਂਡੇਵਰ ਕਾਰ ਹੇਠਾਂ ਆ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।
ਹੁਣ ਪੁਲਿਸ CCTV ਕੈਮਰਿਆਂ ਦੀ ਫ਼ੁਟੇਜ ਖੰਗਾਲ਼ ਰਹੀ ਹੈ ਕਿ ਤਾਂ ਜੋ ਇਹ ਪਤਾ ਲੱਗ ਸਕੇ ਕਿ ਆਖ਼ਰ ਐਂਡੇਵਰ ਕਾਰ ਦੇ ਡਰਾਇਵਰ ਨੂੰ ਸ੍ਰੀ ਚੰਦ੍ਰਿਕਾ ਪ੍ਰਸਾਦ ਖੜ੍ਹੇ ਵਿਖਾਈ ਕਿਉਂ ਨਹੀਂ ਦਿੱਤੇ।
ਫ਼ਿਲਹਾਲ ਪੁੱਤਰ ਫ਼ੂਲ ਚੰਦ ਦੀ ਸ਼ਿਕਾਇਤ ’ਤੇ ਕਾਰ ਡਰਾਇਵਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।