ਸ਼ਾਹੀ ਸ਼ਹਿਰ ਪਟਿਆਲਾ ਦੇ ਇੱਕ ਚਾਟ ਵਾਲੇ ਨੇ ਇੱਕ ਛਾਪੇ ਦੌਰਾਨ ਆਮਦਨ ਟੈਕਸ ਵਿਭਾਗ (IT Department - Income Tax Dept.) ਨੂੰ 1.20 ਕਰੋੜ ਰੁਪਏ ਸੌਂਪੇ ਹਨ। ਇਹ ਵੇਖ ਕੇ ਵਿਭਾਗ ਦੇ ਉੱਚ-ਅਧਿਕਾਰੀ ਵੀ ਹੈਰਾਨ-ਪਰੇਸ਼ਾਨ ਰਹਿ ਗਏ। ਕੋਈ ਸੋਚ ਵੀ ਨਹੀਂ ਸਕਦਾ ਕਿ ਇੱਕ ਚਾਟ ਵਾਲੇ ਦੀ ਅਸਲ ਆਮਦਨ ਇੰਨੀ ਜਿ਼ਆਦਾ ਹੋ ਸਕਦੀ ਹੈ।
ਹਾਲੇ ਕੁਝ ਦਿਨ ਪਹਿਲਾਂ ਲੁਧਿਆਣਾ ਦੇ ‘ਪਨੂੰ ਪਕੌੜੇ ਵਾਲਾ` ਨੇ ਆਪਣੇ ਕੋਲ ਪਏ ਬੇਹਿਸਾਬੇ 60 ਲੱਖ ਰੁਪਏ ਆਮਦਨ ਟੈਕਸ ਵਿਭਾਗ ਨੂੰ ਸੌਂਪੇ ਸਨ।
ਪਟਿਆਲਾ `ਚ ਫ਼ੋਕਲ ਪੁਆਇੰਟ `ਤੇ ਸਥਿਤ ‘ਰਿੰਕੂ ਚਾਟ ਵਰਲਡ` ਦੇ ਮਾਲਕ ਨੇ ਆਮਦਨ ਟੈਕਸ ਵਿਭਾਗ ਦੇ ਅਧਿਕਾਰੀਆਂ ਕੋਲ ਆਪਣੀ ਆਮਦਨ ਦਾ ਖ਼ੁਲਾਸਾ ਕੀਤਾ। ਇਹ ਦੁਕਾਨ ਚਾਟ ਲਈ ਤਾਂ ਮਸ਼ਹੂਰ ਹੈ ਹੀ ਤੇ ਇਸ ਦੇ ਨਾਲ ਇੱਥੇ ਤਿਉਹਾਰਾਂ ਤੇ ਵਿਆਹਾਂ ਮੌਕੇ ਵੀ ਕੇਟਰਿੰਗ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਫ਼ੋਕਲ ਪੁਆਇੰਟ `ਤੇ ਸਿਰਫ਼ ਚਾਟ ਵਿਕਦੀ ਹੈ, ਜਦ ਕਿ ਸਰਹਿੰਦ ਰੋਡ `ਚ ਵਿਆਹ ਤੇ ਹੋਰ ਸਮਾਰੋਹਾਂ ਦੇ ਪ੍ਰੋਗਰਾਮ ਬੁੱਕ ਕਰਨ ਦਾ ਵੱਖਰਾ ਦਫ਼ਤਰ ਹੈ।
ਅੱਜ ਚਾਟ ਵਾਲੇ ਤੋਂ ਇਲਾਵਾ ਆਮਦਨ ਟੈਕਸ ਅਧਿਕਾਰੀਆਂ ਨੇ ‘ਕਲੈਰੀਅਨ ਇਨ ਹੋਟਲ` `ਤੇ ਵੀ ਛਾਪਾ ਮਾਰਿਆ। ਇਹ ਖ਼ਬਰ ਲਿਖੇ ਜਾਣ ਤੱਕ ਅਧਿਕਾਰੀ ਹੋਟਲ `ਚ ਹੀ ਸਨ।
ਆਮਦਨ ਟੈਕਸ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਗੁਪਤ ਸਰਵੇਖਣ ਕਰਵਾਇਆ ਸੀ, ਜਿਸ ਤੋਂ ਇਹ ਤੱਥ ਸਾਹਮਣੇ ਆਇਆ ਕਿ ਖਾਣ-ਪੀਣ ਦੀਆਂ ਕੁਝ ਦੁਕਾਨਾਂ ਨੂੰ ਬਹੁਤ ਜਿ਼ਆਦਾ ਆਮਦਨ ਹੁੰਦੀ ਹੈ ਪਰ ਉਨ੍ਹਾਂ ਦੇ ਮਾਲਕ ਉਸ ਆਮਦਨ ਮੁਤਾਬਕ ਆਮਦਨ ਟੈਕਸ ਅਦਾ ਨਹੀਂ ਕਰ ਰਹੇ। ਇਸੇ ਲਈ ਹੁਣ ਇਹ ਮੁਹਿੰਮ ਵਿੱਢੀ ਗਈ ਹੈ। ਹੁਣ ਚਾਟ ਵਾਲੇ ਤੇ ਪਕੌੜਿਆਂ ਵਾਲੇ ਵੀ ਆਮਦਨ ਟੈਕਸ ਅਧਿਕਾਰੀਆਂ ਦੀ ਤਿੱਖੀ ਨਜ਼ਰ ਤੋਂ ਬਚਨ ਨਹੀਂ ਸਕਣਗੇ।
ਅਧਿਕਾਰੀ ਨੇ ਦੱਸਿਆ ਕਿ ਚਾਟ ਵਾਲੇ ਨੇ ਪਿਛਲੇ ਵਰ੍ਹਿਆਂ ਤੋਂ ਆਪਣੀ ਆਮਦਨ ਟੈਕਸ ਰਿਟਰਨ ਵੀ ਨਹੀਂ ਭਰੀ ਹੈ। ਇਸ ਤੋਂ ਇਲਾਵਾ ਇਸ ਚਾਟ ਵਾਲੇ ਨੇ ਕਈ ਲੱਖਾਂ ਰੁਪਏ ਰੀਅਲ ਐਸਟੇਟ `ਚ ਵੀ ਨਿਵੇਸ਼ ਕੀਤੇ ਹੋਏ ਹਨ।
ਇਸ ਚਾਟ ਵਾਲੇ ਦੀ ਸੁੱਕੇ ਮੇਵਿਆਂ ਦੀ ਚਾਟ, ਸਾਲਸਾ ਮੈਕਸੀਕਨ ਚਾਟ ਬਹੁਤ ਮਸ਼ਹੂਰ ਹਨ। ਇਸ ਤੋਂ ਇਲਾਵਾ ਵਿਆਹਾਂ ਮੌਕੇ ਉਸ ਵੱਲੋਂ 10 ਤੋਂ 15 ਕਿਸਮ ਦੀਆਂ ਚਾਟ ਦੇ ਸਟਾਲ ਲਾਏ ਜਾਂਦੇ ਹਨ।