ਅਗਲੀ ਕਹਾਣੀ

ਰਾਇਸ਼ੁਮਾਰੀ–2020 ਲਈ ਪਾਕਿ ISI ਵਰਤ ਰਹੀ ਕਰਤਾਰਪੁਰ ਸਾਹਿਬ ਲਾਂਘਾ: ਕੈਪਟਨ

ਕੈਪਟਨ ਅਮਰਿੰਦਰ ਸਿੰਘ

––  ਇਮਰਾਨ ਖ਼ਾਨ ਤੇ ਕਮਰ ਜਾਵੇਦ ਬਾਜਵਾ ਵਿਚਾਲੇ ਆਪਸ 'ਚ ਹੀ ਤਾਲਮੇਲ ਨਹੀਂ

––  ਮੋਦੀ ਦਾ ਰਾਸ਼ਟਰਵਾਦ ਪੰਜਾਬ ’ਚ ਨਹੀਂ ਚੱਲੇਗਾ

––  ਹੁਣ ਦੇਸ਼–ਹਿਤ ਵਿੱਚ ਇੱਕਜੁਟ ਹੋ ਕੇ ਭਾਜਪਾ ਨੂੰ ਹਰਾਉਣਾ ਜ਼ਰੂਰੀ

––  ਇਮਰਾਨ ਖ਼ਾਨ ਨਾਲ ਦੋਸਤੀ ਕਾਰਨ ਨਵਜੋਤ ਸਿੱਧੂ ਕਈ ਹਕੀਕਤਾਂ ਭੁਲਾ ਬੈਠੇ

––  ਜੇ FCI ਨੇ ਫ਼ਸਲਾਂ ਦੀ ਖ਼ਰੀਦ ਬੰਦ ਕਰ ਦਿੱਤੀ, ਤਾਂ ਪੰਜਾਬ ਸੰਕਟ ਵਿੱਚ ਫਸ ਜਾਵੇਗਾ

––  ਪੰਜਾਬ ਵਿੱਚ ਸਟਾਫ਼ ਦੀ 50% ਕਮੀ

––  ਬੇਅਦਬੀਆਂ ਵਿੱਚ ਬਾਦਲਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਨਹੀਂ ਬਣਾ ਰਹੇ

 

 

ਦੋ ਵਰ੍ਹੇ ਪਹਿਲਾਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡੀਆਂ ਜਿੱਤਾਂ ਹਾਸਲ ਕਰਨ ਵਾਲੇ 77 ਸਾਲਾ ਕੈਪਟਨ ਅਮਰਿੰਦਰ ਸਿੰਘ ਲਈ ਇਸ ਵਾਰ ਲੋਕ ਸਭਾ ਚੋਣਾਂ ਜਿੱਥੇ ਉਨ੍ਹਾਂ ਲਈ ਵੱਡੀ ਚੁਣੌਤੀ ਹਨ, ਉੱਥੇ ਉਨ੍ਹਾਂ ਲਈ ਪਹਿਲੀ ਵੱਡੀ ਚੋਣ–ਪ੍ਰੀਖਿਆ ਵੀ ਹਨ। ਵਿੱਤੀ ਸੰਕਟ ਕਾਰਨ ਸੱਤਾਧਾਰੀ ਕਾਂਗਰਸ ਪਾਰਟੀ ਪੰਜਾਬ ਵਿੱਚ ਆਪਣੇ ਕੁਝ ਚੋਣ–ਵਾਅਦੇ ਪੂਰੇ ਨਹੀਂ ਕਰ ਸਕੀ।

 

 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਾਣ ਨਾਲ ਦੱਸਦੇ ਹਨ ਕਿ ਉਨ੍ਹਾਂ 5.8 ਲੱਖ ਛੋਟੇ ਕਿਸਾਨਾਂ ਦੇ 4,678 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਤੇ ਇਸ ਤੋਂ ਇਲਾਵਾ ਗੈਂਗਸਟਰਾਂ ਤੇ ਦਹਿਸ਼ਤਗਰਦਾਂ ਵਿਰੁੱਧ ਸਖ਼ਤ ਕਾਰਵਾਈਆਂ ਕੀਤੀਆਂ। ਆਪਣੀ ਸਰਕਾਰ ਦੇ ਦੋ ਵਰ੍ਹੇ ਮੁਕੰਮਲ ਹੋਣ ਮੌਕੇ ਕੈਪਟਨ ਨੇ ਐਗਜ਼ੀਕਿਊਟਿਵ ਐਡੀਟਰ ਰਮੇਸ਼ ਵਿਨਾਇਕ ਤੇ ਸੀਨੀਅਰ ਅਸਿਸਟੈਂਟ ਐਡੀਟਰ ਨਵਨੀਤ ਸ਼ਰਮਾ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੀਤੀ ਗੱਲਬਾਤ ਦੇ ਕੁਝ ਵਿਸ਼ੇਸ਼ ਅੰਸ਼:

 

 

ਸੁਆਲ: ਆਪਣੇ ਦੋ ਸਾਲਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ?

ਜੁਆਬ: ਇਹ ਸਫ਼ਰ ਬਹੁਤ ਦਿਲਚਸਪ ਰਿਹਾ ਹੈ। ਜਦੋਂ ਅਸੀਂ ਸੂਬੇ ਦੀ ਸੱਤਾ ਦੀ ਵਾਗਡੋਰ ਸੰਭਾਲੀ ਸੀ, ਤਦ ਵਿੱਤੀ ਹਾਲਤ ਬਹੁਤ ਖ਼ਰਾਬ ਸੀ। ਪੰਜਾਬ ਉੱਤੇ ਕਰਜ਼ਾ ਵਧ ਕੇ 2.10 ਲੱਖ ਕਰੋੜ ਰੁਪਏ ਦਾ ਹੋ ਚੁੱਕਾ ਸੀ। ਸਾਲ 2007 ਦੌਰਾਨ ਜਦੋਂ ਅਸੀਂ ਸਰਕਾਰ ਛੱਡੀ ਸੀ, ਤਦ ਉਹ 43,000 ਕਰੋੜ ਰੁਪਏ ਸੀ। ਸ਼੍ਰੋਮਣੀ ਅਕਾਲੀ ਦਲ–ਭਾਜਪਾ ਸਰਕਾਰ ਨੇ ਇਸ ਵਿੱਚ 1 ਲੱਖ ਕਰੋੜ ਰੁਪਏ ਜੋੜ ਦਿੱਤੇ ਤੇ ਸਾਡੇ ਲਈ 31,000 ਕਰੋੜ ਰੁਪਏ ਦਾ ਫ਼ੂਡ ਕ੍ਰੈਡਿਟ ਅਕਾਊਂਟ ਕਰਜ਼ਾ ਵੀ ਛੱਡ ਦਿੱਤਾ। ਇਸੇ ਲਈ ਸਾਨੂੰ ਸੈਟਲ ਹੋਣ ਵਿੱਚ ਕੁਝ ਸਮਾਂ ਲੱਗ ਗਿਆ। ਅਸੀਂ ਦੋ ਤਰ੍ਹਾਂ ਦੇ ਵਾਅਦੇ ਪੂਰੇ ਕਰਨੇ ਸਨ। ਇੱਕ ਤਾਂ ਹਲਕਾ ਇੰਚਾਰਜਾਂ ਨੂੰ ਜਵਾਬ ਦੇਣਾ ਸੀ ਤੇ ਦੂਜੇ ਵਿੱਤੀ ਉਲਝਣਾਂ ਤੇ ਗੁੰਝਲਾਂ ਨਾਲ ਨਿਪਟਣਾ ਸੀ। ਜਿਵੇਂ ਹੀ ਵਿੱਤੀ ਹਾਲਾਤ ਕੁਝ ਸੁਧਰਨ ਲਗੇ, ਅਸੀਂ ਆਪਣੀਆਂ ਯੋਜਨਾਵਾਂ ਲਾਗੂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਨਸ਼ਿਆਂ ਵਿਰੋਧੀ ਮੁਹਿੰਮ ਤਾਂ ਤੁਰੰਤ ਹੀ ਸ਼ੁਰੂ ਕਰ ਦਿੱਤੀ ਗਈ ਸੀ। ਰੁਜ਼ਗਾਰ ਦੇ ਮੋਰਚੇ ਉੱਤੇ ਅਸੀਂ ਸਰਕਾਰੀ ਤੇ ਨਿਜੀ ਖੇਤਰਾਂ ਵਿੱਚ 6.5 ਲੱਖ ਵਿਅਕਤੀਆਂ ਨੂੰ ਰੁਜ਼ਗਾਰ ਦਿੱਤਾ।

 

 

ਸੁਆਲ: ਪਰ ਪੰਜਾਬ ਤਾਂ ਹਾਲੇ ਵੀ ਕਰਜ਼ੇ ਵਿੱਚ ਡੁੱਬਿਆ ਪਿਆ ਹੈ?

ਜੁਆਬ: ਇਸ ਤੋਂ ਕੋਈ ਇਨਕਾਰ ਨਹੀਂ। ਮੰਦੇਭਾਗੀਂ ‘ਗੁੱਡਜ਼ ਐਂਡ ਸਰਵਿਸੇਜ਼ ਟੈਕਸ’ (GST) ਤੇ ਨੋਟਬੰਦੀ ਕਾਰਨ ਔਕੜਾਂ ਵਿੱਚ ਹੋਰ ਵਾਧਾ ਹੋ ਗਿਆ। ਜ਼ਮੀਨਾਂ ਦੇ ਲੈਣ–ਦੇਣ ਲੰਮੇ ਸਮੇਂ ਤੋਂ ਰੁਕੇ ਪਏ ਸਨ ਤੇ ਸਟੈਂਪ ਡਿਊਟੀ ਰਾਹੀਂ ਹੋਣ ਵਾਲੀ ਆਮਦਨ ਵੀ ਘਟ ਗਈ ਸੀ ਪਰ ਹੁਣ ਹਾਲਾਤ ਸੁਧਰ ਰਹੇ ਹਨ। ਉਦਯੋਗਿਕ ਖੇਤਰ ਵਿੱਚ ਬਿਜਲੀ ਦੀ ਖਪਤ 13% ਵਧ ਗਈ ਹੈ। ਮੰਡੀ ਗੋਬਿੰਦਗੜ੍ਹ ਜਿਹੇ ਸਨਅਤੀ ਸ਼ਹਿਰਾਂ, ਜਿੱਥੇ ਉਦਯੋਗ ਬਿਲਕੁਲ ਹੀ ਬੰਦ ਹੋ ਗਏ ਸਨ ਤੇ ਸਿਰਫ਼ 8 ਜਾਂ 10 ਯੂਨਿਟਾਂ ਹੀ ਚੱਲ ਰਹੀਆਂ ਸਨ; ਵਿੱਚ ਹੁਣ ਇੱਕ ਵਾਰ ਫਿਰ ਚਹਿਲ–ਪਹਿਲ ਵਿਖਾਈ ਦੇਣ ਲੱਗ ਪਈ ਹੈ। ਹੁਣ ਸਾਰੀਆਂ 300 ਯੂਨਿਟਾਂ ਚੱਲ ਰਹੀਆਂ ਹਨ ਤੇ ਉਨ੍ਹਾਂ ਦਾ ਕਾਰੋਬਾਰ ਵਧ ਰਿਹਾ ਹੈ। ਅਸੀਂ ਉਦਯੋਗ ਨੂੰ ਪੂਰਾ ਸਮਰਥਨ ਦੇ ਰਹੇ ਹਾਂ। ਜੇ ਵਿੱਤੀ ਹਾਲਾਤ ਸੁਧਰੇ, ਤਾਂ ਅਸੀਂ ਦੋ ਲੱਖ ਰੁਪਏ ਤੋਂ ਵੱਧ ਦੇ ਕਰਜ਼ੇ ਵੀ ਮਾਫ਼ ਕਰਾਂਗੇ।

 

 

ਸੁਆਲ: ਕੋਈ ਖ਼ਾਸ ਕਦਮ ਜਿਹੜੇ ਤੁਸੀਂ ਚੁੱਕੇ ਹੋਣ?

ਜੁਆਬ: ਅਸੀਂ ਵਿੱਤੀ ਘਾਟਾ 12 ਫ਼ੀ ਸਦੀ ਤੋਂ ਘਟਾ ਕੇ 2 ਫ਼ੀ ਸਦੀ ਉੱਤੇ ਲਿਆਂਦਾ। ਸਟੈਂਪ ਡਿਊਟੀ ਉੱਤੇ ਆਮਦਨ ਵਧ ਰਹੀ ਹੈ। ਇਕੱਲੇ ਮੋਹਾਲੀ ਸ਼ਹਿਰ ਵਿੱਚ ਹੀ ਦੋ ਮਹੀਨਿਆਂ ਅੰਦਰ 300 ਰਜਿਸਟ੍ਰੇਸ਼ਨਾਂ ਹੋਈਆਂ ਹਨ। ਪੰਜਾਬ ਵਿੱਚ ਬੰਪਰ ਫ਼ਸਲ ਹੋਈ ਹੈ ਤੇ ਟੈਕਸਾਂ ਦੀਆਂ ਰਕਮਾਂ ਵਧ ਰਹੀਆਂ ਹਨ। ਪਰ ਕੇਂਦਰ ਸਰਕਾਰ ਵੱਲੋਂ ਫ਼ਸਲਾਂ ਉਸ ਰਫ਼ਤਾਰ ਨਾਲ ਨਹੀਂ ਖ਼ਰੀਦੀਆਂ ਜਾ ਰਹੀਆਂ। ਸੂਬੇ ਦੇ ਗੋਦਾਮ ਭਰੇ ਪਏ ਹਨ। ਆਉਣ ਵਾਲੀ ਕਣਕ ਦੀ ਫ਼ਸਲ ਰੱਖਣ ਲਈ ਕਿਤੇ ਇੱਕ ਕਮਰਾ ਵੀ ਮੌਜੂਦ ਨਹੀਂ ਹੈ।

 

 

ਸੁਆਲ: ਅਜਿਹੀਆਂ ਰਿਪੋਰਟਾਂ ਮਿਲ ਰਹੀਆਂ ਹਨ ਕਿ ਐਫ਼ਸੀਆਈ (FCI) ਫ਼ਸਲਾਂ ਦੀ ਖ਼ਰੀਦ ਕਰਨਾ ਬੰਦ ਕਰ ਸਕਦੀ ਹੈ।

ਜੁਆਬ: ਫਿਰ ਤਾਂ ਪੰਜਾਬ ਸੰਕਟ ਵਿੱਚ ਆ ਜਾਵੇਗਾ। ਕੇਂਦਰ ਨੂੰ ਉਦੋਂ ਤੱਕ ਫ਼ਸਲਾਂ ਖ਼ਰੀਦਣੀਆਂ ਹੋਣਗੀਆਂ, ਜਦੋਂ ਤੱਕ ਫਸਲਾਂ ਦੀ ਵਿਭਿੰਨਤਾ ਸ਼ੁਰੂ ਨਹੀਂ ਹੋ ਜਾਂਦੀ। ਉਦਾਹਰਣ ਵਜੋਂ ਕੇਂਦਰ ਸਰਕਾਰ ਨੇ ਮੱਕੀ ਲਈ ਘੱਟੋ–ਘੱਟ ਸਮਰਥਨ ਮੁੱਲ ਤਾਂ ਐਲਾਨਿਆ ਹੈ ਪਰ ਉਸ ਦੀ ਖ਼ਰੀਦ ਲਈ ਐੱਫ਼ਸੀਆਈ ਵਰਗੀ ਕੋਈ ਏਜੰਸੀ ਮੌਜੂਦ ਨਹੀਂ ਹੈ। ਕੁਝ ਵਾਰ ਤਾਂ ਕੇਂਦਰ ਸਰਕਾਰ ਵੱਲੋਂ ਐਲਾਨੇ ਮੁੱਲ ਤੋਂ ਵੀ ਅੱਧੀ ਕੀਮਤ ਹੀ ਕਿਸਾਨਾਂ ਨੂੰ ਮਿਲਦੀ ਹੈ। ਜੇ ਤੁਹਾਨੂੰ ਫ਼ਸਲੀ–ਵਿਭਿੰਨਤਾ ਚਾਹੀਦੀ ਹੈ, ਤਾਂ ਸਾਨੁੰ ਖਪਤ ਏਜੰਸੀਆਂ ਦੀ ਲੋੜ ਹੈ। ਇਸੇ ਲਈ ਅਸੀਂ ਖ਼ੁਰਾਕ ਉਦਯੋਗ ਨੂੰ ਹੱਲਾਸ਼ੇਰੀ ਦੇ ਰਹੇ ਹਾਂ। ਪੰਜਾਬ ਨੇ ਰਾਸ਼ਟਰ ਲਈ ਬਹੁਤ ਲੰਮਾ ਸਮਾਂ ਅਨਾਜ ਪੈਦਾ ਕੀਤਾ ਹੈ ਪਰ ਸਰਕਾਰ ਨੂੰ ਸਰਕਾਰ ਨੂੰ ਨਵੀਂਆਂ ਮੰਡੀਆਂ ਬਣਾਉਣੀਆਂ ਹੋਣਗੀਆਂ ਕਿਉਂਕਿ ਹੁਣ ਕਣਕ ਤੇ ਝੋਨਾ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਵੀ ਉਗਾਏ ਜਾਂਦੇ ਹਨ।

 

 

ਸੁਆਲ: ਤੁਸੀਂ ਸਮਾਰਟਫ਼ੋਨ ਦੇਣ, ਬੇਰੋਜ਼ਗਾਰੀ ਭੱਤਾ ਦੇਣ, ਕਿਸਾਨਾਂ ਲਈ ਘੱਟੋ–ਘੱਟ ਆਮਦਨ ਤੇ 1,500 ਰੁਪਏ ਦੀ ਭਲਾਈ ਪੈਨਸ਼ਨ ਜਿਹੇ ਵਾਅਦੇ ਕੀਤੇ ਸਨ, ਉਨ੍ਹਾਂ ਬਾਰੇ ਕੀ ਕਹਿਣਾ ਚਾਹੋਗੇ?

ਜੁਆਬ: ਸਭ ਤੋਂ ਪਹਿਲਾਂ ਅਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ ਚਾਹੁੰਦੇ ਸਾਂ, ਜਿਸ ਲਈ ਸਾਨੂੰ 9,500 ਕਰੋੜ ਰੁਪਏ ਚਾਹੀਦੇ ਸਨ। ਮੈਂ ਤਾਂ ਆਸਾਨੀ ਨਾਲ ਮੋਬਾਇਲ ਫ਼ੋਨ ਦੇ ਦੇਣੇ ਸਨ ਪਰ ਸਾਨੂੰ ਸਮਾਰਟਫ਼ੋਨ ਚਾਹੀਦੇ ਸਨ। ਅਸੀਂ ਫ਼ੋਨ ਚੁਣ ਲਏ ਸਨ ਪਰ ਸਾਨੂੰ ਸਿਰਫ਼ 25,000 ਫ਼ੋਨ ਹੀ ਮਿਲ ਸਕੇ। ਆਰਡਰ ਦਿੱਤੇ ਜਾ ਚੁੱਕੇ ਹਨ ਤੇ ਅਸੀਂ ਲੋਕ ਸਭਾ ਚੋਣਾਂ ਤੋਂ ਬਾਅਦ ਪਹਿਲੇ ਗੇੜ ਵਿੱਚ ਤਿੰਨ ਲੱਖ ਫ਼ੋਨ ਵੰਡਾਂਗੇ ਤੇ ਸਕੂਲਾਂ ਅਤੇ ਕਾਲਜਾਂ ਤੋਂ ਸ਼ੁਰੂਆਤ ਕੀਤੀ ਜਾਵੇਗੀ।

 

 

ਸੁਆਲ: ਕੀ ਤੁਸੀਂ ਆਪਣੇ ਮੰਤਰੀਆਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦੇ ਹੋ? ਜੇ ਹਾਂ, ਤਾਂ ਕੀ ਤੁਸੀਂ ਉਨ੍ਹਾਂ ਤੋਂ ਸੰਤੁਸ਼ਟ ਹੋ?

ਜੁਆਬ: ਮੈਂ ਉਨ੍ਹਾਂ ਦੇ ਕੰਮ ਵਿੱਚ ਉਦੋਂ ਤੱਕ ਕੋਈ ਦਖ਼ਲ ਨਹੀਂ ਦਿੰਦਾ, ਜਦੋਂ ਤੱਕ ਕਿ ਅਸੀਂ ਉਨ੍ਹਾਂ ਲਈ ਕੋਈ ਖ਼ਾਸ ਨੀਤੀ ਨਾ ਉਲੀਕੀ ਹੋਵੇ। ਕੰਮ ਕਰਨਾ ਉਨ੍ਹਾਂ ਦੀ ਡਿਊਟੀ ਹੈ। ਸਾਡੇ ਮੰਤਰੀ ਬਹੁਤ ਵਧੀਆ ਹਨ ਤੇ ਦੂਜੇ ਬਹੁਤ ਸਖ਼ਤ ਮਿਹਨਤ ਕਰ ਰਹੇ ਹਨ। ਕੁਝ ਮੰਤਰੀ ਨਵੇਂ ਹਨ ਤੇ ਹੌਲੀ–ਹੌਲੀ ਸਭ ਕੁਝ ਸਿੱਖ ਰਹੇ ਹਨ। ਛੇਤੀ ਹੀ ਸਭ ਕੁਝ ਠੀਕਠਾਕ ਹੋ ਜਾਵੇਗਾ।

 

 

ਸੁਆਲ: ਦੋ ਸਾਲਾਂ ਬਾਅਦ ਵੀ ਤੁਹਾਡੇ ਮੰਤਰੀ ਹਰ ਗੱਲ ਲਈ ਪਿਛਲੀ ਸ਼੍ਰੋਮਣੀ ਅਕਾਲੀ ਦਲ–ਭਾਜਪਾ ਸਰਕਾਰ ਉੱਤੇ ਦੋਸ਼ ਲਾ ਰਹੇ ਹਨ, ਕੀ ਇਹ ਠੀਕ ਹੈ?

ਜੁਆਬ: ਬਿਲਕੁਲ ਠੀਕ ਹੈ। ਮੈਂ ਹੀ ਨਹੀਂ, ਮਾੜੀ ਆਰਥਿਕ ਹਾਲਤ ਲਈ ਸਾਰੇ ਹੀ ਉਨ੍ਹਾਂ ਉੱਤੇ ਦੋਸ਼ ਲਾ ਰਹੇ ਹਨ। ਸਾਡੇ ਡਾਕਟਰਾਂ, ਨਰਸਾਂ, ਅਧਿਆਪਕਾਂ ਤੇ ਪੁਲਿਸ ਮੁਲਾਜ਼ਮਾਂ ਦੀ ਘਾਟ ਹੈ ਪਰ ਫ਼ੰਡਾਂ ਦੀ ਘਾਟ ਕਾਰਨ ਅਸੀਂ ਕੁਝ ਕਰ ਹੀ ਨਹੀਂ ਸਕਦੇ। ਸਾਡੇ ਕੋਲ ਸਟਾਫ਼ ਦੀ 50% ਘਾਟ ਹੈ।

 

 

ਸੁਆਲਾਂ ਦੇ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ –– ਇਸ ਵੇਲੇ ਚੋਣਾਂ ਕਾਰਨ ਕਿਸਾਨ ਯੂਨੀਅਨਾਂ, ਅਧਿਆਪਕ, ਸਰਕਾਰੀ ਮੁਲਾਜ਼ਮ ਤੇ ਕੁਝ ਹੋਰ ਸਮੂਹ ਰੋਸ ਮੁਜ਼ਾਹਰੇ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਜਿਹੇ ਵੇਲੇ ਸਰਕਾਰ ਦੀ ਬਾਂਹ ਮਰੋੜ ਕੇ ਉਸ ਤੋਂ ਕੁਝ ਕਢਵਾਇਆ ਜਾ ਸਕਦਾ ਹੈ।

 

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਵੇਲੇ ਹਾਲਾਤ 2014 ਤੋਂ ਕੁਝ ਵੱਖਰੀ ਕਿਸਮ ਦੇ ਹਨ ਕਿਉਂਕਿ ਉਦੋਂ ਸਭ ਨੂੰ ਆਮ ਆਦਮੀ ਪਾਰਟੀ ਤੋਂ ਵੱਡੀਆਂ ਆਸਾਂ ਸਨ। ਤਦ ਪਟਿਆਲਾ ਵਿੱਚ ਕਾਂਗਰਸ ਨੂੰ ਆਮ ਆਦਮੀ ਪਾਰਟੀ ਤੋਂ 15,000 ਵੋਟਾਂ ਘੱਟ ਮਿਲੀਆਂ ਸਨ। ਸੰਗਰੂਰ ਤੇ ਬਠਿੰਡਾ ਵਿੱਚ ਵੀ ਅਜਿਹੇ ਹਾਲਾਤ ਸਨ। ਹਰ ਕੋਈ ਆਮ ਆਦਮੀ ਪਾਰਟੀ ਪਿੱਛੇ ਨੱਸਣਾ ਚਾਹੁੰਦਾ ਸੀ ਪਰ ਹੁਣ ਉਹ ਪਾਰਟੀ ਦੋਫਾੜ ਹੋ ਚੁੱਕੀ ਹੈ ਤੇ ਅਕਾਲੀਆਂ ਨਾਲ ਵੀ ਇਹੋ ਕੁਝ ਹੋਇਆ ਹੈ। ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇੱਕਜੁਟ ਹੈ।

 

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹਾ ਕਹਿਣਾ ਬਿਲਕੁਲ ਗ਼ਲਤ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਵਿੱਚ ਬਾਦਲਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਮਾਮਲੇ ਦੀ ਜਾਂਚ SIT (Special Investigation Team – ਵਿਸ਼ੇਸ਼ ਜਾਂਚ ਟੀਮ) ਵੱਲੋਂ ਕੀਤੀ ਜਾ ਕੀਤੀ ਜਾ ਰਹੀ ਹੈ। ‘ਮੈਨੂੰ ਦੱਸਿਆ ਗਿਆ ਹੈ ਕਿ ਟੀਮ ਨੇ 300 ਵਿਅਕਤੀਆਂ ਨਾਲ ਗੱਲਬਾਤ ਤੇ ਪੁੱਛਗਿੱਛ ਕੀਤੀ ਹੈ ਤੇ ਹੁਣ ਉਹ ਕਿਸੇ ਨਤੀਜੇ ਉੱਤੇ ਪੁੱਜ ਰਹੇ ਹਨ। ਰਣਜੀਤ ਸਿੰਘ ਕਮਿਸ਼ਨ ਵੀ ਇਸੇ ਦਿਸ਼ਾ ਵੱਲ ਅੱਗੇ ਵਧਿਆ ਸੀ। ਅਸੀਂ ਸਿਰਫ਼ ਕਮਿਸ਼ਨ ਰਿਪੋਰਟ ਦੀਆਂ ਗੱਲਾਂ ਹੀ ਆਖਦੇ ਹਾਂ, ਸਾਨੂੰ ਕਿਸੇ ਖ਼ਾਸ ਵਿਅਕਤੀ ਵਿੱਚ ਕੋਈ ਦਿਲਚਸਪੀ ਨਹੀਂ ਹੈ।’

 

 

ਜਦੋਂ ਮੁੱਖ ਮੰਤਰੀ ਤੋਂ ਪੁੱਛਿਆ ਗਿਆ ਕਿ ਅਕਾਲੀਆਂ ਨੇ ਰਣਜੀਤ ਸਿੰਘ ਕਮਿਸ਼ਨ ਨੂੰ ਰੱਦ ਕਰ ਦਿੱਤਾ ਹੈ ਤੇ ਉਹ ਸੀਬੀਆਈ ਜਾਂਚ ਚਾਹੁੰਦੇ ਹਨ; ਤਾਂ ਉਨ੍ਹਾਂ ਜਵਾਬ ਦਿੱਤਾ ਕਿ ਉਨ੍ਹਾਂ ਨੇ ਤਾਂ ਆਪਣੇ ਹੀ ਬਣਾਏ ਜ਼ੋਰਾ ਸਿੰਘ ਕਮਿਸ਼ਨ ਨੂੰ ਵੀ ਰੱਦ ਕਰ ਦਿੱਤਾ ਸੀ। ਉਹ ਸਿਰਫ਼ ਇਸ ਮਾਮਲੇ ਵਿੱਚ ਦੇਰੀ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਆਪਣੇ ਖ਼ੁਦ ਦੇ ਕਮਿਸ਼ਨ ਉੱਤੇ ਭਰੋਸਾ ਨਹੀਂ, ਉਨ੍ਹਾਂ ਨੂੰ ਰਣਜੀਤ ਸਿੰਘ ਕਮਿਸ਼ਨ ਉੱਤੇ ਭਰੋਸਾ ਨਹੀਂ, SIT ਉੱਤੇ ਵਿਸ਼ਵਾਸ ਨਹੀਂ; ਤਾਂ ਫਿਰ ਵਿਸ਼ਵਾਸ ਕਿਸ ਉੱਤੇ ਹੈ। ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਸੀ ਪਰ ਉਸ ਨੇ ਨਾਂਹ ਕਰ ਦਿੱਤੀ। ਕੈਪਟਨ ਨੇ ਦੱਸਿਆ ਕਿ ਇਸ ਵੇਲੇ SIT ਦਾ ਜੋ ਮੁਖੀ ਹੈ, ਉਸ ਨੇ 14 ਸਾਲ ਸੀਬੀਆਈ ਵਿੱਚ ਕੰਮ ਕੀਤਾ ਹੈ।

 

 

ਸੁਆਲਾਂ ਦੇ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਹੋਰਨਾਂ ਦੇ ਕਹੇ ਉੱਤੇ ਬਾਦਲਾਂ ਨੂੰ ਤੁਰੰਤ ਫੜ ਕੇ ਜੇਲ੍ਹ ਨਹੀਂ ਭੇਜ ਸਕਦੇ। ਇੰਝ ਕਿਵੇਂ ਕੀਤਾ ਜਾ ਸਕਦਾ ਹੈ। ਜੇ ਕੋਈ ਵਿਅਕਤੀ ਦੋਸ਼ੀ ਸਿੱਧ ਹੁੰਦਾ ਹੈ, ਤਦ ਵੀ ਕਾਨੂੰਨ ਮੁਤਾਬਕ ਹੀ ਕਾਰਵਾਈ ਹੁੰਦੀ ਹੈ। ਪਿਛਲੀ ਵਾਰ ਵੀ ਮੈਂ ਤਾਂ ਉਨ੍ਹਾਂ ਨੂੰ ਜੇਲ੍ਹ ਨਹੀਂ ਭੇਜਿਆ ਸੀ, ਉਹ ਤਾਂ ਅਦਾਲਤੀ ਫ਼ੈਸਲਾ ਸੀ।

 

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਕਦੇ ਕਿਸੇ ਧਾਰਮਿਕ ਜੱਥੇਬੰਦੀ ਦੇ ਕੰਮਕਾਜ ਵਿੱਚ ਕੋਈ ਦਖ਼ਲ ਨਹੀਂ ਦਿੱਤਾ ਪਰ ਹਰੇਕ ਸਿੱਖ ਨੂੰ ਇਹ ਫ਼ੈਸਲਾ ਕਰਨ ਦਾ ਅਧਿਕਾਰ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸ ਨੂੰ ਚਲਾਉਣਾ ਚਾਹੀਦਾ ਹੈ। ਇਸ ਜੱਥੇਬੰਦੀ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਚੋਣਾਂ ਨਹੀਂ ਹੋਈਆਂ। ਭਾਜਪਾ ਉਦੋਂ ਤੱਕ ਇਹ ਚੋਣਾਂ ਨਹੀਂ ਹੋਣ ਦੇਵੇਗੀ, ਜਦੋਂ ਤੱਕ ਬਾਦਲ ਉਸ ਲਈ ਤਿਆਰ ਨਹੀਂ ਹੋ ਜਾਂਦੇ। ‘ਜਦੋਂ ਚੋਣਾਂ ਆਉਣਗੀਆਂ, ਤਾਂ ਮੈਂ ਉਸ ਗੁੱਟ ਨੂੰ ਆਪਣੀ ਹਮਾਇਤ ਦੇਵਾਂਗਾ, ਜੋ ਬਾਦਲਾਂ ਦਾ ਵਿਰੋਧ ਕਰੇਗਾ।’

 

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਵੇਲੇ ਚੋਣਾਂ ਕਾਰਨ ਭਾਵੇਂ ਕੋਈ ਕਿੰਨਾ ਵੀ ਰਾਸ਼ਟਰੀ ਸੁਰੱਖਿਆ ਤੇ ਰਾਸ਼ਟਰਵਾਦ ਦੇ ਮੁੱਦੇ ਚੁੱਕੇ, ਉਨ੍ਹਾਂ ਦਾ ਪੰਜਾਬ ਜਾਂ ਹੋਰ ਕਿਤੇ ਕੋਈ ਫ਼ਾਇਦਾ ਨਹੀਂ ਹੋਣਾ। ਭਾਰਤੀ ਹਵਾਈ ਫ਼ੌਜ ਵੱਲੋਂ ਕਾਰਵਾਈ ਕਰਨਾ ਉਸ ਦਾ ਕੰਮ ਸੀ। ਜਦੋਂ ਪੁਲਵਾਮਾ ਵਿੱਚ 40 ਜਵਾਨ ਸ਼ਹੀਦ ਹੋ ਗਏ ਸਨ, ਤਦ ਸਰਕਾਰ ਦਾ ਵੀ ਇਹ ਫ਼ਰਜ਼ ਸੀ ਕਿ ਕੋਈ ਕਾਰਵਾਈ ਕਰਦੀ। ਮੈਂ ਪੜ੍ਹਿਆ ਹੈ ਕਿ ਉਹ ਹਮਲੇ ਅੰਸ਼ਕ ਤੌਰ ਉੱਤੇ ਹੀ ਸਫ਼ਲ ਹੋਏ ਸਨ। ਭਾਜਪਾ ਉਸ ਮਾਮਲੇ ਨੂੰ ਕੈਸ਼ ਕਰਵਾਉਣਾ ਚਾਹੁੰਦੀ ਹੈ ਕਿਉਂਕਿ ਉਸ ਕੋਲ ਹੋਰ ਕੁਝ ਤਾਂ ਹੈ ਨਹੀਂ ਪਰ ਉਨ੍ਹਾਂ ਨੂੰ ਰਾਸ਼ਟਰੀ ਸੁਰੱਖਿਆ ਨਾਲ ਨਹੀਂ ਖੇਡਣਾ ਚਾਹੀਦਾ। ਉਨ੍ਹਾਂ ਨੂੰ ਥਲ ਸੈਨਾ ਤੇ ਹਵਾਈ ਫ਼ੌਜ ਨੂੰ ਵੱਖ ਰੱਖਣਾ ਚਾਹੀਦਾ ਹੈ।

 

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਾਲੇ ਚੋਣਾਂ ਹੋਣ ਵਿੱਚ ਦੋ ਮਹੀਨੇ ਪਏ ਹਨ ਤੇ ਤਦ ਤਦ ਲੋਕਾਂ ਨੂੰ ਇਹ ਅਹਿਸਾਸ ਹੋ ਜਾਣਾ ਹੈ ਕਿ ਕੇਂਦਰ ਵਿੱਚ ਸਰਕਾਰ ਭਾਵੇਂ ਕੋਈ ਵੀ ਹੁੰਦੀ, ਉਸ ਨੇ ਪਾਕਿਸਤਾਨ ਉੱਤੇ ਅਜਿਹੇ ਹਵਾਈ ਹਮਲੇ ਜ਼ਰੂਰ ਕਰਨੇ ਸਨ।

 

 

ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਸੁਆਲਾਂ ਦੇ ਜੁਆਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦਰਅਸਲ ਨਵਜੋਤ ਸਿੱਧੂ ਦੀ ਇਮਰਾਨ ਖ਼ਾਨ ਨਾਲ ਦੋਸਤੀ ਹੈ; ਇਸ ਲਈ ‘ਨਵਜੋਤ ਕੁਝ ਹੋਰ ਹਕੀਕਤਾਂ ਨੂੰ ਭੁਲਾ ਬੈਠਾ। ਉਹ ਹੁਣ ਸ਼ਾਂਤੀ ਦੀ ਗੱਲ ਕਰ ਰਿਹਾ ਹੈ ਪਰ ਅਜਿਹੀ ਗੱਲਬਾਤ ਉਦੋਂ ਹੀ ਹੁੰਦੀ ਹੈ, ਜਦੋਂ ਸਮਾਂ ਠੀਕ ਹੋਵੇ; ਹਾਲੇ ਸਮਾਂ ਠੀਕ ਨਹੀਂ ਹੈ। ਪਰ ਵਿਸ਼ਵ ਦੀ ਹਰ ਜੰਗ ਸ਼ਾਂਤੀ–ਵਾਰਤਾ ਨਾਲ ਹੀ ਖ਼ਤਮ ਹੁੰਦੀ ਹੈ। ਪੰਜਾਬ ਵਿੱਚ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਕੀ ਕੁਝ ਕਰਵਾਉਣਾ ਚਾਹੁੰਦੀ ਹੈ? ਅਸੀਂ ਦਹਿਸ਼ਤਗਰਦਾਂ ਦੇ 22 ਮਾਡਿਯੂਲ ਨਸ਼ਟ ਕੀਤੇ ਹਨ ਤੇ ਉਨ੍ਹਾਂ ਕੋਲੋਂ ਗ੍ਰੇਨੇਡ ਤੇ ਹਥਿਆਰ ਬਰਾਮਦ ਕੀਤੇ ਹਨ। ਉਹ ਸਾਰਾ ਅਸਲਾ ਪਾਕਿਸਤਾਨ ਦਾ ਬਣਿਆ ਹੋਇਆ ਸੀ। ਜੰਗ ਜਦੋਂ ਚੱਲ ਰਹੀ ਹੋਵੇ, ਤਦ ਗੱਲਬਾਤ ਕਿਵੇਂ ਹੋ ਸਕਦੀ ਹੈ? ਇਮਰਾਨ ਖ਼ਾਨ ਤਾਂ ਸ਼ਾਂਤੀ ਦੀ ਗੱਲ ਕਰ ਰਿਹਾ ਹੈ ਪਰ ਉਸ ਦਾ ਸਾਥੀ ਤੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਜੰਗ ਦੀਆਂ ਗੱਲਾਂ ਕਰ ਰਿਹਾ ਹੈ।’

 

 

ਸੁਆਲਾਂ ਦੇ ਜੁਆਬ ਦਿੰਦਿਆਂ ਕੈਪਟਨ ਨੇ ਅੱਗੇ ਕਿਹਾ ਕਿ ਪਾਕਿਸਤਾਨ ਅਸਲ ਵਿੱਚ ਨਹੀਂ ਚਾਹੁੰਦਾ ਕਿ ਕਰਤਾਰਪੁਰ ਸਾਹਿਬ ਲਾਂਘਾ ਮੁਕੰਮਲ ਹੋਵੇ। ਉਹ 2020–ਰਾਇਸ਼ੁਮਾਰੀ ਲਈ ਸਿੱਖਾਂ ਦੀ ਹਮਦਰਦੀ ਚਾਹੁੰਦਾ ਹੈ। ਬਾਜਵਾ ਦਾ ਏਜੰਡਾ ਹੀ ਇਹੋ ਹੈ, ਇਸੇ ਲਈ ਉਹ ਕਰਤਾਰਪੁਰ ਸਾਹਿਬ ਲਾਂਘਾ ਤਿਆਰ ਕਰਵਾਉਣਾ ਚਾਹੁੰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ 100 ਫ਼ੀ ਸਦੀ ਆਈਐੱਸਆਈ ਦਾ ਪ੍ਰੋਜੈਕਟ ਹੈ। ਰਾਇਸ਼ੁਮਾਰੀ ਦੀਆਂ ਗੱਲਾਂ ਵੀ ਉਹੀ ਖ਼ੁਫ਼ੀਆ ਏਜੰਸੀ ਕਰਵਾ ਰਹੀ ਹੈ। ਇਹ ਸਾਰੇ ਆਪਰੇਸ਼ਨ ਆਈਐੱਸਆਈ ਚਲਾ ਰਹੀ ਹੈ।

 

 

ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਕਿ ਪੰਜਾਬ ਵਿੱਚ ਸਰਕਾਰ ਚਲਾਉਣ ਲਈ ਅਫ਼ਸਰਸ਼ਾਹਾਂ ਦੀ ਆਊਟਸੋਰਸਿੰਗ ਕੀਤੀ ਜਾ ਰਹੀ ਹੈ। ਸਾਰੇ ਮੰਤਰੀ ਆਜ਼ਾਦ ਹਨ। ਉਨ੍ਹਾਂ ਦੇ ਸਕੱਤਰ ਉਨ੍ਹਾਂ ਨੂੰ ਰਿਪੋਰਟ ਕਰਦੇ ਹਨ। ਜੇ ਉਨ੍ਹਾਂ ਕਦੇ ਮੈਨੂੰ ਮਿਲਣਾ ਹੁੰਦਾ ਹੈ, ਤਾਂ ਉਹ ਸਾਰੇ ਇਕੱਠੇ ਆਉਂਦੇ ਹਨ।

 

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹੁਣ ਵੇਲਾ ਆ ਗਿਆ ਹੈ ਕਿ ਦੇਸ਼ ਦੇ ਹਿਤ ਵਿੱਚ ਇੱਕਜੁਟ ਹੋ ਕੇ ਭਾਜਪਾ ਨੂੰ ਹਰਾਇਆ ਜਾਵੇ ਤੇ ਦੇਸ਼ ਦੇ ਧਰਮ–ਨਿਰਪੱਖ ਤਾਣੇ–ਬਾਣੇ ਨੂੰ ਬਚਾਇਆ ਜਾਵੇ। ਇੱਥੇ ਮੁਸਲਮਾਨਾਂ ਤੇ ਈਸਾਈਆਂ ਦੀ ਵੱਡੀ ਆਬਾਦੀ ਵਸਦੀ ਹੈ। ਹਰ ਤਰ੍ਹਾਂ ਦੇ ਲੋਕ ਇੱਥੇ ਹਨ।

ਕੈਪਟਨ ਅਮਰਿੰਦਰ ਸਿੰਘ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak ISI is using Kartarpur Sahib Corridor for Referendum 2020 Captain