ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰੋਧੀ ਧਿਰ ਵੱਲੋਂ ਪੰਜਾਬ ਦਾ ਬਜਟ ਮੁੱਢੋਂ ਰੱਦ, ਸਰਕਾਰ ਦਾ ਕੋਈ ਵਾਲੀ–ਵਾਰਸ ਨਹੀਂ: ਸੁਖਬੀਰ ਬਾਦਲ

ਵਿਰੋਧੀ ਧਿਰ ਵੱਲੋਂ ਪੰਜਾਬ ਦਾ ਬਜਟ ਮੁੱਢੋਂ ਰੱਦ, ਸਰਕਾਰ ਦਾ ਕੋਈ ਵਾਲੀ–ਵਾਰਸ ਨਹੀਂ: ਸੁਖਬੀਰ ਬਾਦਲ

ਪੰਜਾਬ ਵਿਧਾਨ ਸਭਾ ’ਚ ਦੋ ਮੁੱਖ ਵਿਰੋਧੀ ਪਾਰਟੀਆਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤਾ ਬਜਟ ਮੁੱਢੋਂ ਰੱਦ ਕਰਦਿਆਂ ਇਸ ਨੂੰ ਸਿਰਫ਼ ‘ਅੰਕੜਿਆਂ ਦੀ ਬਾਜ਼ੀਗਰੀ’ ਕਰਾਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਨੂੰ ਚਲਾਉਣ ਵਾਲਾ ਹੀ ਕੋਈ ਨਹੀਂ ਹੈ।

 

 

ਬਜਟ ਤਜਵੀਜ਼ਾਂ ਉੱਤੇ ਬਹਿਸ ਵਿੱਚ ਭਾਗ ਲੈਂਦਿਆਂ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਇਹ ਬਜਟ ਗੁੰਮਰਾਹਕੁੰਨ ਹੈ ਤੇ ਸਰਕਾਰ ਦੇ ਪਹਿਲੇ ਦੋ ਸਾਲਾਂ ਅੰਦਰ ਹੀ ਪੰਜਾਬ ਦੀ ਆਰਥਿਕ ਹਾਲਤ ਬਦ ਤੋਂ ਬਦਤਰ ਹੋ ਗਈ ਹੈ। ਇਸ ਬਜਟ ਸੈਸ਼ਨ ਦੌਰਾਨ ਉਂਝ ਤਾਂ ਭਾਵੇਂ ਸ੍ਰੀ ਸੁਖਬੀਰ ਬਾਦਲ ਬਹੁਤ ਘੱਟ ਹੀ ਵਿਖਾਈ ਦਿੱਤੇ ਹਨ ਪਰ ਅੱਜ ਉਨ੍ਹਾਂ ਬਜਟ ਭਾਸ਼ਣ ਵਿੱਚ ਦਿੱਤੇ ਅੰਕੜਿਆਂ ਦੇ ਹਵਾਲੇ ਨਾਲ ਕਿਹਾ ਕਿ ਸੂਬੇ ’ਚ ਆਰਥਿਕ ਵਿਕਾਸ ਦੀ ਦਰ ਹੁਣ ਘਟ ਕੇ 6.27 ਫ਼ੀ ਸਦੀ ਰਹਿ ਗਈ ਹੈ, ਜੋ 2018 ਦੌਰਾਨ 7.16 ਫ਼ੀ ਸਦੀ ਸੀ।

 

 

ਸ੍ਰੀ ਬਾਦਲ ਨੇ ਕਿਹਾ – ‘ਤੁਸੀਂ ਸਾਨੂੰ ਰੇਤ–ਮਾਫ਼ੀ ਆਖਦੇ ਰਹੇ ਹੋ ਪਰ ਅਸਲੀਅਤ ਇਹ ਹੈ ਕਿ ਜਦੋਂ ਸਾਡੀ ਸਰਕਾਰ ਸੀ, ਤਦ ਅਸੀਂ ਰੇਤੇ ਦੀ ਮਾਈਨਿੰਗ ਤੋਂ ਸਾਲ 2017 ਦੌਰਾਨ 102 ਕਰੋੜ ਰੁਪਏ ਕਮਾ ਕਮਾ ਕੇ ਵਿਖਾਏ ਸਨ ਪਰ ਹੁਣ ਇਸ ਵਰ੍ਹੇ ਇਹ ਕਮਾਈ ਘਟ ਕੇ ਸਿਰਫ਼ 32 ਕਰੋੜ ਰੁਪਏ ਰਹਿ ਗਈ ਹੈ; ਜਦ ਕਿ ਵਿੱਤ ਮੰਤਰੀ ਨੇ ਇਸ ਕਮਾਈ ਦਾ ਟੀਚਾ ਇਸ ਸਾਲ ਲਈ 400 ਕਰੋੜ ਰੁਪਏ ਰੱਖਿਆ ਹੈ। ਇਸ ਵੇਲੇ ਹਾਲਾਤ ਇੰਨੇ ਖ਼ਰਾਬ ਹਨ ਕਿ ਰੇਤੇ ਦੀ 95% ਪੁਟਾਈ ਗ਼ੈਰ–ਕਾਨੂੰਨੀ ਢੰਗ ਨਾਲ ਕੀਤੀ ਜਾ ਰਹੀ ਹੈ ਤੇ ਕਾਂਗਰਸੀ ਇਸ ਦਾ ਫ਼ਾਇਦਾ ਲੈ ਰਹੇ ਹਨ। ਅਸਲ ਰੇਤ ਮਾਫ਼ੀਆ ਕੌਣ ਹੈ?’

 

 

ਕਾਂਗਰਸ ਸਰਕਾਰ ਦੀ ਆਬਕਾਰੀ ਨੀਤੀ ਉੱਤੇ ਵਰ੍ਹਦਿਆਂ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਹੁਣ ਸਿਰਫ਼ ਸ਼ਰਾਬ ਦੀ ਸਮੱਗਲਿੰਗ ਵਿੱਚ ਵਾਧਾ ਕਰਵਾ ਰਹੀ ਹੈ। ‘ਇਸ ਵੇਲੇ ਅਸਲੀਅਤ ਇਹ ਹੈ ਕਿ ਹਰਿਆਣਾ ਤੇ ਚੰਡੀਗੜ੍ਹ ਦੀ ਸ਼ਰਾਬ ਪੰਜਾਬ ਵਿੱਚ ਸਮੱਗਲ ਕੀਤੀ ਜਾ ਰਹੀ ਹੈ। ਸ਼ਰਾਬ ਦੀਆਂ ਫ਼ੈਕਟਰੀਆਂ ਤੋਂ ਗ਼ੈਰ–ਕਾਨੂੰਨੀ ਸ਼ਰਾਬ ਦੇ ਟਰੱਕਾਂ ਦੇ ਟਰੱਕ ਕਾਂਗਰਸੀਆਂ ਵੱਲੋਂ ਵੇਚੇ ਜਾ ਰਹੇ ਹਨ ਤੇ ਇੰਝ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ।’

 

 

ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮਨਪ੍ਰੀਤ ਬਾਦਲ ਹੁਣ ਤੱਕ ਤਿੰਨ ਬਜਟ ਪੇਸ਼ ਕਰ ਚੁੱਕੇ ਹਨ। ‘ਹਰੇਕ ਬਜਟ ਵਿੱਚ ਉਹ ਨਵੀਂਆਂ ਯੋਜਨਾਵਾਂ ਦਾ ਐਲਾਨ ਕਰ ਦਿੰਦੇ ਹਨ ਪਰ ਪਿਛਲੀਆਂ ਯੋਜਨਾਵਾਂ ਨੂੰ ਭੁੱਲ ਜਾਂਦੇ ਹਨ। ਪਹਿਲੇ ਬਜਟ ਵਿੱਚ, ਉਨ੍ਹਾਂ ਮੋਬਾਇਲ ਫ਼ੋਨਾਂ ਲਈ 10 ਕਰੋੜ ਰੁਪਏ ਰੱਖੇ ਸਨ ਤੇ ‘ਆਪਣੀ ਅੱਡੀ ਆਪਣਾ ਰੁਜ਼ਗਾਰ’ ਯੋਜਨਾ ਸ਼ੁਰੂ ਕਰਨ ਦੀ ਗੱਲ ਕੀਤੀ ਸੀ। ਇਸ ਬਜਟ ਵਿੱਚ ਉਨ੍ਹਾਂ ਯੋਜਨਾਵਾਂ ਬਾਰੇ ਕਿਤੇ ਕੋਈ ਜ਼ਿਕਰ ਨਹੀਂ ਹੈ। ਇਸ ਤੋਂ ਇਲਾਵਾ ਇੱਕ ਸਪੋਰਟਸ ਯੂਨੀਵਰਸਿਟੀ, ਦੋ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ। ਇਸ ਬਜਟ ਵਿੱਚ ਜਲੰਧਰ ਵਿਖੇ ਇੱਕ ਸਪੋਰਟਸ ਇੰਸਟੀਚਿਊਟ ਤੇ ਤਿੰਨ ਮੈਡੀਕਲ ਕਾਲਜ ਖੋਲ੍ਹਣ ਦੀ ਗੱਲ ਕੀਤੀ ਗਈ ਹੈ ਤੇ ਉਨ੍ਹਾਂ ਲਈ ਧਨ ਕੋਈ ਨਹੀਂ ਰੱਖਿਆ ਗਿਆ। ਕੀ ਇਹ ਤਮਾਸ਼ਾ ਹੋ ਰਿਹਾ ਹੈ ਜਾਂ ਕੋਈ ਨਾਟਕ?’

 

 

ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿੱਖਿਆ ਖੇਤਰ ਲਈ ਬਜਟ ਵਿੱਚ ਧਨ ਬਹੁਤ ਘੱਟ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ – ‘ਇਹੋ ਕਾਰਨ ਹੈ ਕਿ ਵੱਖੋ–ਵੱਖਰੀਆਂ ਅਧਿਆਪਕ ਯੂਨੀਅਨਾਂ ਇਸ ਵੇਲੇ ਰੋਸ ਮੁਜ਼ਾਹਰੇ ਕਰ ਰਹੀਆਂ ਹਨ ਕਿਉਂਕਿ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਫ਼ੰਡ ਹੀ ਨਹੀਂ ਹਨ। ਮੇਰੀ ਮੰਗ ਹੈ ਕਿ ਸਿੱਖਿਆ ਉੱਤੇ ਹੋਣ ਵਾਲਾ ਖ਼ਰਚ ਘੱਟੋ–ਘੱਟ 20 ਫ਼ੀ ਸਦੀ ਵਧਾ ਦਿੱਤਾ ਜਾਵੇ, ਤਾਂ ਜੋ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਕੁਝ ਸੁਧਾਰ ਹੋ ਸਕੇ।’

 

 

ਸ੍ਰੀ ਚੀਮਾ ਨੇ ਕਿਹਾ ਕਿ ਸਿਹਤ ਖੇਤਰ ਉੱਤੇ ਕੁੱਲ ਬਜਟ ਦਾ ਸਿਰਫ਼ 3.7% ਧਨ ਰੱਖਿਆ ਗਿਆ ਹੈ, ਜਦ ਕਿ ਹੋਰਨਾਂ ਸੂਬਿਆਂ ਵਿੱਚ ਇਹ ਧਨ ਘੱਟੋ–ਘੱਟ 5% ਹੁੰਦਾ ਹੈ। ਇਹੋ ਕਾਰਨ ਹੈ ਕਿ ਸਾਡਾ ਸਿਹਤ ਵਿਭਾਗ ਹੁਣ ਲਗਭਗ ਖ਼ਤਮ ਹੋ ਕੇ ਰਹਿ ਗਿਆ ਹੈ ਤੇ ਪੰਜਾਬ ਦੀ ਜਨਤਾ ਨੂੰ ਮਜਬੂਰ ਹੋ ਕੇ ਇਲਾਜ ਲਈ ਨਿਜੀ ਹਸਪਤਾਲਾਂ ’ਚ ਜਾਣਾ ਪੈ ਰਿਹਾ ਹੈ।

 

 

ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਪਿਛਲੇ ਬਜਟ ਵਿੱਚੋਂ 3,585 ਕਰੋੜ ਰੁਪਏ ਖ਼ਰਚ ਹੀ ਨਹੀਂ ਕੀਤੇ ਗਏ ਸਨ, ਜਿਸ ਨਾਲ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਗੰਭੀਰ ਕਿਸਮ ਦਾ ਸੁਆਲੀਆ ਨਿਸ਼ਾਨ ਉੱਠਦਾ ਹੈ।

 

 

ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਮਾੜੇ ਪ੍ਰਬੰਧਾਂ ਦਾ ਮੁੱਦਾ ਉਠਾਇਆ। ਲੋਕ ਇਨਸਾਫ਼ ਪਾਰਟੀ ਦੇ ਬਲਵਿੰਦਰ ਬੈਂਸ ਨੇ ਸੂਬੇ ਵਿੱਚ ਕਾਨੂੰਨ ਤੇ ਵਿਵਸਥਾ ਦੀ ਵਿਗੜਦੀ ਹਾਲਤ ਦੀ ਆਲੋਚਨਾ ਕੀਤੀ ਤੇ ਆਪਣੀ ਦਲੀਲ ਦੇ ਹੱਕ ਵਿੱਚ ਲੁਧਿਆਣਾ ਵਿਖੇ ਹੋਏ ਸਮੂਹਕ ਬਲਾਤਕਾਰ ਕਾਂਡ ਦਾ ਹਵਾਲਾ ਦਿੱਤਾ।

ਵਿਰੋਧੀ ਧਿਰ ਵੱਲੋਂ ਪੰਜਾਬ ਦਾ ਬਜਟ ਮੁੱਢੋਂ ਰੱਦ, ਸਰਕਾਰ ਦਾ ਕੋਈ ਵਾਲੀ–ਵਾਰਸ ਨਹੀਂ: ਸੁਖਬੀਰ ਬਾਦਲ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Opposition outrightly reject Punjab Budget