ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਦੇ ਆਰਟ ਕਾਲਜ 'ਚ ਬ੍ਰੱਸ਼ ਨਾਲ ਤਕਦੀਰ ਸੁਆਰ ਰਹੀ ਪੰਚਕੂਲਾ ਦੀ ਮਲਿਕਾ

ਚੰਡੀਗੜ੍ਹ ਦੇ ਆਰਟ ਕਾਲਜ 'ਚ ਬ੍ਰੱਸ਼ ਨਾਲ ਤਕਦੀਰ ਸੁਆਰ ਰਹੀ ਪੰਚਕੂਲਾ ਦੀ ਮਲਿਕਾ

ਮਾਪਿਆਂ ਲੀਨਾ ਤੇ ਰਾਜੀਵ ਖਨੇਜਾ ਨੇ ਫ਼ੈਸਲਾ ਕੀਤਾ ਸੀ ਕਿ ਜੇ ਉਨ੍ਹਾਂ ਦੇ ਪਹਿਲਾ ਬੱਚਾ ਲੜਕੀ ਹੋਈ, ਤਾਂ ਉਹ ਉਸ ਦਾ ਨਾਂਅ ਮਲਿਕਾ ਰੱਖਣਗੇ।  1996 ’ਚ ਬੱਚੀ ਦਾ ਜਨਮ ਹੋਇਆ ਪਰ ਜਨਮ ਸਮੇਂ ਨਾੜੂਆ ਉਸ ਦੀ ਗਰਦਨ ਦੁਆਲੇ ਲਿਪਟਿਆ ਹੋਇਆ ਸੀ, ਜਿਸ ਕਾਰਨ ਉਸ ਨੂੰ ਮੁਕੰਮਲ ਰੂਪ ਵਿੱਚ ਆਕਸੀਜਨ ਨਾ ਮਿਲਣ ਕਾਰਨ ਉਹ ‘ਸੈਰੀਬ੍ਰਲ ਪਾਲਸੀ’ (ਦਿਮਾਗ਼ੀ ਅਧਰੰਗ – Cerebral Palsy) ਜਿਹੇ ਰੋਗ ਤੋਂ ਪ੍ਰਭਾਵਿਤ ਹੋ ਗਈ ਸੀ। ਉਸ ਰੋਗ ਨੇ ਉਸ ਦੇ ਦਿਮਾਗ਼ ਤੇ ਸਰੀਰ ਦੋਵਾਂ ਉੱਤੇ ਮਾੜਾ ਅਸਰ ਛੱਡਿਆ।

 

 

ਚੰਡੀਗੜ੍ਹ ਦੇ ਕਾਲੇਜ ਆਫ਼ ਆਰਟ ਦੀ ਵਿਦਿਆਰਥਣ ਮਲਿਕਾ ਖਨੇਜਾ ਭਾਵੇਂ ‘ਸੈਰੀਬ੍ਰਲ ਪਾਲਸੀ’ ਜਿਹੇ ਰੋਗ ਤੋਂ ਪ੍ਰਭਾਵਿਤ ਹੈ ਪਰ ਉਸ ਨੇ ਬ੍ਰੱਸ਼ (ਬੁਰਸ਼) ਨਾਲ ਆਪਣੀ ਤਕਦੀਰ ਸੁਆਰਨ ਦਾ ਦ੍ਰਿੜ੍ਹ ਇਰਾਦਾ ਕੀਤਾ ਹੈ। ਹੁਣ ਉਸ ਦੀ ਪੇਂਟਿੰਗ ਵਿਸ਼ੇ ਵਿੱਚ ਫ਼ਾਈਨ ਆਰਟਸ ਦੀ ਪੋਸਟ–ਗ੍ਰੈਜੂਏਸ਼ਨ (MA) ਦੀ ਡਿਗਰੀ ਮੁਕੰਮਲ ਹੋਣ ਵਾਲੀ ਹੈ।

 

 

ਮਲਿਕਾ ਦੇ ਡਾਕਟਰ ਪਿਤਾ ਤੇ ਕੌਂਸਲਰ ਮਾਂ ਲਈ ਉਹ ਸਥਿਤੀ ਬਹੁਤ ਨਿਰਾਸ਼ਾਜਨਕ ਸੀ ਪਰ ਉਨ੍ਹਾਂ ਦੋਵਾਂ ਨੇ ਆਪਣੇ ਬੱਚੇ ਲਈ ਸਭ ਕੁਝ ਠੀਕ ਕਰਨ ਦਾ ਫ਼ੈਸਲਾ ਕੀਤਾ।

 

 

ਮਲਿਕਾ ਅੱਜ 22 ਸਾਲਾਂ ਦੀ ਹੈ ਤੇ ਆਪਣੀ ਕਲਾ ਨਾਲ ਉਹ ਦਰਸ਼ਕਾਂ ਦੀ ਸ਼ਲਾਘਾ ਖੱਟ ਰਹੀ ਹੈ।

 

 

ਕੁਝ ਮਹੀਨੇ ਪਹਿਲਾਂ ਵਿਦਿਆਰਥੀਆਂ ਨੇ ਮਿਲ ਕੇ ਇੱਕ ਸ਼ੋਅ ਕਰਵਾਇਆ ਸੀ। ਉਸ ਵਿੱਚ ਹਾਥੀਆਂ ਦੇ ਛੇ ਫ਼ਰੇਮਾਂ ਦਾ ਇੱਕ ਪੈਨਲ ਸੀ, ਜੋ ਸਭ ਦਾ ਧਿਆਨ ਖਿੱਚ ਰਿਹਾ ਸੀ ਕਿਉਂਕਿ ਉਸ ਵਿੱਚ ਸਹਿਜ–ਸੁਭਾਵਕਤਾ ਤੇ ਆਜ਼ਾਦੀ ਸੀ ਅਤੇ ਉਸ ਪੇਂਟਿੰਗ ਨੂੰ ਵੇਖ ਕੇ 1960ਵਿਆਂ ਦਾ ਗੀਤ ‘ਬੇਬੀ ਐਲੀਫ਼ੈਂਟ ਵਾਕ…’ ਚੇਤੇ ਆਉਂਦਾ ਸੀ। ਉਸ ਤੋਂ ਬਾਅਦ ਕਲਾ–ਪ੍ਰੇਮੀਆਂ ਵੱਲੋਂ ਉਸ ਚਿੱਤਰ ਦੇ ਕਲਾਕਾਰ ਦੀ ਭਾਲ਼ ਸ਼ੁਰੂ ਹੋਣ ਲੱਗੀ ਸੀ।

 

 

ਮਲਿਕਾ ਆਪਣੇ ਮਾਪਿਆਂ ਨਾਲ ਪੰਚਕੂਲਾ ’ਚ ਰਹਿ ਰਹੀ ਹੈ। ਉਸ ਦੇ ਚਿਹਰੇ ਉੱਤੇ ਮੁਸਕਰਾਹਟ ਸਦਾ ਵੇਖੀ ਜਾ ਸਕਦੀ ਹੈ। ਉਸ ਦੇ ਕੱਪੜੇ ਬਹੁਤ ਵਧੀਆ ਹੁੰਦੇ ਹਨ। ਕਾਲਜ ਦੇ ਸਮਾਰੋਹਾਂ ਵਿੱਚ ਮਲਿਕਾ ਵੱਲੋਂ ਵਰਤੇ ਰੰਗਾਂ ਦੇ ਆਧਾਰ ਉੱਤੇ ਉਸ ਦੀ ਸ਼ਖ਼ਸੀਅਤ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਉਸ ਦਾ ਬੋਲਣ ਦਾ ਲਹਿਜਾ ਬਹੁਤ ਵਧੀਆ ਹੈ ਤੇ ਬਹੁਤ ਈਮਾਨਦਾਰੀ ਨਾਲ ਬੋਲਦੀ ਹੈ।

 

 

ਅੱਜ ਜਿਸ ਮੁਕਾਮ ਉੱਤੇ ਉਹ ਹੈ, ਉਸ ਲਈ ਉੱਥੇ ਪੁੱਜਣਾ ਕੋਈ ਬਹੁਤਾ ਸੁਖਾਲਾ ਨਹੀਂ ਸੀ। ਪੰਚਕੂਲਾ ’ਚ ਹੀ ਬਚਪਨ ਬੀਤਿਆ ਤੇ 8ਵੀਂ ਜਮਾਤ ਤੱਕ ਸੌਪਿਨ’ਜ਼ ਸਕੂਲ ਵਿੱਚ ਪੜ੍ਹੀ ਅਤੇ ਫਿਰ ਪੰਚਕੂਲਾ ਦੇ ਹੀ ਭਵਨ ਵਿਦਿਆਲੇ ’ਚ ਦਾਖ਼ਲਾ ਲਿਆ। ਅਖ਼ੀਰ ਉਸ ਦੀ ਯੋਗਤਾ ਦੇ ਆਧਾਰ ਉੱਤੇ ਇਹੋ ਫ਼ੈਸਲਾ ਕੀਤਾ ਗਿਆ ਕਿ ਉਸ ਨੂੰ ਆਰਟ ਦੀ ਪੜ੍ਹਾਈ ਕਰਵਾਈ ਜਾਵੇ।

 

 

ਆਰਟ ਵਿਸ਼ੇ ਦੇ ਅਧਿਆਪਕ ਰਮਨ ਮਿਗਲਾਨੀ ਨੇ ਵੇਖਿਆ ਕਿ ਮਲਿਕਾ ਵਿੱਚ ਕੁਝ ਨਵਾਂ ਸਿੱਖਣ ਦੀ ਲਗਨ ਹੈ। ਉਸ ਨੇ ਸ਼ੁਰੂਆਤ ਸਿਰਫ਼ ਇੱਧਰ–ਉੱਧਰ ਲਕੀਰਾਂ ਵਾਹੁਣ ਤੋਂ ਕੀਤੀ ਸੀ। ਉਹ ਕਈ–ਕਈ ਘੰਟੇ ਲਕੀਰਾਂ ਵਾਹੁੰਦੀ ਰਹਿੰਦੀ ਸੀ ਪਰ ਹੁਣ ਉਹ ਆਪਣੀ ‘ਮਾਸਟਰ’ਜ਼ ਇਨ ਆਰਟ’ ਦੀ ਡਿਗਰੀ ਮੁਕੰਮਲ ਕਰਨ ਜਾ ਰਹੀ ਹੈ।

 

 

ਉਸ ਦੀ ਮਾਂ ਲੀਨਾ ਨੇ ਦੱਸਿਆ,‘ਸਾਨੂੰ ਪਤਾ ਲੱਗਾਸੀ ਕਿ ਕਾਲੇਜ ਆਫ਼ ਆਰਟ ਵਿੱਚ ਇੱਕ ਸਪੈਸ਼ਲ ਵਿਦਿਆਰਥੀ ਲਈ ਇੱਕ ਸੀਟ ਖ਼ਾਲੀ ਹੈ। ਉਸ ਨੂੰ ਉਸੇ ਸੀਟ ’ਤੇ ਦਾਖ਼ਲਾ ਮਿਲ ਗਿਆ। ਇਸ ਕਾਲਜ ਤੋਂ ਸੈਰੀਬ੍ਰਲ–ਪਾਲਸੀ ਤੋਂ ਪ੍ਰਭਾਵਿਤ ਪਰ ਪੋਸਟ–ਗ੍ਰੈਜੂਏਸ਼ਨ ਮੁਕੰਮਲ ਕਰਨ ਵਾਲੀ ਉਹ ਪਹਿਲੀ ਵਿਦਿਆਰਥਣ ਹੈ। ਉਸ ਤੋਂ ਪਹਿਲਾਂ ਕੁਝ ਖ਼ਾਸ ਬੱਚਿਆਂ ਨੇ ਇਹ ਡਿਗਰੀ ਹਾਸਲ ਕੀਤੀ ਹੈ ਪਰ ਉਹ ਗੂੰਗੇ ਤੇ ਬਹਿਰੇ ਸਨ ਜਾਂ ਉਨ੍ਹਾਂ ਦੀ ਕੋਈ ਹੋਰ ਸਰੀਰਕ ਵਿਕਲਾਂਗਤਾ ਸੀ।’

 

 

ਮਲਿਕਾ ਆਪਣੇ ਮਿੱਤਰਾਂ, ਹਮਉਮਰਾਂ ਤੇ ਹੋਰ ਜਾਣਕਾਰਾਂ ਵਿੱਚ ਬੇਹੱਦ ਹਰਮਨਪਿਆਰੀ ਹੈ। ਉਸ ਦੇ ਸਹਿਪਾਠੀ ਉੱਜਵਲ ਚਤਲੇ ਨੇ ਦੱਸਿਆ,‘ਉਸ ਦੀ ਭਾਵਨਾ ਸ਼ਲਾਘਾਯੋਗ ਹੈ ਤੇ ਉਸ ਵਿੱਚ ਕਮਾਲ ਦਾ ਆਤਮ–ਵਿਸ਼ਵਾਸ ਹੈ।’ ਉਸ ਦੀ ਕਲਾਸ ਵਿੱਚ ਇੱਕ ਪ੍ਰਤਿਭਾਸ਼ਾਲੀ ਬੁੱਤ–ਤਰਾਸ਼ ਗੁਰਜੀਤ ਸਿੰਘ ਨੇ ਦੱਸਿਆ ਕਿ – ‘ਪੰਜ ਸਾਲਾਂ ਤੋਂ ਸਾਡੀ ਕਲਾਸ ਚੱਲ ਰਹੀ ਹੈ ਤੇ ਅਸੀਂ ਬਿਲਕੁਲ ਇੱਕ ਪਰਿਵਾਰ ਵਾਂਗ ਵਿਚਰਦੇ ਹਾਂ ਤੇ ਮਲਿਕਾ ਇਸ ਪਰਿਵਾਰ ਦੀ ਅਟੁੱਟ ਅੰਗ ਹੈ।‘

 

 

ਮਲਿਕਾ ਨੂੰ ਫਬਦੇ ਕੱਪੜੇ ਪਹਿਨਣ ਦੀ ਜਾਚ ਹੈ। ਉਹ ਬਿਲਕੁਲ ਬੇਪਰਵਾਹਾਂ ਵਾਂਗ ਹੈ। ਮਾਂ ਸ੍ਰੀਮਤੀ ਲੀਨਾ ਨੇ ਦੱਸਿਆ ਕਿ ‘ਮਲਿਕਾ ਦੇ ਕੱਪੜਿਆਂ ਦੀ ਚੋਣ ਉਸ ਤੋਂ ਦੋ ਸਾਲ ਛੋਟੀ ਉਸ ਦੀ ਭੈਣ ਮੇਹਰ ਕਰਦੀ ਹੈ। ਉਸ ਦੀ ਪੜ੍ਹਾਈ ਤੋਂ ਲੈ ਕੇ ਕੱਪੜਿਆਂ ਤੇ ਹੋਰ ਸਾਰੀਆਂ ਗੱਲਾਂ ਵਿੱਚ ਮੇਹਰ ਦੀ ਮਿਹਰ ਹੀ ਸਦਾ ਉਸ ਉੱਤੇ ਬਣੀ ਰਹੀ ਹੈ।’

 

 

ਮਲਿਕਾ ਦੱਸਦੀ ਹੈ ਕਿ ਉਹ ਬਹੁਤ ਸਖ਼ਤ ਮਿਹਨਤ ਕਰ ਚੁੱਕੀ ਹੈ ਤੇ ਹੁਣ ਉਹ ਥੋੜ੍ਹਾ ਆਰਾਮ ਕਰ ਕੇ ਆਪਣੇ ਰੰਗਾਂ ਵੱਲ ਪਰਤੇਗੀ। ਉਸ ਨੇ ਦੱਸਿਆ ਕਿ ਇਸ ਵਰ੍ਹੇ ਉਸ ਦੇ ਚਿੱਤਰਾਂ ਦੀ ਇੱਕ ਪ੍ਰਦਰਸ਼ਨੀ ਲਾਉਣ ਦੀ ਵੀ ਯੋਜਨਾ ਹੈ। ‘ਅੱਲ੍ਹਾ ਕਰੇ ਜ਼ੋਰਿ ਬਰੱਸ਼ ਔਰ ਜ਼ਿਆਦਾ।‘

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Panchkula s Mallika is doing Post graduation in Govt Art College Chandigarh