ਸ਼ੋ੍ਮਣੀ ਅਕਾਲੀ ਦਲ ਬਾਦਲ ਵੱਲੋਂ ਪੰਜਾਬ ਦੀ ਸੱਤਾ `ਚ ਰਹਿੰਦੇ ਹੋਈਆਂ ਜਾਣੇ-ਅਣਜਾਣੇ 'ਚ ਹੋਈਆਂ ਗਲਤੀਆਂ ਦੀ ਭੁੱਲ ਬਖ਼ਸ਼ਾਉਣ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕੀਤੀ ਜਾ ਰਹੀ ਹੈ। ਕੱਲ੍ਹ ਸ੍ਰੀ ਆਖੰਡ ਪਾਠ ਆਰੰਭ ਕਰਵਾਇਆ ਗਿਆ ਤੇ ਅਰਕਾਸ ਤੋਂ ਬਾਅਦ ਪੂਰਾ ਬਾਦਲ ਪਰਿਵਾਰ ਸੇਵਾ ਕਰਨ ਵਿੱਚ ਲੱਗ ਗਿਆ।
ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ, ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੋਂ ਇਲਾਵਾ ਅਕਾਲੀ ਦਲ ਦੀ ਸਮੁੱਚੀ ਲੀਡਰਸਿ਼ੱਪ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਨੂੰ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਉਹ ਬੋਲੇ ਕਿ ਪਰਸੋਂ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਹੀ ਉਹ ਕੋਈ ਬਿਆਨ ਦੇਣਗੇ ਤੇ ਅੱਜ ਕੋਈ ਵੀ ਸਿਆਸੀ ਗੱਲ ਉਹ ਨਹੀਂ ਕਰਨਾ ਚਾਹੁੰਦੇ।
ਅੱਜ ਦੂਜੇ ਦਿਨ ਵੀ ਪੂਰਾ ਬਾਦਲ ਪਰਿਵਾਰ ਸੇਵਾ ਵਿੱਚ ਲੱਗਿਆ ਹੋਇਆ ਹੈ। ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੂਜੇ ਦਿਨ ਵੀ ਜੋੜਾ ਘਰ ਵਿਖੇ ਜੁੱਤੇ ਸਾਫ਼ ਕਰਨ ਦੀ ਸੇਵਾ ਕਰ ਰਹੇ ਹਨ। ਗੋਬਿੰਦ ਸਿੰਘ ਲੌਂਗੋਵਾਲ ਅੱਜ ਬਰਤਨ ਧੋਣ ਦੀ ਸੇਵਾ ਵਿੱਚ ਲੱਗੇ ਹੋਏ ਹਨ. ਬੀਬੀ ਜੰਗੀਰ ਕੌਰ ਵੀ ਲੰਗਰ ਹਾਲ ਵਿੱਚ ਪਰਸ਼ਾਦੇ ਵੇਲਣ ਦਾ ਕੰਮ ਕਰ ਰਹੇ ਹਨ।