ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ’ਚ ਵਿਰਾਸਤੀ ਮਾਰਗ ’ਤੇ ਲੱਗੇ ਲੋਕ ਨਾਚ ਦੇ ਬੁੱਤਾਂ ਦੀ ਬਦਲਣ ਲੱਗੀ ਥਾਂ

ਅੰਮ੍ਰਿਤਸਰ ਵਿਖੇ ਪਾਵਨ ਅਸਥਾਨ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ’ਤੇ ਲਾਏ ਗਏ ਗਿੱਧੇ-ਭੰਗੜੇ ਦੇ ਬੁੱਤਾਂ ਉਪਰ ਸਿੱਖ ਭਾਈਚਾਰੇ ਵੱਲੋਂ ਉਠਾਏ ਗਏ ਇਤਰਾਜ਼ ’ਤੇ ਉਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਇਹ ਬੁੱਤ ਇੱਥੋਂ ਹਟਾਉਣ ਅਤੇ ਸ਼ਹਿਰ ਵਿੱਚ ਹੀ ਕਿਸੇ ਹੋਰ ਢੁੱਕਵੀਂ ਥਾਂ ’ਤੇ ਲਾਉਣ ਦੇ ਹੁਕਮ ਦਿੱਤੇ ਹਨ।

 

ਇਹ ਬੁੱਤ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਲਾਏ ਗਏ ਸਨ ਅਤੇ ਲੰਘੀ 15 ਜਨਵਰੀ ਨੂੰ ਜਜ਼ਬਾਤੀ ਰੌਂਅ ਵਿੱਚ ਗੁੱਸੇ ’ਚ ਆਏ ਕੁਝ ਨੌਜਵਾਨਾਂ ਨੇ ਇਨਾਂ ਦੀ ਭੰਨ-ਤੋੜ ਕਰ ਦਿੱਤੀ ਸੀ। ਇਸ ਭੰਨ-ਤੋੜ ਵਿੱਚ ਸ਼ਾਮਲ ਨੌਜਵਾਨਾਂ ਪ੍ਰਤੀ ਨਰਮੀ ਵਿਖਾਉਂਦਿਆਂ ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਸੱਤ ਪ੍ਰਦਰਸ਼ਨਕਾਰੀਆਂ ਖਿਲਾਫ਼ ਦਰਜ ਕੇਸਾਂ ਦੀ ਸਮੀਖਿਆ ਕਰਨ ਅਤੇ ਇਨਾਂ ਵਿਰੁੱਧ ਦਰਜ ਆਈ.ਪੀ.ਸੀ. ਦੀਆਂ ਸਖ਼ਤ ਧਾਰਾਵਾਂ ਨੂੰ ਵਾਪਸ ਲੈਣ ਦੇ ਹੁਕਮ ਦਿੱਤੇ।

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨਾਂ ਨੌਜਵਾਨਾਂ ਦੀ ਇਹ ਕਾਰਵਾਈ ਕਿਸੇ ਬਦਨੀਤੀ ਦਾ ਹਿੱਸਾ ਨਹੀਂ ਸੀ ਸਗੋਂ ਇਹ ਸਿੱਖ ਭਾਈਚਾਰੇ ਵੱਲੋਂ ਮਹਿਸੂਸ ਕੀਤੀ ਜਾ ਰਹੀ ਪੀੜ ਦਾ ਪ੍ਰਗਟਾਵਾ ਸੀ ਕਿਉਂਕਿ ਪਵਿੱਤਰ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਨਾਲ ਗਿੱਧੇ-ਭੰਗੜੇ ਨੂੰ ਦਰਸਾਉਂਦੇ ਬੁੱਤ ਸਥਾਪਤ ਕਰਨ ਨਾਲ ਸਿੱਖ ਹਿਰਦਿਆਂ ਨੂੰ ਠੇਸ ਪਹੁੰਚੀ।

 

ਇਹ ਜ਼ਿਕਰਯੋਗ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਵਿਰਾਸਤੀ ਮਾਰਗ ’ਤੇ ਗਿੱਧੇ-ਭੰਗੜੇ ਵਾਲੇ ਬੁੱਤ ਸਥਾਪਤ ਕਰਵਾਏ ਸਨ ਅਤੇ ਅਕਤੂਬਰ, 2016 ਵਿੱਚ ਇਨਾਂ ਦਾ ਉਦਘਾਟਨ ਕੀਤਾ ਸੀ। ਪ੍ਰਦਰਸ਼ਨਕਾਰੀਆਂ ਵਿੱਚ ਲੋਕ ਨਾਚ ਦੇ ਬੁੱਤ ਲਾਉਣ ’ਤੇ ਰੋਸ ਪਾਇਆ ਜਾ ਰਿਹਾ ਸੀ ਅਤੇ ਇਨਾਂ ਨੇ ਇਸ ਨੂੰ ਸਿੱਖ ਧਾਰਮਿਕ ਭਾਵਨਾਵਾਂ ਦੀ ਉਲੰਘਣਾ ਦੱਸਿਆ ਕਿਉਂਕਿ ਇਹ ਬੁੱਤ ਪਾਵਨ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਸਥਾਪਤ ਕੀਤੇ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ਇਨਾਂ ਬੁੱਤਾਂ ਨੂੰ ਨੁਕਸਾਨ ਪਹੁੰਚਾਇਆ ਕਿਉਂਕਿ ਉਹ ਮਹਿਸੂਸ ਕਰਦੇ ਸਨ ਕਿ ਬੁੱਤਾਂ ਨਾਲ ਉਨਾਂ ਨੂੰ ਠੇਸ ਪਹੁੰਚੀ ਹੈ।

 

ਮੁਲਜ਼ਮਾਂ ਖਿਲਾਫ਼ ਆਈ.ਪੀ.ਸੀ. ਦੀ ਧਾਰਾ 307, 434, 427, 353, 186, 148 ਤੇ 149 ਤੋਂ ਇਲਾਵਾ ਜਨਤਕ ਜਾਇਦਾਦ ਨੂੰ ਨੁਕਸਾਨ ਰੋਕੂ ਐਕਟ-1984 ਦੀ ਧਾਰਾ 3 ਤਹਿਤ ਕੇਸ ਦਰਜ ਕੀਤਾ ਗਿਆ ਸੀ।

 

15 ਜਨਵਰੀ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਰਾਗੀ ਸਭਾ (ਹਰਿਮੰਦਰ ਸਾਹਿਬ ਦੇ ਕੀਰਤਨੀ ਸਿੰਘਾਂ ਸਮੇਤ), ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਸਮੇਤ ਵੱਖ-ਵੱਖ ਸਿੱਖ ਜਥੇਬੰਦੀਆਂ ਪੁਲੀਸ ਵੱਲੋਂ ਗਿ੍ਰਫਤਾਰ ਕੀਤੇ ਪ੍ਰਦਰਸ਼ਨਕਾਰੀ ਨੌਜਵਾਨਾਂ ਦੇ ਹੱਕ ਵਿੱਚ ਨਿੱਤਰ ਆਈਆਂ ਸਨ।

 

ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਹ ਬੁੱਤ ਅੰਮਿ੍ਰਤਸਰ ਵਿੱਚ ਕਿਸੇ ਹੋਰ ਥਾਂ ਸਥਾਪਤ ਕਰਨ ਦੇ ਸੰਦਰਭ ਵਿੱਚ ਪਹਿਲਾਂ ਹੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੋਇਆ ਹੈ। ਇਸ ਕਮੇਟੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਉਪ-ਪ੍ਰਧਾਨ ਰਜਿੰਦਰ ਸਿੰਘ ਮਹਿਤਾ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਚੀਫ ਖਾਲਸਾ ਦੀਵਾਨ ਦੇ ਮੁਖੀ ਨਿਰਮਲ ਸਿੰਘ ਤੋਂ ਇਲਾਵਾ ਕੋਆਰਡੀਨੇਟਰ ਸੁਖਦੇਵ ਸਿੰਘ ਭੂਰਾਕੋਨਾ ਸ਼ਾਮਲ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:orders to shift statues of folk dancers from heritage street in amritsar