-- ਦਿਲਪ੍ਰੀਤ ਸਿੰਘ ਦੇ ਦੋ ਸਾਥੀਆਂ ਲੱਕੀ ਤੇ ਬੁੱਢਾ ਦਾ ਹਾਲੇ ਤੱਕ ਕੋਈ ਖੁਰਾ-ਖੋਜ ਨਾ ਮਿਲ ਸਕਿਆ
ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਨੂੰ ਫੜਿਆਂ ਇੱਕ ਹਫ਼ਤੇ ਤੋਂ ਵੀ ਵੱਧ ਦਾ ਸਮਾਂ ਬੀਤ ਚੁੱਕਾ ਹੈ ਤੇ ਉਸ ਨੂੰ ਪਨਾਹ ਦੇਣ ਵਾਲੇ ਉਸ ਦੇ ਕੁਝ ਸਾਥੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਪਰ ਪੁਲਿਸ ਹਾਲੇ ਤੱਕ ਉਸ ਦੇ ਉਨ੍ਹਾਂ ਦੋ ਸਾਥੀਆਂ ਲੱਕੀ ਤੇ ਬੁੱਢਾ ਤੱਕ ਨਹੀਂ ਪੁੱਜ ਸਕੀ, ਜਿਹੜੇ ਬੀਤੇ ਅਪ੍ਰੈਲ ਮਹੀਨੇ ਪੰਜਾਬੀ ਗਾਇਕ ਪਰਮੀਸ਼ ਵਰਮਾ `ਤੇ ਗੋਲੀ ਚਲਾਉਣ ਵੇਲੇ ਉਸ ਦੇ ਨਾਲ ਸਨ।
ਸੂਤਰਾਂ ਅਲੁਸਾਰ ਪੁਲਿਸ ਹੁਣ ਤੱਕ ਦਿਲਪ੍ਰੀਤ ਸਿੰਘ ਢਾਹਾਂ ਦੇ ਇਨ੍ਹਾਂ ਦੋਵੇਂ ਸਾਥੀਆਂ ਦੇ ਬਹੁਤ ਸਾਰੇ ਸੰਭਾਵੀ ਟਿਕਾਣਿਆਂ `ਤੇ ਛਾਪੇ ਮਾਰ ਚੁੱਕੀ ਹੈ।
ਪਰਮੀਸ਼ ਤੇ ਉਸ ਦੇ ਦੋਸਤ ਕੁਲਵੰਤ ਸਿੰਘ ਚਾਹਲ `ਤੇ ਬੀਤੀ 14 ਅਪ੍ਰੈਲ ਨੂੰ ਉਸ ਵੇਲੇ ਗੋਲੀ ਚਲਾਈ ਗਈ ਸੀ, ਜਦੋਂ ਉਹ ਅੱਧੀ ਰਾਤ ਨੂੰ ਚੰਡੀਗੜ੍ਹ ਦੇ ਇੱਕ ਸਮਾਰੋਹ ਤੋਂ ਘਰ ਪਰਤ ਰਹੇ ਸਨ।
ਇਸ ਦੌਰਾਨ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਪਰਮੀਸ਼ ਨੇ ਗੈਂਗਸਟਰ ਦਿਲਪ੍ਰੀਤ ਸਿੰਘ ਨੂੰ 10 ਲੱਖ ਨਹੀਂ, ਸਗੋਂ 20 ਲੱਖ ਰੁਪਏ ਦੀ ਫਿ਼ਰੌਤੀ ਦਿੱਤੀ ਸੀ।
ਇਸ ਮਾਮਲੇ ਦੀ ਜਾਂਚ ਨਾਲ ਜੁੜੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ,‘‘ਦਿਲਪ੍ਰੀਤ ਸਿੰਘ ਦੇ ਸਾਥੀਆਂ ਨੂੰ ਫਿ਼ਰੌਤੀ ਦੀ ਰਕਮ ਅਦਾ ਕੀਤੀ ਸੀ। ਪਰਮੀਸ਼ ਉਸ ਵੇਲੇ ਹਸਪਤਾਲ ਦਾਖ਼ਲ ਸੀ। ਪਹਿਲੀ ਵਾਰ ਤਾਂ ਦਿਲਪ੍ਰੀਤ ਸਿੰਘ ਨੂੰ ਉਸ ਰਕਮ ਦਾ ਵੱਡਾ ਹਿੱਸਾ ਮਿਲ ਗਿਆ ਸੀ ਪਰ ਦੂਜੀ ਕਿਸ਼ਤ ਦਾ ਮੋਟਾ ਹਿੱਸਾ ਲੱਕੀ ਨੇ ਰੱਖ ਲਿਆ ਸੀ।``
ਦੋ ਦਿਨਾ ਰਿਮਾਂਡ
ਦਿਲਪ੍ਰੀਤ ਸਿੰਘ ਨੂੰ ਬੀਤੇ ਸੋਮਵਾਰ ਚੰਡੀਗੜ੍ਹ ਸੈਕਟਰ 43 ਸਥਿਤ ਬੱਸ ਅੱਡੇ ਤੋਂ ਸੰਖੇਪ ਜਿਹੇ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ।
ਚੰਡੀਗੜ੍ਹ ਪੁਲਿਸ ਨੇ ਸ਼ੁੱਕਰਵਾਰ ਨੁੰ ਉਸ ਦਾ ਦੋ ਦਿਨਾ ਰਿਮਾਂਡ ਮਿਲਿਆ ਸੀ।
ਐਤਵਾਰ ਨੂੰ ਇਹ ਰਿਮਾਂਡ ਦੋ ਦਿਨ ਹੋਰ ਅੱਗੇ ਵਧਾ ਦਿੱਤਾ ਗਿਆ ਸੀ। ਦਰਅਸਲ, ਚੰਡੀਗੜ੍ਹ ਪੁਲਿਸ ਹੁਸਿ਼ਆਰਪੁਰ ਦੇ ਸਰਪੰਚ ਦੀ ਬੀਤੇ ਵਰ੍ਹੇ ਸੈਕਟਰ 38 `ਚ ਹੋਈ ਹੱਤਿਆ ਦੀ ਜਾਂਚ ਕਰ ਰਹੀ ਹੈ।
ਉੱਧਰ ਦਿਲਪ੍ਰੀਤ ਸਿੰਘ ਜਿਹੜੀਆਂ ਦੋ ਭੈਣਾਂ ਹਰਪ੍ਰੀਤ ਕੌਰ (42) ਅਤੇ ਰੁਪਿੰਦਰ ਕੌਰ ਉਰਫ਼ ਰੂਬੀ (38) ਨਾਲ ਇੱਕੋ ਵੇਲੇ ਰਹਿ ਰਿਹਾ ਸੀ, ਦਾ 14 ਦਿਨਾਂ ਦਾ ਨਿਆਂਇਕ ਰਿਮਾਂਡ ਦਿੱਤਾ ਜਾ ਚੁੱਕਾ ਹੈ। ਮੋਹਾਲੀ ਪੁਲਿਸ ਨੇ ਵੀ ਉਨ੍ਹਾਂ ਦਾ ਰਿਮਾਂਡ ਮੰਗਿਆ ਸੀ ਪਰ ਉਹ ਦਿੱਤਾ ਨਹੀਂ ਸੀ ਗਿਆ।