ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਵੱਡੀ ਲਾਪਰਵਾਹੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਦੇ ਇੱਕ ਨੌਜਵਾਨ ਦੀ ਲਾਸ਼ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦੇਣ ਦੀ ਥਾਂ ਉੱਤਰ ਪ੍ਰਦੇਸ਼ ਤੋਂ ਆਏ ਪ੍ਰਵਾਸੀਆਂ ਦੇ ਇੱਕ ਪਰਿਵਾਰ ਨੂੰ ਦੇ ਦਿੱਤੀ ਗਈ। ਜਦੋਂ ਸੰਗਰੂਰ ਦੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਖੜ੍ਹਾ ਕੀਤਾ, ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਲਾਸ਼ ਵਾਪਸ ਮੰਗਵਾਈ।
ਲੰਘੇ ਮੰਗਲਵਾਰ ਸੰਗਰੂਰ ਦੇ 30 ਸਾਲਾ ਫ਼ੌਜੀ ਸਿੰਘ ਨੂੰ ਗੰਭੀਰ ਹਾਲਤ ’ਚ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ ਸੀ। ਉਸ ਨੇ ਜ਼ਹਿਰ ਖਾ ਲਿਆ ਸੀ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕੱਲ੍ਹ ਬੁੱਧਵਾਰ ਸਵੇਰੇ ਜਦੋਂ ਫ਼ੌਜੀ ਸਿੰਘ ਦੇ ਪਰਿਵਾਰਕ ਮੈਂਬਰ ਲਾਸ਼ ਲੈਣ ਲਈ ਹਸਪਤਾਲ ਪੁੱਜੇ, ਤਾਂ ਪਤਾ ਲੱਗਾ ਕਿ ਫ਼ੌਜੀ ਸਿੰਘ ਦੀ ਲਾਸ਼ ਤਾਂ ਉੱਤਰ ਪ੍ਰਦੇਸ਼ ਦੇ ਕਿਸੇ ਪ੍ਰਵਾਸੀ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।
ਪ੍ਰਵਾਸੀ ਪਰਿਵਾਰ ਫ਼ੌਜੀ ਸਿੰਘ ਦੀ ਲਾਸ਼ ਆਪਣੇ ਬੰਦੇ ਦੀ ਸਮਝ ਕੇ ਉਸ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਸ਼ਹਿਰ ਗੌਂਡਾ ਰਵਾਨਾ ਵੀ ਹੋ ਚੁੱਕੇ ਸਨ।
ਦਰਅਸਲ, ਗੱਲ ਇਹ ਹੋਈ ਸੀ ਕਿ ਪ੍ਰਵਾਸੀ ਮਜ਼ਦੂਰ ਰਾਮ ਕੁਮਾਰ ਦੇਵੀਗੜ੍ਹ ਦੇ ਕਿਸੇ ਕਿਸਾਨ ਪਰਿਵਾਰ ਕੋਲ ਕੰਮ ਕਰਦਾ ਸੀ। ਉਸ ਦੀ ਵੀ ਮੰਗਲਵਾਰ ਨੂੰ ਜ਼ਹਿਰ ਖਾ ਲੈਣ ਕਾਰਨ ਮੌਤ ਹੋ ਗਈ ਸੀ। ਰਾਮ ਕੁਮਾਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਗ਼ਲਤ ਸ਼ਨਾਖ਼ਤ ਕਾਰਨ ਰਾਮ ਕੁਮਾਰ ਦੀ ਥਾਂ ਫ਼ੌਜੀ ਸਿੰਘ ਦੀ ਲਾਸ਼ ਆਪਣੇ ਨਾਲ ਲੈ ਗਏ।
ਫ਼ੌਜੀ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਜਦੋਂ ਹਸਪਤਾਲ ’ਚ ਹੰਗਾਮਾ ਖੜ੍ਹਾ ਕਰ ਦਿੱਤਾ, ਤਦ ਮਾਮਲਾ ਪੁਲਿਸ ਕੋਲ ਪੁੱਜਾ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਫ਼ੋਨ ਕਰ ਕੇ ਫ਼ੌਜੀ ਸਿੰਘ ਦੀ ਲਾਸ਼ ਵਾਪਸ ਮੰਗਵਾਈ ਹੈ।
ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਆਖ਼ਰ ਅਸਲ ਗ਼ਲਤੀ ਕਿਸ ਦੀ ਸੀ।