ਅਗਲੀ ਕਹਾਣੀ

ਪਟਿਆਲਾ ਦੇ ਫ਼ੌਜੀ ਜਵਾਨ ਦੀ ਆਗਰਾ `ਚ ਟਰੇਨਿੰਗ ਦੌਰਾਨ ਮੌਤ

ਪਟਿਆਲਾ ਦੇ ਫ਼ੌਜੀ ਜਵਾਨ ਦੀ ਆਗਰਾ `ਚ ਟਰੇਨਿੰਗ ਦੌਰਾਨ ਮੌਤ

--  9,000 ਫ਼ੁੱਟ ਤੋਂ ਫ਼ੌਜੀ ਹਵਾਈ ਜਹਾਜ਼ `ਚੋਂ ਛਾਲ਼ ਮਾਰਦੇ ਸਮੇਂ ਪੈਰਾਸ਼ੂਟ ਨਾ ਖੁੱਲ੍ਹ ਸਕਿਆ


--  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਖੀ ਮੌਤ ਦੀ ਜਿ਼ੰਮੇਵਾਰੀ ਤੈਅ ਕਰਨ ਦੀ ਮੰਗ

 


ਪਟਿਆਲਾ ਦੇ ਸਪੈਸ਼ਲ ਫ਼ੋਰਸੇਜ਼ ਪੈਰਾ-ਟਰੁੱਪਰ ਹਰਦੀਪ ਸਿੰਘ (26) ਦੀ ਅੱਜ ਆਗਰਾ `ਚ ਟਰੇਨਿੰਗ ਦੌਰਾਨ ਮੌਤ ਹੋ ਗਈ। ਜਦੋਂ ਇਹ ਹਾਦਸਾ ਵਾਪਰਿਆ, ਤਦ ਹਰਦੀਪ ਸਿੰਘ ਪੈਰਾਸ਼ੂਟ ਦੀ ਟਰੇਨਿੰਗ ਲੈ ਰਿਹਾ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਦੀ ਜਾਂਚ ਛੇਤੀ ਤੋਂ ਛੇਤੀ ਕਰਵਾਉਣ ਤੇ ਇਸ ਮੌਤ ਦੀ ਜਿ਼ੰਮੇਵਾਰੀ ਤੈਅ ਕਰਨ ਦੀ ਮੰਗ ਕੇਂਦਰ ਸਰਕਾਰ ਤੋਂ ਕੀਤੀ ਹੈ।


ਪ੍ਰਾਪਤ ਜਾਣਕਾਰੀ ਅਨੁਸਾਰ ਹਰਦੀਪ ਸਿੰਘ ਪਟਿਆਲਾ ਜਿ਼ਲ੍ਹੇ ਦੀ ਸਮਾਣਾ ਤਹਿਸੀਲ ਦੇ ਪਿੰਡ ਤਲਵੰਡੀ ਮਲਿਕ ਦਾ ਜੰਮਪਲ਼ ਸੀ। ਸੂਤਰਾਂ ਮੁਤਾਬਕ ਅੱਜ ਉਹ ਜਦੋਂ ਦੋ ਇੰਜਣਾਂ ਵਾਲੇ ਟਰਬੋਪ੍ਰੌਪ ਫ਼ੌਜੀ ਟਰਾਂਸਪੋਰਟ ਹਵਾਈ ਜਹਾਜ਼ ਏਐੱਨ-32 ਤੋਂ 9,000 ਫ਼ੁੱਟ ਦੀ ਉਚਾਈ ਤੋਂ ਛਾਲ਼ ਮਾਰਨ ਦੀ ਟਰੇਨਿੰਗ ਲੈ ਰਿਹਾ ਸੀ; ਤਦ ਇਹ ਭਾਣਾ ਵਰਤ ਗਿਆ। ਉਸ ਦੇ ਸਾਥੀਆਂ ਮੁਤਾਬਕ ਹਰਦੀਪ ਸਿੰਘ ਦਾ ਪੈਰਾਸ਼ੂਟ ਖੁੱਲ੍ਹ ਨਾ ਸਕਿਆ, ਸਗੋਂ ਉਸ ਦੇ ਹੱਥ `ਚ ਹੀ ਉਲਝ ਕੇ ਰਹਿ ਗਿਆ; ਜਿਸ ਕਾਰਨ ਉਹ ਧਰਤੀ ਡਿੱਗਦੇ ਸਾਰ ਹੀ ਦਮ ਤੋੜ ਗਿਆ।


ਇਹ ਮੰਦਭਾਗੀ ਘਟਨਾ ਅੱਜ ਦੁਪਹਿਰ 12:05 ਵਜੇ ਆਗਰਾ ਦੇ ਮਲਪੁਰਾ ਪੈਰਾ-ਜ਼ੋਨ `ਚ ਵਾਪਰੀ। ਹਰਦੀਪ ਸਿੰਘ ਦੇ ਨਾਲ 40 ਹੋਰ ਜਵਾਨ ਵੀ ਸਿਖਲਾਈ ਲੈ ਰਹੇ ਸਨ।


‘ਟਾਈਮਜ਼ ਆਫ਼ ਇੰਡੀਆ` ਵੱਲੋਂ ਪ੍ਰਕਾਸਿ਼ਤ ਅਰਵਿੰਦ ਚੌਹਾਨ ਦੀ ਰਿਪੋਰਟ ਅਨੁਸਾਰ ਇਨ੍ਹਾਂ ਪੈਰਾ-ਟਰੁੱਪਰਜ਼ ਨੇ ਦੋ ਮਹੀਨਿਆਂ ਦਾ ਕੋਰਸ ਜ਼ਰੂਰ ਹੀ ਪੂਰਾ ਕਰਨਾ ਹੁੰਦਾ ਹੈ; ਜਿਸ ਦੌਰਾਨ ਉਨ੍ਹਾਂ ਨੂੰ ਬਹੁਤ ਉਚਾਈ ਤੋਂ ਹਵਾ `ਚ 35 ਵਾਰ ਛਾਲ਼ਾਂ ਮਾਰਨੀਆਂ ਪੈਂਦੀਆਂ ਹਨ। ਹਰਦੀਪ ਸਿੰਘ ਇਸ ਤੋਂ ਪਹਿਲਾਂ 13 ਵਾਰ ਇੰਝ ਹੀ ਹਵਾ `ਚ ਉਚਾਈ ਤੋਂ ਸਫ਼ਲਤਾਪੂਰਬਕ ਛਾਲ਼ ਮਾਰ ਚੁੱਕਾ ਸੀ।


ਹਰਦੀਪ ਸਿੰਘ ਆਸਾਮ `ਚ ਨਿਯੁਕਤ ਰਿਹਾ ਸੀ ਅਤੇ ਉਹ ਪਿਛਲੇ ਪੰਜ ਵਰ੍ਹੇ 11 ਮਹੀਨਿਆਂ ਤੋਂ ਭਾਰਤੀ ਫ਼ੌਜ `ਚ ਸੇਵਾ ਨਿਭਾ ਰਿਹਾ ਸੀ। ਉਸ ਦੀ ਮ੍ਰਿਤਕ ਦੇਹ ਨੂੰ ਆਗਰਾ ਦੇ ਐੱਸਐੱਨ ਕਾਲਜ `ਚ ਪੋਸਟ-ਮਾਰਟਮ ਲਈ ਭੇਜਿਆ ਗਿਆ ਹੈ।


ਇਸ ਮਾਮਲੇ ਦੀ ਅੰਦਰੂਨੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ,।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Patiala Army Para trooper Hardeep Singh killed in Agra