ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਔਰਤ ਦੀ ਹੋਂਦ ਤੇ ਹੋਣੀ ਦਾ ਦਸਤਾਵੇਜ਼ - ਡਾ. ਦਲੀਪ ਕੌਰ ਟਿਵਾਣਾ

ਪੰਜਾਬੀ ਸਾਹਿਤ ਦੀ ਸਨਮਾਨਿਤ ਲੇਖਿਕਾ ਡਾ. ਦਲੀਪ ਕੌਰ ਟਿਵਾਣਾ ਨਹੀਂ ਰਹੇ। ਜਨਵਰੀ ਮਹੀਨੇ ਦੇ ਆਖਰੀ ਦਿਨ (31ਜਨਵਰੀ 2020 ਨੂੰ) ਉਨ੍ਹਾਂ ਨੇ ਮੋਹਾਲੀ ਦੇ ਮੈਕਸ ਹਸਪਤਾਲ ਵਿੱਚ ਆਖਰੀ ਸਾਹ ਲਿਆ, ਜਿੱਥੇ 13 ਜਨਵਰੀ ਤੋਂ ਉਹ ਜ਼ੇਰੇ ਇਲਾਜ ਸਨ। 1 ਫਰਵਰੀ ਨੂੰ ਉਨ੍ਹਾਂ ਦਾ ਅੰਤਮ ਸਸਕਾਰ ਪਟਿਆਲੇ ਵਿਖੇ ਕੀਤਾ ਗਿਆ।
 

ਇੱਕ ਬਹੁਪੱਖੀ ਸ਼ਖ਼ਸੀਅਤ ਡਾ. ਟਿਵਾਣਾ ਦੀ ਜਨਮ ਮਿਤੀ 4 ਮਈ 1932 ਸੀ, ਪਰ ਅਸਲ ਸੰਨ 1935 ਸੀ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਉੱਚੀ ਵਿਖੇ ਪਿਤਾ ਸ. ਕਾਕਾ ਸਿੰਘ ਦੇ ਘਰ ਮਾਂ ਚੰਦ ਕੌਰ ਦੀ ਕੁੱਖੋਂ ਜਨਮੀ ਟਿਵਾਣਾ ਦਾ ਬਚਪਨ ਪਟਿਆਲੇ ਭੂਆ ਗੁਲਾਬ ਕੌਰ ਤੇ ਫੁੱਫੜ ਤਾਰਾ ਸਿੰਘ ਦੇ ਘਰ ਬੀਤਿਆ। ਨਿਰਸੰਤਾਨ ਹੋਣ ਕਰਕੇ ਭੂਆ ਅਤੇ ਫੁੱਫੜ ਨੇ ਉਹ ਨੂੰ ਪਟਿਆਲੇ ਹੀ ਪੜ੍ਹਾਇਆ-ਲਿਖਾਇਆ, ਜਿੱਥੇ ਟਿਵਾਣਾ ਨੇ ਮੁੱਢਲੀ ਵਿੱਦਿਆ ਸਿੰਘ ਸਭਾ ਸਕੂਲ ਤੋਂ, ਮੈਟ੍ਰਿਕ ਵਿਕਟੋਰੀਆ ਗਰਲਜ਼ ਸਕੂਲ ਤੋਂ, ਬੀ.ਏ. ਮਹਿੰਦਰਾ ਕਾਲਜ ਪਟਿਆਲਾ(1954) ਤੋਂ ਅਤੇ ਫਿਰ ਇੱਥੋਂ ਹੀ ਪਹਿਲੇ ਦਰਜੇ ਵਿੱਚ ਐਮ.ਏ. ਪੰਜਾਬੀ ਪਾਸ ਕੀਤੀ।
 

1966 ਵਿੱਚ ਉਨ੍ਹਾਂ ਨੇ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਲੜਕੀ ਵਜੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ 'ਪੰਜਾਬੀ ਨਿੱਕੀ ਕਹਾਣੀ ਦੇ ਝੁਕਾਅ ਅਤੇ ਵਿਸ਼ੇਸ਼ਤਾਵਾਂ' ਵਿਸ਼ੇ ਤੇ ਪੀ.ਐਚ.ਡੀ. ਹਾਸਲ ਕੀਤੀ। ਸਮਾਜ ਸ਼ਾਸਤਰੀ ਤੇ ਕਵੀ ਪ੍ਰੋ. ਭੁਪਿੰਦਰ ਸਿੰਘ ਨਾਲ ਵਿਆਹੀ ਡਾ. ਟਿਵਾਣਾ ਇੱਕ ਬੱਚੇ ਸਿਮਰਨਜੀਤ ਸਿੰਘ ਦੀ ਮਾਂ ਸੀ, ਜੋ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਵਿਸ਼ੇ ਦਾ ਅਧਿਆਪਕ ਹੈ।
 

ਧਰਮਸ਼ਾਲਾ (ਕਾਂਗੜਾ) ਦੇ ਸਰਕਾਰੀ ਕਾਲਜ ਵਿੱਚ ਬਤੌਰ ਲੈਕਚਰਾਰ ਕੁਝ ਚਿਰ ਕੰਮ ਕਰਨ ਪਿੱਛੋਂ ਉਨ੍ਹਾਂ ਨੇ ਲੰਮਾ ਸਮਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੇਵਾ ਕੀਤੀ। ਇੱਥੇ ਉਨ੍ਹਾਂ ਨੇ ਬਤੌਰ ਪੰਜਾਬੀ ਲੈਕਚਰਾਰ 1963 ਤੋਂ 1971 ਤੱਕ, ਰੀਡਰ 1971 ਤੋਂ 1981 ਤੱਕ, ਪ੍ਰੋਫੈਸਰ 1981 ਤੋਂ 1983 ਤੱਕ ਅਤੇ ਮੁਖੀ ਪੰਜਾਬੀ ਵਿਭਾਗ 1983 ਤੋਂ 1986 ਤੱਕ ਕਾਰਜ ਕੀਤਾ। ਫਿਰ ਉਨ੍ਹਾਂ ਨੇ ਨਵਾਬ ਸ਼ੇਰ ਮੁਹੰਮਦ ਖ਼ਾਨ ਇੰਸਟੀਚਿਊਟ ਆਫ਼ ਐਡਵਾਂਸ ਸਟੱਡੀਜ਼ ਇਨ ਉਰਦੂ, ਪਰਸ਼ੀਅਨ ਐਂਡ ਅਰੈਬਿਕ ਮਲੇਰਕੋਟਲਾ ਅਤੇ ਵਿਦੇਸ਼ੀ ਭਾਸ਼ਾਵਾਂ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਖੀ ਵਜੋਂ 1987 ਤੋਂ 1989 ਤੱਕ ਇਹ ਜ਼ਿੰਮੇਵਾਰੀ ਨਿਭਾਈ। 
 

ਉਨ੍ਹਾਂ ਨੇ ਯੂਜੀਸੀ ਵੱਲੋਂ ਨੈਸ਼ਨਲ ਪ੍ਰੋਫੈਸਰਸ਼ਿਪ ਦੇ ਅਹੁਦੇ ਤੇ 1989 ਤੋਂ 1990 ਤੱਕ ਕੰਮ ਕੀਤਾ। 1992 ਤੋਂ 1994 ਤੱਕ ਉਨ੍ਹਾਂ ਨੇ ਪੁਨਰ ਨਿਯੁਕਤੀ ਤੇ ਸੇਵਾ ਕੀਤੀ। 1994 ਤੋਂ ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਜੀਵਨ ਫੈਲੋਸ਼ਿਪ ਪ੍ਰਦਾਨ ਕੀਤੀ ਗਈ ਤੇ ਨਾਲ ਹੀ ਯੂਨੀਵਰਸਿਟੀ ਵਿਖੇ ਆਜੀਵਨ ਆਵਾਸ ਵੀ। ਉਂਜ ਉਨ੍ਹਾਂ ਦਾ ਸਥਾਈ ਨਿਵਾਸ ਪਟਿਆਲਾ ਦੇ ਅਜੀਤ ਨਗਰ ਵਿਖੇ ਹੈ।
 

ਦਾਦਾ, ਦਾਦੀ, ਫੁੱਫੜ ਤੇ ਪਿਤਾ ਦੀ ਮੌਤ ਨੇ ਉਨ੍ਹਾਂ ਨੂੰ ਕਾਫੀ ਹੱਦ ਤਕ ਕਮਜ਼ੋਰ ਕਰ ਦਿੱਤਾ ਸੀ। 12 ਸਾਲ ਦੀ ਉਮਰ ਵਿੱਚ ਟਿਵਾਣਾ ਦੀ ਮੰਗਣੀ ਤੈਅ ਹੋਈ, ਪਰ ਵੱਡੇ ਬੇਜੀ ਦੇ ਭਾਨੀ ਮਾਰਨ ਕਰਕੇ ਟੁੱਟ ਗਈ। ਨਮੋਸ਼ੀ ਤੋਂ ਬਚਣ ਲਈ ਛੋਟੀ ਭੂਆ ਨੇ ਆਪਣੀ ਨਨਾਣ ਦੇ ਮੁੰਡੇ ਨਾਲ ਉਹਦਾ ਵਿਆਹ ਕਰ ਦਿੱਤਾ। ਪਰ ਵਿਆਹ ਪਿੱਛੋਂ ਉਨ੍ਹਾਂ ਦਾ ਪਤੀ ਉਨ੍ਹਾਂ ਨੂੰ ਲੈਣ ਹੀ ਨਾ ਆਇਆ ਅਤੇ ਪਿੱਛੋਂ 1972 ਵਿੱਚ ਉਨ੍ਹਾਂ ਨੇ ਪ੍ਰੋ. ਭੁਪਿੰਦਰ ਸਿੰਘ ਨਾਲ ਗ੍ਰਹਿਸਥ ਦੀ ਜ਼ਿੰਦਗੀ ਸ਼ੁਰੂ ਕੀਤੀ।
 

ਪੰਜਾਬੀ ਗਲਪ ਦੇ ਇਤਿਹਾਸ ਵਿੱਚ ਸੱਠਵਿਆਂ ਦੌਰਾਨ ਨਾਵਲਕਾਰਾਂ ਦੀ ਇੱਕ ਨਵੀਂ ਪੀੜ੍ਹੀ ਸਾਹਮਣੇ ਆਉਂਦੀ ਹੈ। ਟਿਵਾਣਾ ਇਸ ਪੀੜ੍ਹੀ ਦੀ ਇੱਕ ਪ੍ਰਮੁੱਖ ਗਲਪਕਾਰ ਸੀ। ਪੰਜਾਬੀ ਕਹਾਣੀ ਰਾਹੀਂ ਸਾਹਿਤ ਵਿੱਚ ਪ੍ਰਵੇਸ਼ ਕਰਨ ਵਾਲੀ ਡਾ. ਟਿਵਾਣਾ ਨੇ ਨਾਵਲ, ਆਲੋਚਨਾ, ਰੇਖਾ ਚਿੱਤਰ, ਸਵੈਜੀਵਨੀ, ਬਾਲ ਸਾਹਿਤ, ਸੰਪਾਦਨ, ਅਨੁਵਾਦ ਆਦਿ ਵਿਭਿੰਨ ਸਾਹਿਤ ਰੂਪਾਂ ਨਾਲ ਪੰਜਾਬੀ ਸਾਹਿਤ ਨੂੰ ਸਮ੍ਰਿੱਧ ਕੀਤਾ। ਉਨ੍ਹਾਂ ਦੀ ਸਮੁੱਚੀ ਰਚਨਾ ਦਾ ਵੇਰਵਾ ਇਸ ਪ੍ਰਕਾਰ ਹੈ :
 

ਕਹਾਣੀ ਸੰਗ੍ਰਹਿ :

ਪ੍ਰਬਲ ਵਹਿਣ, ਤਰਾਟਾਂ, ਵੈਰਾਗੇ ਨੈਣ, ਵੇਦਨਾ, ਤੂੰ ਭਰੀਂ ਹੁੰਗਾਰਾ, ਪੀੜਾਂ(ਸੰਪਾ. ਕੁਲਵੰਤ ਸਿੰਘ ਵਿਰਕ), ਯਾਤਰਾ, ਕਿਸੇ ਦੀ ਧੀ( ਸੰਪਾ. ਕੁਲਵੰਤ ਸਿੰਘ ਵਿਰਕ), ਸਾਧਨਾ, ਮਾਲਣ, ਤੇਰਾ ਕਮਰਾ ਮੇਰਾ ਕਮਰਾ, ਇੱਕ ਕੁੜੀ, ਮੇਰੀਆਂ ਸਾਰੀਆਂ ਕਹਾਣੀਆਂ, ਮੇਰੀ ਪ੍ਰਤੀਨਿਧ ਰਚਨਾ।
 

ਨਾਵਲ :

ਅਗਨੀ ਪ੍ਰੀਖਿਆ, ਇਹੁ ਹਮਾਰਾ ਜੀਵਣਾ, ਵਾਟ ਹਮਾਰੀ, ਤੀਲੀ ਦਾ ਨਿਸ਼ਾਨ, ਸੂਰਜ ਤੇ ਸਮੁੰਦਰ, ਦੂਸਰੀ ਸੀਤਾ, ਸਰਕੰਡਿਆਂ ਦਾ ਦੇਸ਼, ਸਭ ਦੇਸੁ ਪਰਾਇਆ, ਵਿਦ ਇਨ ਵਿਦ ਆਊਟ(ਕਾਵਿ ਸ਼ੈਲੀ ਵਿੱਚ), ਧੁੱਪ ਛਾਂ ਤੇ ਰੁੱਖ, ਲੰਮੀ ਉਡਾਰੀ, ਪੀਲੇ ਪੱਤਿਆਂ ਦੀ ਦਾਸਤਾਨ, ਹਸਤਾਖਰ, ਪੈੜਚਾਲ, ਐਰ ਵੈਰ ਮਿਲਦਿਆਂ, ਰਿਣ ਪਿੱਤਰਾਂ ਦਾ, ਲੰਘ ਗਏ ਦਰਿਆ, ਜਿਮੀਂ ਪੁੱਛੇ ਅਸਮਾਨ, ਕਥਾ ਕੁਕਨੁਸ ਦੀ, ਮੇਰੇ ਪੰਜ ਨਾਵਲ-1, ਮੇਰੇ ਪੰਜ ਨਾਵਲ-2, ਮੇਰੇ ਪੰਜ ਨਾਵਲ-3, ਮੇਰੇ ਪੰਜ ਨਾਵਲ-4, ਦੁਨੀ ਸੁਹਾਵਾ ਬਾਗ਼, ਕਥਾ ਕਹੋ ਉਰਵਸ਼ੀ (ਇਸ ਵਿੱਚ ਪੰਜ ਨਾਵਲ ਹਨ- ਕਥਾ ਕਾਲੇ ਕੋਹਾਂ ਦੀ, ਕਥਾ ਕਲਯੁੱਗ ਦੀ, ਕਥਾ ਅਣਕਹੀ, ਕਥਾ ਇੱਕ ਹਉਕੇ ਦੀ ਅਤੇ ਕਥਾ ਕਾਲ ਅਕਾਲ ਦੀ) ਉਹ ਤਾਂ ਪਰੀ ਸੀ, ਭਉਜਲ, ਜਨਮ ਜੂਐ ਹਾਰਿਆ, ਹੇ ਰਾਮ, ਮੋਹ ਮਾਇਆ, ਖੜ੍ਹਾ ਪੁਕਾਰੇ ਪਾਤਣੀ, ਪੌਣਾਂ ਦੀ ਜਿੰਦ ਮੇਰੀ, ਖਿਤਿਜ ਤੋਂ ਪਾਰ, ਤੀਨ ਲੋਕ ਸੇ ਨਿਆਰੀ, ਤੁਮਰੀ ਕਥਾ ਕਹੀ ਨਾ ਜਾਏ, ਵਿਛੜੇ ਸਭੀ ਬਾਰੀ ਬਾਰੀ, ਤਖ਼ਤ ਹਜ਼ਾਰਾ ਦੂਰ ਕੁੜੇ।
 

ਆਲੋਚਨਾ :

ਆਧੁਨਿਕ ਪੰਜਾਬੀ ਨਿੱਕੀ ਕਹਾਣੀ ਦੇ ਲੱਛਣ ਤੇ ਪ੍ਰਵਿਰਤੀ, ਪੰਜ ਪ੍ਰਮੁੱਖ ਕਹਾਣੀਕਾਰ, ਕਹਾਣੀ ਕਲਾ ਤੇ ਮੇਰਾ ਅਨੁਭਵ।
ਇੰਟਰਵਿਊ, ਲੇਖ ਤੇ ਰੇਖਾ ਚਿੱਤਰ:  ਦਲੀਪ- ਦੁੱਗਲ ਵਾਰਤਾਲਾਪ( ਇੰਟਰਵਿਊ) ਤੇਰੇ ਮੇਰੇ ਸਰੋਕਾਰ (ਲੇਖ) ਜਿਊਣ ਜੋਗੇ (ਰੇਖਾ ਚਿੱਤਰ)

 

ਬਾਲ ਸਾਹਿਤ :

ਫੁੱਲਾਂ ਦੀਆਂ ਕਹਾਣੀਆਂ, ਪੰਛੀਆਂ ਦੀਆਂ ਕਹਾਣੀਆਂ, ਪੰਜਾਂ ਵਿੱਚ ਪਰਮੇਸ਼ਰ।
 

ਪਾਠ ਪੁਸਤਕਾਂ/ ਸੰਪਾਦਨ :

ਬਾਬਾਣੀਆਂ ਕਹਾਣੀਆਂ, ਪੁਤ ਸਪੁਤ ਕਰੇਨਿ, ਪੈੜਾਂ, ਕਾਲੇ ਲਿਖ ਨਾ ਲੇਖ, ਅੱਠੇ ਪਹਿਰ, ਡਾ. ਮੋਹਨ ਸਿੰਘ ਦੀਵਾਨਾ: ਸਾਰੀਆਂ ਕਹਾਣੀਆਂ।
 

ਅਨੁਵਾਦ :

ਕਥਾ ਭਾਰ (ਨਾਮਵਰ ਸਿੰਹ ਵੱਲੋਂ ਸੰਪਾਦਿਤ ਹਿੰਦੀ ਕਹਾਣੀਆਂ), ਪਾਤੁੱਮਾ ਦੀ ਬੱਕਰੀ ਅਤੇ ਬਚਪਨ ਦੀ ਸਹੇਲੀ(ਵੈਦਮ ਮੁਹੰਮਦ ਬਸ਼ੀਰ ਦੀ ਮਲਿਆਲਮ ਪੁਸਤਕ), ਤੁਲਸੀ ਦਾਸ(ਦੇਵਿੰਦਰ ਸਿੰਘ ਦੀ ਹਿੰਦੀ ਪੁਸਤਕ), ਪ੍ਰੇਮ ਚੰਦ ਦੀਆਂ ਚੋਣਵੀਆਂ ਕਹਾਣੀਆਂ (ਰਾਧਾ ਕ੍ਰਿਸ਼ਨ ਵੱਲੋਂ ਸੰਪਾਦਿਤ ਹਿੰਦੀ ਕਹਾਣੀਆਂ)।
 

ਸਵੈਜੀਵਨੀ :

ਨੰਗੇ ਪੈਰਾਂ ਦਾ ਸਫ਼ਰ, ਪੂਛਤੇ ਹੋ ਤੋ ਸੁਨੋ(ਸਾਹਿਤਕ ਸਵੈਜੀਵਨੀ), ਤੁਰਦਿਆਂ ਤੁਰਦਿਆਂ।
 

ਹਿੰਦੀ ਵਿੱਚ :

ਅਤੀਤ ਕਾ ਵਰਤਮਾਨ(ਕਹਾਣੀਆਂ;ਅਨੁ.ਤੇ ਸੰਪਾ. ਮਨਜੀਤ ਕੌਰ ਭਾਟੀਆ)।
 

ਡਾ. ਟਿਵਾਣਾ ਦੀਆਂ ਬਹੁਤ ਸਾਰੀਆਂ ਪੁਸਤਕਾਂ ਹੋਰਨਾਂ ਭਾਸ਼ਾਵਾਂ- ਹਿੰਦੀ, ਉਰਦੂ, ਅੰਗਰੇਜ਼ੀ, ਤਾਮਿਲ, ਮਲਿਆਲਮ, ਤੇਲਗੂ, ਮਰਾਠੀ, ਗੁਜਰਾਤੀ ਆਦਿ ਵਿੱਚ ਵੀ ਅਨੁਵਾਦ ਹੋ ਚੁੱਕੀਆਂ ਹਨ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ:
 

ਨਾਵਲ :

ਅਗਨੀ ਪ੍ਰੀਖਿਆ, ਇਹੁ ਹਮਾਰਾ ਜੀਵਣਾ, ਤੀਲੀ ਦਾ ਨਿਸ਼ਾਨ, ਹਸਤਾਖਰ, ਪੈੜਚਾਲ, ਲੰਘ ਗਏ ਦਰਿਆ, ਕਥਾ ਕੁਕਨਸ ਦੀ।
 

ਸਵੈਜੀਵਨੀ :

ਨੰਗੇ ਪੈਰਾਂ ਦਾ ਸਫ਼ਰ। 
 

ਡਾ. ਟਿਵਾਣਾ ਨੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਮੀਤ ਪ੍ਰਧਾਨ(1991-94) ਅਤੇ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ (1999-2001) ਵਜੋਂ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ।
 

ਉਨ੍ਹਾਂ ਨੂੰ ਪੰਜਾਬੀ ਸਾਹਿਤ ਵਿੱਚ ਪਾਏ ਯੋਗਦਾਨ ਬਦਲੇ ਬਹੁਤ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਮਾਣ-ਸਨਮਾਨ ਪ੍ਰਾਪਤ ਹੋਏ, ਜਿਨ੍ਹਾਂ ਵਿੱਚੋਂ ਕੁਝ ਇੱਕ ਪ੍ਰਮੁੱਖ ਇਸ ਪ੍ਰਕਾਰ ਹਨ। ਭਾਸ਼ਾ ਵਿਭਾਗ ਪੰਜਾਬ ਵੱਲੋਂ 'ਸਾਧਨਾ' ਲਈ ਪੁਰਸਕਾਰ, ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ 'ਇਹੁ ਹਮਾਰਾ ਜੀਵਣਾ' ਲਈ ਰਾਸ਼ਟਰੀ ਪੁਰਸਕਾਰ, ਭਾਰਤ ਸਰਕਾਰ ਦੇ ਸਿੱਖਿਆ ਅਤੇ ਸਮਾਜ ਭਲਾਈ ਮੰਤਰਾਲੇ ਵੱਲੋਂ 'ਪੰਚਾਂ ਵਿੱਚ ਪਰਮੇਸ਼ਰ' ਲਈ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ ਵੱਲੋਂ 'ਪੀਲੇ ਪੱਤਿਆਂ ਦੀ ਦਾਸਤਾਨ' ਲਈ 'ਨਾਨਕ ਸਿੰਘ ਪੁਰਸਕਾਰ', ਭਾਸ਼ਾ ਵਿਭਾਗ ਪੰਜਾਬ ਵੱਲੋਂ 'ਨੰਗੇ ਪੈਰਾਂ ਦਾ ਸਫ਼ਰ' ਲਈ 'ਗੁਰਮੁਖ ਸਿੰਘ ਮੁਸਾਫਿਰ' ਐਵਾਰਡ ਮਿਲਿਆ।
 

ਉਨ੍ਹਾਂ ਨੂੰ 'ਇਆਪਾ' ਕੈਨੇਡਾ ਐਵਾਰਡ, ਭਾਸ਼ਾ ਵਿਭਾਗ ਪੰਜਾਬ ਵੱਲੋਂ 'ਸ਼੍ਰੋਮਣੀ ਪੰਜਾਬੀ ਸਾਹਿਤਕਾਰ' ਪੁਰਸਕਾਰ, ਪੰਜਾਬ ਸਰਕਾਰ ਵੱਲੋਂ ਪ੍ਰਮਾਣ ਪੱਤਰ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ 'ਕਰਤਾਰ ਸਿੰਘ ਧਾਲੀਵਾਲ' ਐਵਾਰਡ, ਪੰਜਾਬੀ ਅਕਾਦਮੀ ਦਿੱਲੀ ਵੱਲੋਂ ਪਿਛਲੇ ਦਹਾਕੇ ਦੀ ਪੰਜਾਬੀ ਨਾਵਲਕਾਰ ਘੋਸ਼ਿਤ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 'ਲਾਈਫ ਫੈਲੋਸ਼ਿਪ'(1994 ਤੋਂ), ਕੰਨੜ ਸੰਸਥਾ 'ਸਾਸਵਤੀ' ਕਰਨਾਟਕ ਵੱਲੋਂ ਨਾਵਲ 'ਕਥਾ ਕੁਕਨਸ ਦੀ' ਲਈ ਨੰਜਾਨਾਗੁਡੂ ਥਿਰੂਮਲਾਂਬਾ ਅਵਾਰਡ', ਭਾਰਤੀ ਭਾਸ਼ਾ ਪ੍ਰੀਸ਼ਦ ਕਲਕੱਤਾ ਵੱਲੋਂ 'ਦੁਨੀ ਸੁਹਾਵਾ ਬਾਗ਼' ਲਈ 'ਵਾਗਦੇਵੀ ਅਵਾਰਡ' ਮਿਲਿਆ।

ਉਨ੍ਹਾਂ ਨੂੰ ਆਨੰਦਪੁਰ ਸਾਹਿਬ ਫਾਊਂਡੇਸ਼ਨ ਵੱਲੋਂ ਖ਼ਾਲਸਾ ਪੰਥ ਦੇ ਤ੍ਰੈਸ਼ਤਾਬਦੀ ਜਸ਼ਨਾਂ ਦੇ ਅਵਸਰ ਤੇ 'ਮਾਤਾ ਸਾਹਿਬ ਕੌਰ ਐਵਾਰਡ', ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ 'ਕਰਤਾਰ ਸਿੰਘ ਧਾਲੀਵਾਲ ਸਰਬ ਸ੍ਰੇਸ਼ਠ ਸਾਹਿਤਕਾਰ ਅਵਾਰਡ'(2000 ਲਈ), ਕੇ ਕੇ ਬਿਰਲਾ ਫਾਊਂਡੇਸ਼ਨ ਵੱਲੋਂ 'ਕਥਾ ਕਹੋ ਉਰਵਸ਼ੀ' ਲਈ 'ਸਰਸਵਤੀ ਸਨਮਾਨ'(2001 ਲਈ), ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਸਨਮਾਨ, ਗਿਆਨੀ ਲਾਲ ਸਿੰਘ ਯਾਦਗਾਰੀ ਟਰੱਸਟ ਪਟਿਆਲਾ ਵੱਲੋਂ 'ਗਿਆਨੀ ਲਾਲ ਸਿੰਘ ਯਾਦਗਾਰੀ ਪੁਰਸਕਾਰ' ਮਿਲਿਆ।

 

ਡਾ. ਟਿਵਾਣਾ ਨੂੰ ਸਾਹਿਤ ਅਤੇ ਵਿੱਦਿਆ ਦੇ ਖੇਤਰ ਵਿਚ ਦਿੱਤੇ ਯੋਗਦਾਨ ਬਦਲੇ ਭਾਰਤ ਸਰਕਾਰ ਵੱਲੋਂ 'ਪਦਮਸ੍ਰੀ', ਜਲੰਧਰ ਦੂਰਦਰਸ਼ਨ ਵੱਲੋਂ 'ਪੰਜ ਪਾਣੀ' ਐਵਾਰਡ, ਪੰਜਾਬ ਸਰਕਾਰ ਵੱਲੋਂ 'ਪੰਜਾਬੀ ਸਾਹਿਤ ਰਤਨ' ਐਵਾਰਡ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਡੀ ਲਿਟ ਦੀ ਆਨਰੇਰੀ ਡਿਗਰੀ। 14 ਅਕਤੂਬਰ 2015 ਨੂੰ ਉਨ੍ਹਾਂ ਨੇ ਅਸਹਿਣਸ਼ੀਲਤਾ ਦੇ ਮੁੱਦੇ ਤੇ 'ਪਦਮ ਸ੍ਰੀ' ਸਨਮਾਨ ਵਾਪਸ ਕਰ ਦਿੱਤਾ ਸੀ। 
 

ਡਾ. ਟਿਵਾਣਾ ਅਤੇ ਉਸ ਦੀਆਂ ਲਿਖਤਾਂ ਉੱਤੇ ਹੇਠ ਲਿਖੀਆਂ ਫਿਲਮਾਂ ਅਤੇ ਸੀਰੀਅਲ ਬਣ ਚੁੱਕੇ ਹਨ : 'ਇਹੁ ਹਮਾਰਾ ਜੀਵਣਾ', 'ਪੀਲੇ ਪੱਤਿਆਂ ਦੀ ਦਾਸਤਾਨ', 'ਵਾਟ ਹਮਾਰੀ', 'ਰਿਣ ਪਿੱਤਰਾਂ ਦਾ', 'ਸੱਚੋ ਸੱਚ ਦੱਸ ਵੇ ਜੋਗੀ' : ਜੀਵਨ ਬਾਰੇ ਡਾਕੂਮੈਂਟਰੀ ਫਿਲਮ, 'ਬੀਬੀ ਬੱਸੋ' - ਕਹਾਣੀ। 
 

ਟਿਵਾਣਾ ਭਾਵੇਂ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਰਹਿੰਦੀ ਰਹੀ, ਪਰ ਉਸ ਦੀਆਂ ਜੜ੍ਹਾਂ ਪਿੰਡ ਵਿੱਚ ਹੀ ਸਨ। ਉਨ੍ਹਾਂ ਦੀਆਂ ਕਹਾਣੀਆਂ/ਨਾਵਲਾਂ ਦੇ ਬਹੁਤ ਸਾਰੇ ਪਾਤਰ ਬਦਲੇ ਹੋਏ ਨਾਵਾਂ- ਥਾਵਾਂ ਨਾਲ ਉਨ੍ਹਾਂ ਦੇ ਆਪਣੇ ਪਿੰਡ ਵਿੱਚੋਂ ਹੀ ਹਨ। ਪਟਿਆਲਾ ਅਤੇ ਪੰਜਾਬੀ ਯੂਨੀਵਰਸਿਟੀ ਦੇ ਦ੍ਰਿਸ਼ ਉਨ੍ਹਾਂ ਦੇ ਨਾਵਲਾਂ 'ਲੰਘ ਗਏ ਦਰਿਆ', 'ਹਸਤਾਖਰ', 'ਪੈੜਚਾਲ', 'ਜਿਮੀ ਪੁੱਛੇ ਅਸਮਾਨ' ਵਿੱਚ ਪ੍ਰਤੀਬਿੰਬਤ ਹੋਏ ਹਨ।
 

ਟਿਵਾਣਾ ਦੇ ਚਾਰ ਨਾਵਲਾਂ (ਅਗਨੀ ਪ੍ਰੀਖਿਆ, ਇਹੁ ਹਮਾਰਾ ਜੀਵਣਾ, ਤੀਲੀ ਦਾ ਨਿਸ਼ਾਨ, ਦੂਸਰੀ ਸੀਤਾ) ਵਿੱਚ ਪੰਜਾਬ ਦੇ ਸਮਾਜਿਕ-ਸੱਭਿਆਚਾਰਕ ਜੀਵਨ ਵਿੱਚ ਔਰਤ ਦੀ ਹੋਂਦ ਤੇ ਹੋਣੀ ਨਾਲ ਸਬੰਧਤ ਏਨੀ ਯਥਾਰਥਕ ਤੇ ਪ੍ਰਮਾਣਿਕ ਸਮੱਗਰੀ ਭਰੀ ਹੋਈ ਹੈ ਕਿ ਇਨ੍ਹਾਂ ਲਿਖਤਾਂ ਨੂੰ ਇਸਤਰੀ- ਦੁੱਖਾਂ ਦੇ ਇਨਸਾਫ਼ ਦੀ ਮੰਗ ਦੇ ਦਸਤਾਵੇਜ਼ਾਂ ਦਾ ਦਰਜਾ ਦਿੱਤਾ ਜਾ ਸਕਦਾ ਹੈ।
 

ਡਾ. ਦਲੀਪ ਕੌਰ ਟਿਵਾਣਾ ਇੱਕ ਅਜਿਹੀ ਸ਼ਖ਼ਸੀਅਤ ਸੀ, ਜਿਸ ਵਿੱਚ ਰਿਆਸਤੀ ਜ਼ਿੰਦਗੀ, ਫੱਕਰਾਂ ਜਿਹੀ ਸਾਦਗੀ ਅਤੇ ਸਾਹਿਤਕ ਚੇਤਨਾ ਦਾ ਸੁਮੇਲ ਹੈ। ਉਨ੍ਹਾਂ ਦੇ ਗਲਪੀ ਚਿੱਤਰਾਂ ਵਿੱਚ ਸਾਧਾਰਨ ਔਰਤ ਦੀ ਪੀੜਾ ਤੋਂ ਲੈ ਕੇ ਸਰਦਾਰੀਆਂ ਦਾ ਦੁਖਾਂਤ, ਔਰਤ ਦੀ ਬੇਇਜ਼ਤੀ ਤੋਂ ਲੈ ਕੇ ਆਧੁਨਿਕ ਔਰਤ ਦੀ ਚੇਤਨਾ ਦਾ ਪਾਸਾਰਾ ਹੈ।
 

ਇਸ ਦੌਰ ਵਿੱਚ ਸ਼ਾਇਦ ਦਲੀਪ ਕੌਰ ਟਿਵਾਣਾ ਹੀ ਇੱਕੋ- ਇੱਕ ਅਜਿਹੀ ਸਾਹਿਤਕਾਰਾ ਸੀ, ਜਿਸ ਬਾਰੇ ਪਿਛਲੇ ਕਰੀਬ ਸਾਢੇ ਤਿੰਨ ਦਹਾਕਿਆਂ ਤੋਂ ਨਿਰੰਤਰ ਚਰਚਾ ਹੋ ਰਹੀ ਹੈ। ਔਰਤ ਦੀ ਤ੍ਰਾਸਦੀ ਤੇ ਹੋਣੀ ਨੂੰ ਆਪਣੀਆਂ ਗਲਪ ਰਚਨਾਵਾਂ ਵਿੱਚ ਮਾਰਮਿਕ ਢੰਗ ਨਾਲ ਬਿਆਨ ਕਰਨ ਵਾਲੀ ਦਲੀਪ ਕੌਰ ਟਿਵਾਣਾ ਭਾਵੇਂ ਸਰੀਰਕ ਤੌਰ ਤੇ ਸਾਥੋਂ ਬਹੁਤ ਦੂਰ ਜਾ ਚੁੱਕੀ ਹੈ, ਪਰ ਉਹ ਆਪਣੀ ਵਿਲੱਖਣ ਕਥਾ-ਸ਼ੈਲੀ ਕਰਕੇ ਹਮੇਸ਼ਾ ਸਾਡੇ ਅੰਗਸੰਗ ਰਹੇਗੀ।

 


 

- ਪ੍ਰੋ . ਨਵ ਸੰਗੀਤ ਸਿੰਘ
ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ,ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ - 151302(ਬਠਿੰਡਾ), 9417692015

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Padma Shri and legendary Punjabi litterateur Dr Dalip Kaur Tiwana