ਕਲਰਸ ਟੀ.ਵੀ. ਚੈਨਲ ’ਤੇ ਦਿਖਾਏ ਜਾਂਦੇ ਲੜੀਵਾਰ ‘ਰਾਮ ਸੀਆ ਕੇ ਲਵ-ਕੁਸ਼’ ਦਾ ਪ੍ਰਸਾਰਣ ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਜ਼ਿਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਐਸ.ਏ.ਐਸ. ਨਗਰ) ਵਿੱਚ ਤੁਰੰਤ ਪ੍ਰਭਾਵ ਨਾਲ ਇਕ ਮਹੀਨੇ ਵਾਸਤੇ ਮੁਲਤਵੀ ਕਰਨ ਦਾ ਹੁਕਮ ਜਾਰੀ ਕੀਤਾ ਹੈ।
ਜ਼ਿਲਾ ਮੈਜਿਸਟਰੇਟ ਵੱਲੋਂ ਕੇਬਲ ਟੈਲੀਵਿਜ਼ਨ ਨੈੱਟਵਰਕਸ (ਰੈਗੂਲੇਸ਼ਨ) ਐਕਟ 1995 (ਐਕਟ ਨੰਬਰ 7 ਆਫ਼ 1995) ਦੇ ਸੈਕਸ਼ਨ 19 ਤਹਿਤ ਜਾਰੀ ਹੁਕਮ ਅਨੁਸਾਰ ਉਕਤ ਲੜੀਵਾਰ ਦੇ ਪ੍ਰਸਾਰਿਤ ਹੋਣ ਨਾਲ ਕੁੱਝ ਫਿਰਕਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਣ ਬਾਰੇ ਇਨਾਂ ਭਾਈਚਾਰਿਆਂ ਦੇ ਆਗੂਆਂ ਵੱਲੋਂ ਜ਼ਬਰਦਸਤ ਰੋਸ ਪ੍ਰਗਟਾਇਆ ਜਾ ਰਿਹਾ ਹੈ।
ਉਨਾਂ ਕਿਹਾ ਕਿ ਇਸ ਟੀ.ਵੀ. ਲੜੀਵਾਰ ਦੇ ਜਾਰੀ ਰਹਿਣ ਨਾਲ ਜ਼ਿਲੇ ਵਿੱਚ ਭਾਈਚਾਰਕ ਸਾਂਝ, ਅਮਨ ਤੇ ਕਾਨੂੰਨ ਵਿਵਸਥਾ ਭੰਗ ਹੋਣ ਦਾ ਖ਼ਦਸ਼ਾ ਬਣਨ ਤੋਂ ਰੁਕਣ ਲਈ ਇਸ ਲੜੀਵਾਰ ਦੇ ਪ੍ਰਸਾਰਣ ’ਤੇ ਇਕ ਮਹੀਨੇ ਲਈ ਰੋਕ ਲਾਈ ਜਾਂਦੀ ਹੈ।
ਜ਼ਿਲਾ ਮੈਜਿਸਟਰੇਟ ਨੇ ਜ਼ਿਲੇ ਦੇ ਕੇਬਲ ਅਪਰੇਟਰਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲੇ ਵਿੱਚ ਇਸ ਲੜੀਵਾਰ ਦੇ ਪ੍ਰਸਾਰਨ ਨੂੰ ਤੁਰੰਤ ਪ੍ਰਭਾਵ ਤੋਂ ਬੰਦ ਕਰਨ ਦੇ ਹੁਕਮ ਦਿੱਤੇ ਹਨ।
ਇਸੇ ਤਰ੍ਹਾਂ ਜਲੰਧਰ ਚ ਵੀ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜ਼ਿਲ੍ਹੇ ’ਚ ਕਲਰ ਟੀ ਵੀ ਚੈਨਲ ’ਤੇ ਦਿਖਾਏ ਜਾਂਦੇ ਲੜੀਵਾਰ ‘ਰਾਮ ਸੀਆ ਕੇ ਲਵ-ਕੁਸ਼’ ਦਾ ਪ੍ਰਸਾਰਣ ਤੁਰੰਤ ਪ੍ਰਭਾਵ ਨਾਲ ਮੁਲਤਵੀ ਕਰਨ ਦਾ ਹੁਕਮ ਜਾਰੀ ਕੀਤਾ ਹੈ।
ਤਾਜ਼ਾ ਜਾਣਕਾਰੀ ਮੁਤਾਬਕ ਪੂਰੇ ਪੰਜਾਬ ਚ ਇਸ ਸੀਰੀਅਲ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਦੱਸ ਦੇਈਏ ਕਿ ਕਲਰਸ ਟੀਵੀ ਤੇ ਵਿਖਾਏ ਜਾਂਦੇ ਸੀਰੀਅਲ 'ਰਾਮ ਸੀਆ ਕੇ ਲਵ ਕੁਸ਼' 'ਚ ਭਗਵਾਨ ਵਾਲਮੀਕਿ ਜੀ ਬਾਰੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਵਿਰੋਧ ਚ ਪੰਜਾਬ ਭਰ 'ਚ ਵੱਖੋ ਵੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ।
.