ਤਸਵੀਰਾਂ ਤੇ ਵਿਡੀਓ: ਭਾਰਤ ਭੂਸ਼ਨ, ਹਿੰਦੁਸਤਾਨ ਟਾਈਮਜ਼
ਪਟਿਆਲਾ ਦੇ ਥਾਪਰ ਇੰਜੀਨੀਅਰਿੰਗ ਕਾਲਜ ਦੇ ਬਾਹਰ ਅੱਜ ਦੇਰ ਸ਼ਾਮੀਂ ਵਿਦਿਆਰਥੀਆਂ ਨੇ ਅਚਾਨਕ ਰੋਸ ਮੁਜ਼ਾਹਰਾ ਕਰਨਾ ਸ਼ੁਰੂ ਕਰ ਦਿੱਤਾ। ਇਹ ਵਿਦਿਆਰਥੀ ਫ਼ੀਸਾਂ ਵਿੱਚ ਕੀਤੇ ਅਥਾਹ ਵਾਧੇ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਹਨ।
‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਰੋਹ ’ਚ ਆਏ ਇਨ੍ਹਾਂ ਵਿਦਿਆਰਥੀਆਂ ਤੇ ਵਿਦਿਆਰਥਣਾਂ ਨੇ ਦੱਸਿਆ ਕਿ ਉਂਝ ਤਾਂ ਫ਼ੀਸਾਂ ਵਿੱਚ ਵਾਧਾ ਹਰ ਸਾਲ ਹੀ ਹੁੰਦਾ ਹੈ ਪਰ ਐਤਕੀਂ ਮੈੱਸ, ਹੋਸਟਲ ਤੇ ਟਿਊਸ਼ਨ ਫ਼ੀਸ ਵਿੱਚ ਕੀਤਾ ਵਾਧਾ ਬਹੁਤ ਜ਼ਿਆਦਾ ਹੈ।
ਕੁਝ ਵਿਦਿਆਰਥਣਾਂ ਨੇ ਦੱਸਿਆ ਕਿ ਐਤਕੀਂ ਇਹ ਵਾਧਾ ਚਾਰ ਤੋਂ ਪੰਜ ਹਜ਼ਾਰ ਰੁਪਏ ਪ੍ਰਤੀ ਵਰਗ ਕੀਤਾ ਗਿਆ ਹੈ, ਜੋ ਕੁੱਲ 8 ਤੋਂ 10 ਹਜ਼ਾਰ ਰੁਪਏ ਬਣਦਾ ਹੈ; ਜੋ ਬਹੁਤ ਜ਼ਿਆਦਾ ਹੈ।
ਇੱਕ ਹੋਰ ਵਿਦਿਆਰਥੀ ਨੇ ਦੋਸ਼ ਲਾਇਆ ਕਿ ਇੰਜੀਨੀਅਰਿੰਗ ਕਾਲਜ ਦੇ ਪ੍ਰਬੰਧਕ ਅਗਸਤ ਮਹੀਨੇ ਸ਼ੁਰੂ ਹੋਣ ਵਾਲੇ ਸੀਮੈਸਟਰ ਦੀ ਫ਼ੀਸ ਹੁਣੇ ਮੰਗ ਰਹੇ ਹਨ। ਇਸ ਸਬੰਧੀ ਨੋਟਿਸ ਬੀਤੀ 2 ਅਪ੍ਰੈਲ ਨੂੰ ਜਾਰੀ ਕੀਤਾ ਗਿਆ ਸੀ ਤੇ ਫ਼ੀਸ 18 ਅਪ੍ਰੈਲ ਤੱਕ ਜਮ੍ਹਾ ਕਰਵਾਉਣੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਮੋਟੀਆਂ ਫ਼ੀਸਾਂ ਹਾਲੇ ਬੀਤੇ ਜਨਵਰੀ ਮਹੀਨੇ ਭਰਵਾਈਆਂ ਹਨ ਤੇ ਇੰਨੀ ਛੇਤੀ ਅਗਲੇ ਸੀਮੈਸਟਰ ਦੀਆਂ ਫ਼ੀਸਾਂ ਜਮ੍ਹਾ ਕਰਵਾਉਣਾ ਬਹੁਤ ਔਖਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਇਕੱਲੇ ਹੋਸਟਲ ਦਾ ਹੀ ਖ਼ਰਚਾ 50,000 ਰੁਪਏ ਸਾਲਾਨਾ ਹੈ।
ਵਿਦਿਆਰਥੀਆਂ ਨੇ ਕਿਹਾ ਕਿ ਜੇ ਪ੍ਰਬੰਧਕਾਂ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ, ਤਾਂ ਇਹ ਰੋਸ ਮੁਜ਼ਾਹਰਾ ਸਾਰੀ ਰਾਤ ਜਾਰੀ ਰਹੇਗਾ।