ਮੋਹਾਲੀ 'ਚ ਕੋਰੋਨਾ ਵਾਇਰਸ ਦਾ ਖ਼ਤਰਾ ਲਗਾਤਾਰ ਵੱਧ ਰਿਹਾ ਹੈ। ਜ਼ਿਲ੍ਹੇ 'ਚ ਵੀਰਵਾਰ ਸਵੇਰੇ ਡੇਰਾ ਬੱਸੀ ਨੇੜਲੇ ਪਿੰਡ ਜਵਾਹਰਪੁਰ 'ਚ ਕੋਰੋਨਾ ਵਾਇਰਸ ਦਾ ਨਵਾਂ ਪਾਜ਼ੀਟਿਵ ਮਰੀਜ਼ ਮਿਲਿਆ ਹੈ। ਹੁਣ ਇਕੱਲੇ ਮੋਹਾਲੀ ਜ਼ਿਲ੍ਹੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 37 ਹੋ ਗਈ ਹੈ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 116 ਹੋ ਗਈ ਹੈ।
ਪਿੰਡ ਨੂੰ ਪਿਛਲੇ 4-5 ਦਿਨਾਂ ਤੋਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਪਿੰਡ ਨਾਲ ਲੱਗਦੇ ਪੰਜ ਕਿਲੋਮੀਟਰ ਤੱਕ ਦੇ ਏਰੀਆ ਨੂੰ ਵੀ ਸੀਲ ਕੀਤਾ ਹੋਇਆ ਹੈ। ਇਸ ਦੇ ਨਾਲ ਹੀ ਜਵਾਹਰਪੁਰ ਪਿੰਡ ਵਿੱਚ ਕੁੱਲ 11 ਕੇਸ ਸਾਹਮਣੇ ਆਏ ਹਨ।
ਬੀਤੇ ਦਿਨੀਂ ਪਿੰਡ ਜਵਾਹਰਪੁਰ 'ਚ ਸੱਤ ਨਵੇਂ ਕੇਸ ਸਾਹਮਣੇ ਆਏ ਸਨ। ਸੂਤਰਾਂ ਅਨੁਸਾਰ ਪਿੰਡ ਦਾ ਮੌਜੂਦਾ ਪੰਚ ਇੱਕ ਮੁਸਲਮਾਨ ਫੋਰਮੈਨ ਦੇ ਸੰਪਰਕ ਵਿੱਚ ਆਇਆ ਸੀ, ਜੋ 31 ਮਾਰਚ ਨੂੰ ਉਸ ਨੂੰ ਮਿਲਣ ਲਈ ਦਿੱਲੀ ਤੋਂ ਆਇਆ ਸੀ। ਉਨ੍ਹਾਂ ਕਿਹਾ ਕਿ ਉਹ ਤਬਲੀਗੀ ਜਮਾਤ ਦੀ ਇਕੱਤਰਤਾ ਵਿੱਚ ਸ਼ਾਮਲ ਹੋਏ ਸਨ। ਫੋਰਮੈਨ ਦਿੱਲੀ ਵਾਪਸ ਜਾਣ ਤੋਂ ਪਹਿਲਾਂ ਕੁਝ ਦਿਨ ਪਿੰਡ ਵਿੱਚ ਰਿਹਾ। ਪੰਚ ਦਾ ਟੈਂਟ-ਹਾਊਸ ਹੈ, ਜਿਸ ਵਿੱਚ ਪੰਜ ਤੋਂ ਛੇ ਮੁਸਲਮਾਨ ਮਜ਼ਦੂਰ ਕੰਮ ਕਰਦੇ ਹਨ।
ਜਵਾਹਰਪੁਰ ਪਿੰਡ ਦੇ 42 ਸਾਲਾ ਪੰਚ ਦੇ ਕੋਵਿਡ-19 ਨਾਲ ਸਕਾਰਾਤਮਕ ਟੈਸਟ ਕੀਤੇ ਜਾਣ ਤੋਂ ਬਾਅਦ ਉਸ ਦਾ 67 ਸਾਲਾ ਪਿਤਾ, ਉਸ ਦਾ 38 ਸਾਲਾ ਭਰਾ ਅਤੇ ਉਸ ਦੀ 43 ਸਾਲਾ ਪਤਨੀ ਦੀ ਵੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ।