ਅਗਲੀ ਕਹਾਣੀ

ਬੋਰਡ ਦੇ ਕਮੇਟੀ ਮੁਖੀ ਵੱਲੋਂ ਦਾਅਵਾ: ਇਤਿਹਾਸ ਦੀ ਕਿਤਾਬ `ਚ ਨਹੀਂ ਕੋਈ ਗ਼ਲਤੀ

ਬੋਰਡ ਦੇ ਕਮੇਟੀ ਮੁਖੀ ਵੱਲੋਂ ਦਾਅਵਾ: ਇਤਿਹਾਸ ਦੀ ਕਿਤਾਬ `ਚ ਨਹੀਂ ਕੋਈ ਗ਼ਲਤੀ

--  ਮਾਹਿਰਾਂ ਦੀ ਕਮੇਟੀ ਮੈਂਬਰ ਵੀਰਵਾਰ ਨੂੰ ਪ੍ਰੈੱਸ ਕਾਨਫ਼ਰੰਸ `ਚ ਦੇਣਗੇ ਸਪੱਸ਼ਟੀਕਰਨ

--  ਸ੍ਰ਼੍ਰੋਮਣੀ ਅਕਾਲੀ ਦਲ ਦੇ ਰੋਸ ਪ੍ਰਦਰਸ਼ਨ ਵੀਰਵਾਰ ਤੋਂ

 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਲਈ ਇਤਿਹਾਸ ਦੀ ਪੁਸਤਕ ਤਿਆਰ ਕਰਨ ਵਾਸਤੇ ਬਣਾਈ ਮਾਹਿਰਾਂ ਦੀ ਕਮੇਟੀ ਦੀ ਅਗਵਾਈ ਕਰਨ ਵਾਲੇ ਸਿੱਖ ਇਤਿਹਾਸਕਾਰ ਪ੍ਰੋ. ਕ੍ਰਿਪਾਲ ਸਿੰਘ ਨੇ ਅੱਜ ਦਾਅਵਾ ਕੀਤਾ ਹੈ ਕਿ ਇਸ ਪੁਸਤਕ ਵਿੱਚ ਕੋਈ ਵੀ ਗ਼ਲਤੀ ਨਹੀਂ ਹੈ ਤੇ ਸਾਰੀ ਸਮੱਗਰੀ ਸਮਕਾਲੀ ਸਰੋਤਾਂ ਤੋਂ ਲਈ ਗਈ ਹੈ ਤੇ ਉਸ ਵਿੱਚ ਇਨ੍ਹਾਂ ਸਰੋਤਾਂ ਤੋਂ ਇਲਾਵਾ ਹੋਰ ਕੋਈ ਸਮੱਗਰੀ ਨਹੀਂ ਹੈ।


ਚੇਤੇ ਰਹੇ ਕਿ ਸ਼੍ਰੋਮਣੀ ਅਕਾਲੀ ਨੇ ਹਾਲੇ ਦੋ ਕੁ ਦਿਨ ਪਹਿਲਾਂ ਹੀ ਇਸ ਪੁਸਤਕ ਵਿੱਚ ਮੌਜੁਦ ਗੰਭੀਰ ਕਿਸਮ ਦੀਆਂ ਗ਼ਲਤੀਆਂ ਦਾ ਮੁੱਦਾ ਚੁੱਕਦਿਆਂ ਆਖਿਆ ਸੀ ਕਿ ਉਸ ਵਿੱਚ ਸਿੱਖ ਗੁਰੂ ਸਾਹਿਬਾਨ ਬਾਰੇ ਕੁਝ ਚੰਗਾ ਨਹੀਂ ਦਰਸਾਇਆ ਗਿਆ। ਉਨ੍ਹਾਂ ਹੀ ਦੋਸ਼ਾਂ ਦੇ ਜਵਾਬ ਵਿੰਚ ਪ੍ਰੋ. ਕ੍ਰਿਪਾਲ ਸਿੰਘ ਨੇ ਅੱਜ ਕਿਹਾ ਕਿ ਇਸ ਮੁੱਦੇ ਨੂੰ ਐਵੇਂ ਬੇਲੋੜੇ ਤਰੀਕੇ ਨਾਲ ਹੱਦੋਂ ਵੱਧ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ।


ਅਕਾਲੀਆਂ ਨੇ ਬੀਤੇ ਛੇ ਮਹੀਨਿਆਂ ਦੌਰਾਨ ਦੂਜੀ ਵਾਰ ਇਹ ਮੁੱਦਾ ਚੁੱਕਿਆ ਹੈ।


ਪ੍ਰੋ. ਕ੍ਰਿਪਾਲ ਸਿੰਘ ਨੇ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਕਿਹਾ ਕਿ - ‘ਸਾਡੇ ਵਰਗੇ ਮਾਹਿਰਾਂ ਨੂੰ ਸਿਆਸੀ ਗੱਲਾਂ `ਚ ਨਹੀਂ ਪੈਣਾ ਚਾਹੀਦਾ, ਸਗੋਂ ਅਕਾਦਮਿਕ ਮਾਮਲਿਆਂ `ਤੇ ਹੀ ਆਪਣਾ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।` ਉਨ੍ਹਾਂ ਦੱਸਿਆ ਕਿ ਕਮੇਟੀ ਦੇ ਸਾਰੇ ਮੈਂਬਰ ਵੀਰਵਾਰ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਰਾਹੀਂ ਇਸ ਮੁੱਦੇ `ਤੇ ਸਪੱਸ਼ਟੀਕਰਨ ਦੇਣਗੇ।


ਇੱਥੇ ਵਰਨਣਯੋਗ ਹੈ ਕਿ ਬੀਤੇ ਮਈ ਮਹੀਨੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਹਿਰਾਂ ਦਾ ਇੱਕ ਸਮੂਹ ਕਾਇਮ ਕੀਤਾ ਸੀ; ਜਦੋਂ ਅਕਾਲੀਆਂ ਨੇ ਪਹਿਲੀ ਵਾਰ 11ਵੀਂ ਤੇ 12ਵੀਂ ਜਮਾਤ ਦੀਆਂ ਇਤਿਹਾਸ ਦੀਆਂ ਪੁਸਤਕਾਂ `ਚ ਗ਼ਲਤੀਆਂ ਦਾ ਮਾਮਲਾ ਪਹਿਲੀ ਵਾਰ ਚੁੱਕਿਆ ਸੀ।

ਫਿਰ ਪ੍ਰੋ. ਕ੍ਰਿਪਾਲ ਸਿੰਘ ਦੀ ਅਗਵਾਈ ਹੇਠ ਮਾਹਿਰਾਂ ਦੀ ਕਮੇਟੀ ਕਾਇਮ ਕੀਤੀ ਗਈ ਸੀ; ਜਿਸ ਵਿੱਚ ਉੱਘੇ ਇਤਿਹਾਸਕਾਰ ਡਾ. ਜੇਐੱਸ ਗਰੇਵਾਲ, ਡਾ. ਇੰਦੂ ਬੰਗਾ, ਡਾ. ਪ੍ਰਿਥੀਪਾਲ ਸਿੰਘ ਕਪੂਰ ਮੈਂਬਰ ਸਨ; ਇਨ੍ਹਾਂ ਦੇ ਨਾਲ-ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ ਡਾ. ਬਲਵੰਤ ਸਿੰਘ ਢਿਲੋਂ ਅਤੇ ਡਾ. ਇੰਦਰਜੀਤ ਸਿੰਘ ਗੋਗੋਆਣੀ ਵੀ ਇਸ ਕਮੇਟੀ ਵਿੱਚ ਸ਼ਾਮਲ ਸਨ।


ਪੋ. ਕ੍ਰਿਪਾਲ ਸਿੰਘ ਨੇ ਦੱਸਿਆ,‘ਪਹਿਲਾਂ ਸਰਕਾਰ ਨੇ ਸਾਨੂੰ ਸਿਲੇਬਸ ਬਾਰੇ ਅੰਤਿਮ ਫ਼ੈਸਲਾ ਲੈਣ ਲਈ ਕਿਹਾ ਸੀ ਤੇ ਫਿਰ ਸਾਨੂੰ ਕਿਤਾਬ ਦੀ ਸਮੱਗਰੀ ਪੇਸ਼ ਕਰਨ ਲਈ ਕਿਹਾ ਗਿਆ ਸੀ। ਸਾਨੂੰ ਕਿਤਾਬ ਦੁਬਾਰਾ ਲਿਖਣ ਲਈ ਸਮਾਂ ਚਾਹੀਦਾ ਸੀ ਪਰ ਸਿੱਖਿਆ ਵਿਭਾਗ ਇਸ ਮਾਮਲੇ `ਚ ਬਹੁਤ ਕਾਹਲ਼ੀ `ਚ ਸੀ।`


ਬੀਤੇ ਅਗਸਤ ਮਹੀਨੇ ਸਿੱਖਿਆ ਵਿਭਾਗ ਨੇ ਮਾਹਿਰਾਂ ਕਮੇਟੀ ਨੂੰ ਕਿਹਾ ਸੀ ਕਿ ਉਹ ਤੁਰੰਤ ਸਮੱਗਰੀ ਪੇਸ਼ ਕਰਨ। ਕਮੇਟੀ ਨੇ ਇਸ ਕਾਹਲ਼ੀ `ਤੇ ਇਤਰਾਜ਼ ਵੀ ਕੀਤਾ ਸੀ ਪਰ ਉਸ ਇਤਰਾਜ਼ ਦਾ ਵਿਭਾਗ `ਤੇ ਕੋਈ ਅਸਰ ਨਹੀਂ ਹੋਇਆ ਸੀ।


ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਇਸੇ ਪੁਸਤਕ ਵਿੱਚ ਪਾਈਆਂ ਕਥਿਤ ਗ਼ਲਤੀਆਂ ਨੂੰ ਲੈ ਕੇ ਸੂਬਾ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਸੀ। ਅਕਾਲੀ ਦਲ ਦਾ ਦਾਅਵਾ ਕੀਤਾ ਸੀ ਕਿ ਇਸ ਪੁਸਤਕ ਦੀ ਸੋਧੀ ਸਮੱਗਰੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਤੇ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਰੁੱਧ ਗ਼ੈਰ-ਵਾਜਬ ਟਿੱਪਣੀਆਂ ਲਿਖੀਆਂ ਗਈਆਂ ਹਨ। ਅਕਾਲੀ ਦਲ ਦੀ ਕੋਰ ਕਮੇਟੀ ਦੇ ਫ਼ੈਸਲੇ ਅਨੁਸਾਰ ਭਲਕੇ ਵੀਰਵਾਰ ਨੂੰ ਅਕਾਲੀ ਦਲ ਇਸੇ ਮੁੱਦੇ `ਤੇ ਰੋਸ ਮੁਜ਼ਾਹਰਿਆਂ ਦੀ ਸ਼ੁਰੂਆਤ ਕਰੇਗਾ ਅਤੇ ਇਹ ਸ਼ੁਰੂਆਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰ ਕੇ ਕਰਨਗੇ।


ਪ੍ਰੋ. ਕ੍ਰਿਪਾਲ ਸਿੰਘ ਨੇ ਸਪੱਸ਼ਟੀਕਰਨ ਦਿੰਦਿਆਂ ਦੱਸਿਆ,‘ਅਕਾਲੀ ਦਲ ਨੇ ਇਸ ਪੁਸਤਕ ਦੀ ਸਮੱਗਰੀ `ਤੇ ਇਤਰਾਜ਼ ਕੀਤਾ ਹੈ ਕਿ ਸਮੱਗਰੀ `ਚ ਲਿਖਿਆ ਗਿਆ ਹੈ ਕਿ ਪੰਜਵੇਂ ਗੁਰੂ ਸ੍ਰੀ ਅਰਜਨ ਦੇਵ ਜੀ ਸ਼ਹੀਦ ਨਹੀਂ ਹੋਏ ਸਨ; ਜਦ ਕਿ ਇਹ ਇਤਰਾਜ਼ ਬੇਬੁਨਿਆਦ ਹੈ ਕਿਉਂਕਿ ਉਸ ਅਧਿਆਇ ਦਾ ਤਾਂ ਸਿਰਲੇਖ ਹੀ ‘ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ` ਹੈ।`


ਇੱਥੇ ਵਰਨਣਯੋਗ ਹੈ ਕਿ ਪ੍ਰੋ. ਕ੍ਰਿਪਾਲ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ‘ਪ੍ਰੋਫ਼ੈਸਰ ਆਫ਼ ਸਿੱਖਿਜ਼ਮ` ਦਾ ਪੁਰਸਕਾਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਸਾਰਾ ਜੀਵਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿੱਖ ਧਾਰਮਿਕ ਜੱਥੇਬੰਦੀਆਂ ਨਾਲ ਜੁੜੇ ਰਹੇ ਹਨ ਅਤੇ ਪਹਿਲਾਂ ਕਦੇ ਵੀ ਅਜਿਹਾ ਕੋਈ ਵਿਵਾਦ ਨਹੀਂ ਉੱਠਿਆ। ਉਨ੍ਹਾਂ ਕਿਹਾ ਕਿ ਇਸ ਵੇਲੇ ਉਹ ਸ਼ੋ੍ਰਮਣੀ ਕਮੇਟੀ ਦੇ ਪ੍ਰੋਜੇਕਟ ‘ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ` ਲਈ ਕੰਮ ਕਰ ਰਹੇ ਹਨ।


ਪੰਜਾਬੀ ਦੇ ਇੱਕ ਅਖ਼ਬਾਰ `ਚ ਸ਼੍ਰੋਮਣੀ ਕਮੇਟੀ ਵੱਲੋਂ ਛਪਵਾਏ ਗਏ ਇਸ਼ਤਿਹਾਰ ਵਿੱਚ ਵੀ ਦਾਅਵਾ ਕੀਤਾ ਗਿਆ ਹੈ ਕਿ ਇਤਿਹਾਸ ਦੀ ਪੁਸਤਕ ਵਿੱਚ ਇਤਿਹਾਸਕ ਤੱਥਾਂ ਦੀਆਂ ਗ਼ਲਤੀਆਂ ਹਨ। ਕਮੇਟੀ ਦੇ ਇੱਕ ਮੈਂਬਰ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ ਕਿ ਇਹ ਇਸ਼ਤਿਹਾਰ ਅਪਮਾਨਜਨਕ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਸ ਸਬੰਧੀ ਇਸ਼ਤਿਹਾਰ ਦੇਣ ਦੀ ਕੋਈ ਲੋਡ ਨਹੀਂ ਸੀ। ਉਨ੍ਹਾਂ ਕਿਹਾ ਕਿ ਜਿਹੜੇ ਅਧਿਆਵਾਂ `ਚ ਗ਼ਲਤੀਆਂ ਦੀ ਗੱਲ ਸ਼੍ਰੋਮਣੀ ਕਮੇਟੀ ਕਰ ਰਹੀ ਹੈ, ਉਹ ਉਨ੍ਹਾਂ ਨੇ ਪਤਾ ਨਹੀਂ ਕਿੱਥੋਂ ਲਏ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Panel head refuses to accept discrepancies in History Book