ਕਰਤਾਰਪੁਰ ਸਾਹਿਬ ਲਾਂਘਾ ਸ਼ੁਰੂ ਹੋਣ ਤੋਂ ਬਾਅਦ ਪਹਿਲੇ ਤਿੰਨ ਦਿਨਾਂ ’ਚ ਗੁਰਦੁਆਰਾ ਦਰਬਾਰ ਸਾਹਿਬ ਤੱਕ ਸਿਰਫ਼ 897 ਸਿੱਖ ਸ਼ਰਧਾਲੂ ਹੀ ਗਏ ਹਨ। ਲੋਕਾਂ ਦਾ ਮੰਨਣਾ ਹੈ ਕਿ ਆਨਲਾਈਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦੀ ਘਾਟ, ਪਾਸਪੋਰਟ ਦੀ ਜ਼ਰੂਰਤ ਤੇ ਪਾਕਿਸਤਾਨ ਵੱਲੋਂ ਲਗਭਗ 1,600 ਰੁਪਏ (20 ਡਾਲਰ) ਦੀ ਸਰਵਿਸ ਫ਼ੀਸ ਵਸੂਲਣਾ ਇਸ ਲਈ ਜ਼ਿੰਮੇਵਾਰ ਹਨ।
ਲੋਕਾਂ ਨੇ ਇਹ ਵੀ ਦੱਸਿਆ ਕਿ ਪਾਕਿਸਾਨ ਜਾਣ ਤੋਂ ਬਾਅਦ ਅਮਰੀਕਾ ਤੇ ਹੋਰ ਦੇਸ਼ਾਂ ਦਾ ਵੀਜ਼ਾ ਨਾ ਮਿਲਣ ਦੇ ਡਰ ਕਾਰਨ ਵੀ ਲੋਕ ਤੇ ਖ਼ਾਸ ਤੌਰ ’ਤੇ ਨੌਜਵਾਨ ਉੱਥੇ ਵੱਡੀ ਗਿਣਤੀ ’ਚ ਨਹੀਂ ਜਾ ਰਹੇ ਹਨ।
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ 9 ਨਵੰਬਰ ਨੂੰ ਭਾਰਤ ਵਾਲੇ ਪਾਸੇ ਇਸ ਲਾਂਘੇ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ ਸੀ ਤੇ ਪਹਿਲੇ ਤਿੰਨ ਸਿਰਫ਼ 897 ਸ਼ਰਧਾਲੂ ਹੀ ਕਰਤਾਰਪੁਰ ਸਾਹਿਬ ਲਾਂਘੇ ਦੇ ਦਰਸ਼ਨਾਂ ਲਈ ਗਏ ਹਨ।
ਇੰਟੈਗਰੇਟਡ ਚੈੱਕ ਪੋਸਟ ਵਿੱਚ ਇੱਕ ਇਮੀਗ੍ਰੇਸ਼ਨ ਅਧਿਕਾਰੀ ਨੇ ਦੱਸਿਆ ਕਿ 10, 11 ਅਤੇ 12 ਨਵੰਬਰ ਨੂੰ ਕ੍ਰਮਵਾਰ 229, 122 ਅਤੇ 546 ਸ਼ਰਧਾਲੂ ਕਰਤਾਰਪੁਰ ਸਾਹਿਬ ਗਏ ਹਨ। ਇਹ ਗਿਣਤੀ ਉਸ ਅੰਕੜੇ ਤੋਂ ਕਾਫ਼ੀ ਘੱਟ ਹੈ, ਜਿਸ ਲਈ ਭਾਰਤ ਤੇ ਪਾਕਿਸਤਾਨ ਸਹਿਮਤ ਹੋਏ ਸਨ।
ਦੋਵੇਂ ਦੇਸ਼ਾਂ ਵਿਚਾਲੇ ਸਮਝੌਤਾ ਹੋਇਆ ਸੀ ਕਿ ਰੋਜ਼ਾਨਾ 5,000 ਸ਼ਰਧਾਲੂ ਇਤਿਹਾਸਕ ਗੁਰੂਘਰ ਵਿੱਚ ਮੱਥਾ ਟੇਕਣ ਲਈ ਸਰਹੱਦ ਪਾਰ ਕਰ ਸਕਦੇ ਹਨ।