ਅਗਲੀ ਕਹਾਣੀ

​​​​​​​ਪੰਥਕ ਆਗੂਆਂ ਨੇ ਦਿੱਲੀ ’ਚ ਸੌਂਪਿਆ ਚੋਣ ਕਮਿਸ਼ਨ ਨੂੰ ਮੈਮੋਰੈਂਡਮ

​​​​​​​ਪੰਥਕ ਆਗੂਆਂ ਨੇ ਦਿੱਲੀ ’ਚ ਸੌਂਪਿਆ ਚੋਣ ਕਮਿਸ਼ਨ ਨੂੰ ਮੈਮੋਰੈਂਡਮ

––  ਕਿਹਾ, IG ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ SIT ’ਚ ਬਹਾਲ ਕੀਤਾ ਜਾਵੇ

 

 

ਯੂਨਾਈਟਿਡ ਅਕਾਲੀ ਦਲ ਦੇ ਬੈਨਰ ਹੇਠ ਅੱਜ ਪੰਥਕ ਆਗੂਆਂ ਨੇ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਸਥਿਤ ਮੁੱਖ ਚੋਣ ਕਮਿਸ਼ਨਰ ਨੂੰ ਇੱਕ ਯਾਦ–ਪੱਤਰ ਸੌਂਪਿਆ। ਇਸ ਮੈਮੋਰੈਂਡਮ ਵਿੱਚ ਬੇਨਤੀ ਕੀਤੀ ਗਈ ਕਿ ਸਾਲ 2015 ਦੌਰਾਨ ਪੰਜਾਬ ’ਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ SIT (Special Investigation Team – ਵਿਸ਼ੇਸ਼ ਜਾਂਚ ਟੀਮ) ਦੇ ਮੁਖੀ IG ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਨਾ ਕੀਤੀ ਜਾਵੇ।

 

 

ਚੇਤੇ ਰਹੇ ਕਿ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਬੀਤੇ ਦਿਨੀਂ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਕਰ ਦਿੱਤੀ ਗਈ ਸੀ ਕਿਉਂਕਿ ਦੋਸ਼ ਸੀ ਕਿ ਉਨ੍ਹਾਂ ਨੇ ਚੋਣ–ਜ਼ਾਬਤੇ ਦੀ ਉਲੰਘਣਾ ਕੀਤੀ ਹੈ।

 

 

ਅੱਜ ਵੱਡੀ ਗਿਣਤੀ ਵਿੱਚ ਪੰਥਕ ਆਗੂ ਖ਼ਾਸ ਤੌਰ ਉੱਤੇ ਦਿੱਲੀ ਪੁੱਜੇ; ਜਿੱਥੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ (ਸਮਾਨਾਂਤਰ) ਜੱਥੇਦਾਰ ਧਿਆਨ ਸਿੰਘ ਮੰਡ ਹੁਰਾਂ ਨੇ ਉਨ੍ਹਾਂ ਨੂੰ ਰਵਾਨਾ ਕੀਤਾ। ਫਿਰ ਭਾਈ ਮੋਹਕਮ ਸਿੰਘ ਦੀ ਅਗਵਾਈ ਹੇਠ ਪੰਥਕ ਆਗੂਆਂ ਦਾ ਵਫ਼ਦ ਮੁੱਖ ਚੋਣ ਕਮਿਸ਼ਨ ਦੇ ਦਫ਼ਤਰ ਲਈ ਰਵਾਨਾ ਹੋਇਆ।

 

 

ਪੰਥਕ ਆਗੂਆਂ ਵੱਲੋਂ ਚੋਣ ਕਮਿਸ਼ਨ ਨੂੰ ਪੇਸ਼ ਕੀਤੇ ਗਏ ਯਾਦ–ਪੱਤਰ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਦੁੱਖੀ ਸਿੱਖ ਕੌਮ ਇਨਸਾਫ਼ ਦੀ ਉਡੀਕ ਕਰ ਰਹੀ ਹੈ। ਅਕਤੂਬਰ 2015 ਦੌਰਾਨ ਗੁਰਜੀਤ ਸਿੰਘ ਤੇ ਕ੍ਰਿਸ਼ਨ ਭਗਵਾਨ ਸਿੰਘ ਪੁਲਿਸ ਗੋਲੀਬਾਰੀ ਦੌਰਾਨ ਮਾਰੇ ਗਏ ਸਨ। ਤਦ ਉੱਥੇ ਹਜ਼ਾਰਾਂ ਰੋਸ ਮੁਜ਼ਾਹਰਾਕਾਰੀ ਬਿਲਕੁਲ ਸ਼ਾਂਤ ਬੈਠੇ ਸਨ।

 

 

ਮੈਮੋਰੈਂਡਮ ਵਿੱਚ ਕਿਹਾ ਗਿਆ ਹੈ ਕਿ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉੱਪ–ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਸ ਗੋਲੀਕਾਂਡ ਦੀ ਜਾਂਚ ਹੀ ਨਹੀਂ ਕੀਤੀ ਤੇ ਇਨਸਾਫ਼ ਨਹੀਂ ਦਿੱਤਾ। ਪੰਥਕ ਆਗੂਆਂ ਦਾ ਕਹਿਣਾ ਹੈ ਕਿ IG ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਮਾਮਲੇ ਦੀ ਜਾਂਚ ਬਹੁਤ ਈਮਾਨਦਾਰੀ ਨਾਲ ਕਰ ਰਹੇ ਸਨ।

 

 

ਮੈਮੋਰੈਂਡਮ ਮੁਤਾਬਕ SIT ਦੀ ਚੋਣ ਪ੍ਰਕਿਰਿਆ ਵਿੱਚ ਕੋਈ ਭੂਮਿਕਾ ਨਹੀਂ ਹੈ। ‘ਭਾਰਤੀ ਚੋਣ ਕਮਿਸ਼ਨ ਵੱਲੋਂ IG ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ ਨਾਲ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਨੂੰ ਢਾਹ ਲੱਗੀ ਹੈ। ਇਸ ਲਈ ਇਸ ਅਧਿਕਾਰੀ ਨੂੰ SIT ਉੱਤੇ ਬਹਾਲ ਕੀਤਾ ਜਾਵੇ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Panthic Leaders gave memorandum to CEC in Delhi