ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨੀ ਰੇਲ ਮੰਤਰੀ ਸ਼ੇਖ਼ ਰਾਸ਼ਿਦ ਵੱਲੋਂ ਕੀਤੇ ਇੰਕਸ਼ਾਫ਼ ਤੋਂ ਭਾਰਤ ਪ੍ਰਤੀ ਪਾਕਿਸਤਾਨ ਦੀਆਂ ਸਾਜ਼ਿਸ਼ਾਂ ਜੱਗ–ਜ਼ਾਹਿਰ ਹੋ ਗਈਆਂ ਹਨ। ਚੇਤੇ ਰਹੇ ਕਿ ਕੱਲ੍ਹ ਸ਼ੇਖ਼ ਰਾਸ਼ਿਦ ਨੇ ਬਿਆਨ ਦਿੰਦਿਆਂ ਆਖਿਆ ਸੀ ਕਿ ਕਰਤਾਰਪੁਰ ਸਾਹਿਬ ਲਾਂਘਾ ਦਰਅਸਲ ਪਾਕਸਤਾਨੀ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਦਿਮਾਗ਼ ਦੀ ਕਾਢ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਪਹਿਲੇ ਹੀ ਦਿਨ ਤੋਂ ਜਨਰਲ ਬਾਜਵਾ ਦੀ ਸਾਜ਼ਿਸ਼ ਬਾਰੇ ਸਾਵਧਾਨ ਕਰਦੇ ਆਏ ਹਨ। ਜਦ ਕਿ ਭਾਰਤ ਇਹੋ ਸੋਚਦਾ ਰਿਹਾ ਕਿ ਇਹ ਪਵਿੱਤਰ ਲਾਂਘਾ ਦੋਵੇਂ ਦੇਸ਼ਾਂ ਵਿਚਾਲੇ ਅਮਨ ਦਾ ਪੁਲ਼ ਸਿੱਧ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਹੁਰਾਂ ਕਿਹਾ ਕਿ ਪਾਕਿਸਤਾਨੀ ਮੰਤਰੀ ਨੇ ਕੱਲ੍ਹ ਸਪੱਸ਼ਟ ਤੌਰ ਉੱਤੇ ਭਾਰਤ ਦੀ ਸੁਰੱਖਿਆ ਅਤੇ ਅਖੰਡਤਾ ਨੂੰ ਧਮਕੀ ਦਿੱਤੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਭਾਰਤ ਪ੍ਰਤੀ ਕਿਸੇ ਸਾਜ਼ਿਸ਼ ਤੋਂ ਬਾਜ਼ ਰਹੇ। ‘ਲਾਂਘਾ ਖੋਲ੍ਹੇ ਜਾਣ ਲਈ ਅਸੀਂ ਜੇ ਸ਼ੁਕਰੀਆ ਅਦਾ ਕਰ ਰਹੇ ਹਾਂ, ਤਾਂ ਇਸ ਨੂੰ ਉਹ ਸਾਡੀ ਕੋਈ ਕਮਜ਼ੋਰੀ ਨਾ ਸਮਝੇ। ਜੇ ਪਾਕਿਸਤਾਨ ਨੇ ਸਰਹੱਦ ਉੱਤੇ ਜਾਂ ਸਾਡੇ ਲੋਕਾਂ ਨੂੰ ਕੋਈ ਨੁਕਸਾਨ ਪਹੁੰਚਾਉਣ ਦਾ ਕੋਈ ਜਤਨ ਕੀਤਾ, ਤਾਂ ਅਜਿਹੀ ਕਿਸੇ ਵੀ ਹਰਕਤ ਦਾ ਅਜਿਹਾ ਮੂੰਹ–ਤੋੜ ਜਵਾਬ ਦਿੱਤਾ ਜਾਵੇਗਾ ਕਿ ਉਹ ਮੁੜ ਸੰਭਲਣ ਜੋਗਾ ਵੀ ਨਹੀਂ ਰਹੇਗਾ।’
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇੱਕ ਸਿੱਖ ਹੋਣ ਦੇ ਨਾਤੇ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੀ ਡਾਢੀ ਖ਼ੁਸ਼ੀ ਹੈ। ਹੁਣ ਭਾਰਤੀ ਸ਼ਰਧਾਲੂ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਆਸਾਨੀ ਨਾਲ ਕਰ ਸਕਦੇ ਹਨ। ਪਰ ਇਸ ਲਾਂਘੇ ਰਾਹੀਂ ਸਦਾ ਮੌਜੂਦ ਰਹਿਣ ਵਾਲੇ ਖ਼ਤਰੇ ਨੂੰ ਵੀ ਭਾਰਤ ਕਦੇ ਭੁਲਾ ਨਹੀਂ ਸਕਦਾ।
ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਵਾਰ–ਵਾਰ ਇਸ ਮਾਮਲੇ ’ਤੇ ਚੇਤਾਵਨੀ ਦਿੰਦੇ ਰਹੇ ਹਨ ਕਿ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਅਸਲ ਵਿੱਚ ਅਗਲੇ ਸਾਲ 2020 ਦੇ ਸਿੱਖ ਰਾਇਸ਼ੁਮਾਰੀ ਏਜੰਡੇ ਨੂੰ ਅੱਗੇ ਵਧਾਉਣਾ ਲੋਚਦੀ ਹੈ ਅਤੇ ਉਸ ਤੋਂ ਪਹਿਲਾਂ ਲਾਂਘਾ ਖੋਲ੍ਹ ਕੇ ਸਿੱਖਾਂ ਦੇ ਦਿਲ ਜਿੱਤਣਾ ਚਾਹੁੰਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਇਮਰਾਨ ਖ਼ਾਨ ਹਾਲੇ ਪ੍ਰਧਾਨ ਮੰਤਰੀ ਵਜੋਂ ਹਲਫ਼ ਹੀ ਲੈ ਰਹੇ ਸਨ, ਤਦ ਨਵਜੋਤ ਸਿੰਘ ਸਿੱਧੂ ਨੂੰ ਖ਼ੁਦ ਕਮਰ ਜਾਵੇਦ ਬਾਜਵਾ ਨੇ ਇਹ ਲਾਂਘਾ ਖੋਲ੍ਹਣ ਬਾਰੇ ਦੱਸਿਆ ਸੀ। ਉਦੋਂ ਤਾਂ ਇਮਰਾਨ ਖ਼ਾਨ ਨੂੰ ਇਸ ਲਾਂਘੇ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ। ਉਨ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਵੀ ਬੇਨਤੀ ਕੀਤੀ ਕਿ ਉਹ ਸਾਵਧਾਨ ਰਹਿਣ ਅਤੇ ਇਮਰਾਨ ਖ਼ਾਨ ਨਾਲ ਆਪਣੀ ਨਿਜੀ ਦੋਸਤੀ ਰਾਹੀਂ ਕਿਸੇ ਵੀ ਹਾਲਤ ’ਚ ਗੁੰਮਰਾਹ ਨਾ ਹੋਣ। ਅਜਿਹਾ ਕਰਨਾ ਭਾਰਤ ਦੇ ਹਿਤਾਂ ਲਈ ਘਾਤਕ ਹੋ ਸਕਦਾ ਹੈ।