ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਿਆਲਾ ਬਣੇਗਾ ਸੈਰ ਸਪਾਟੇ ਦੀ ਰਾਜਧਾਨੀ: ਪਰਨੀਤ ਕੌਰ

ਪੰਜਾਬ ਸਰਕਾਰ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫ਼ਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ-2020 ਦੀ ਤੀਜੀ ਸ਼ਾਮ ਵੀ ਅੱਜ ਕਲਾ ਤੇ ਸੰਗੀਤ ਪ੍ਰੇਮੀਆਂ ਲਈ ਯਾਦਗਾਰ ਬਣੀ। ਇਸ ਦੌਰਾਨ ਪਦਮਸ੍ਰੀ ਉਸਤਾਦ ਸ਼ਾਹਿਦ ਪ੍ਰਵੇਜ਼ ਖ਼ਾਨ ਨੇ ਸਿਤਾਰ ਵਾਦਨ ਨਾਲ ਸਮਾਂ ਬੰਨ੍ਹਿਆਂ ਅਤੇ ਕਥਕ ਨਰਤਕੀ ਪਦਮਸ੍ਰੀ ਸ਼ੋਵਨਾ ਨਾਰਾਇਣ ਨੇ ਕੱਥਕ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਦਰਸ਼ਕ ਕੀਲੇ।

 

ਉਸਤਾਦ ਸ਼ਾਹਿਦ ਪ੍ਰਵੇਜ਼ ਖ਼ਾਨ ਨੇ ਰਾਗ ਭੀਮ ਪਲਾਸੀ ਦੀ ਸੁਰ 'ਤੇ ਸਿਤਾਰ ਵਜਾ ਕੇ ਦਰਸ਼ਕਾਂ ਦੀਆਂ ਤਾੜੀਆਂ ਬਟੋਰੀਆਂ। ਸ੍ਰੀ ਖ਼ਾਨ ਨਾਲ ਤਬਲੇ 'ਤੇ ਪੰਡਿਤ ਗੋਪੀ ਨਾਥ ਝਾਅ ਦੇ ਵਿਦਿਆਰਥੀ ਪੰਡਿਤ ਮਿਥਲੇਸ਼ ਕੁਮਾਰ ਝਾਅ ਨੇ ਬਹੁਤ ਖ਼ੂਬਸੂਰਤੀ ਨਾਲ ਵੱਖ-ਵੱਖ ਤਾਲਾਂ ਵਜਾ ਕੇ ਸੰਗਤ ਕੀਤੀ, ਉਨ੍ਹਾਂ ਨੇ ਆਲਾਪ ਤੋਂ ਬਾਅਦ ਸ਼ਾਸਤਰੀ ਸੰਗੀਤ ਦੀ ਜਾਦੂਗਰੀ ਦਿਖਾਉਂਦਿਆਂ ਤਬਲੇ ਨਾਲ ਚਮਤਕਾਰੀ ਜੁਗਲਬੰਦੀ ਕਰਕੇ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।

 

ਸ੍ਰੀਮਤੀ ਸ਼ੋਵਨਾ ਨਾਰਾਇਣ ਅਤੇ ਹੋਰ ਸਾਥੀ ਕਲਾਕਾਰਾਂ ਨੇ ਨ੍ਰਿਤ ਨਾਟ 'ਨੂਰ ਜਹਾਂ' ਤੇਰੀ ਨਜ਼ਰ ਸੇ ਜਬ ਕੋਈ ਜਾਮ ਪੀਆ ਮੈਨੇ 'ਤੇ ਕਥਕ ਜਰੀਏ ਦਿਲਕਸ਼ ਪੇਸ਼ਕਾਰੀ ਕਰਕੇ ਦਰਸ਼ਕਾਂ ਨੂੰ ਕੀਲਿਆ। ਇਸ ਨ੍ਰਿਤ ਨਾਟ 'ਚ ਉਨ੍ਹਾਂ ਨੇ ਨੂਰ ਜਹਾਂ ਦਾ ਜਹਾਂਗੀਰ ਨਾਲ ਪਿਆਰ, ਕਵੀ ਦੀ ਨਜ਼ਰ 'ਚ 'ਮੈ ਤੇਰੇ ਅੰਗੋ ਕਾ ਵੈਬਵ' 'ਤੇ ਕਥਕ ਨਾਲ ਨੂਰ ਜਹਾਂ ਦੀ ਖ਼ੂਬਸੂਰਤੀ ਦਾ ਵਰਨਣ ਕੀਤਾ।

 

ਇਸ ਤੋਂ ਬਾਅਦ ਸ੍ਰੀਮਤੀ ਸ਼ੋਵਨਾ ਨੇ ਸ਼ਾਦੀ ਤੋਂ ਵਿਦਾਈ ਦਾ ਸਫ਼ਰ ਅਮੀਰ ਖੁਸਰੋ ਦੇ ਬੋਲਾਂ 'ਚ 'ਬਹੁਤ ਰਹੀ ਬਾਬਲ ਘਰ ਦੁਲਹਨ ਚੱਲ ਤੇਰੇ ਪੀ ਨੇ ਬੁਲਾਈ' 'ਤੇ ਸ਼ਾਨਦਾਰ ਨ੍ਰਿਤ ਪੇਸ਼ ਕੀਤਾ ਤੇ ਫ਼ਿਰ ਪਤੀ-ਪਤਨੀ ਦੇ ਮਿਲਾਪ 'ਦੋਨੋ ਭਏ ਏਕ ਰੰਗ', ਆਜ ਰੰਗ ਹੇ ਮਾ ਰੰਗ ਹੇ ਰੀ, ਮਲਿਕਾ ਏ ਬੇਗ਼ਮ ਨੂਰ ਜਹਾਂ ਦਾ ਚਿਤਰਨ ਕਰਦਿਆਂ ਤਰਾਨਾ ਨਾਲ ਆਪਣੇ ਕਥਕ ਨ੍ਰਿਤ ਦੀ ਸਮਾਪਤੀ ਕੀਤੀ।

 

ਸ੍ਰੀਮਤੀ ਸ਼ੋਵਨਾ ਨਾਰਾਇਣ ਦੇ ਨਾਲ ਮਿਊਜ਼ਿਕ ਕੰਪੋਜ਼ਰ ਤੇ ਗਾਇਕ ਸ੍ਰੀ ਮਾਧੋ ਪ੍ਰਸਾਦ, ਤਬਲੇ 'ਤੇ ਸ਼ਕੀਲ ਅਹਿਮ ਖ਼ਾਨ, ਪਖਾਵਜ 'ਤੇ ਮਹਾਂਵੀਰ ਗੰਗਾਨੀ, ਸਿਤਾਰ 'ਤੇ ਵਿਜੇ ਸ਼ਰਮਾ, ਵਾਇਲਨ 'ਤੇ ਅਜ਼ਹਰ ਸ਼ਕੀਲ, ਵੀਡੀਓਗ੍ਰਾਫ਼ ਅਸ਼ਵਨੀ ਚੋਪੜਾ ਸਮੇਤ ਸਾਥੀ ਕਲਾਕਾਰਾਂ ਸ਼ੈਲਜਾ ਨਲਵਜੇ, ਕੋਮਲ ਵਿਸ਼ਵਾਸ਼, ਸੋਨਮ ਚੋਹਾਨ, ਮਹਿਮਾ ਸਤਸੰਗੀ, ਸ਼ਿਲਪਾ ਵਰਮਾ, ਸੁਪਰਨਾ ਸਿੰਘ, ਭਵਾਨੀ, ਪ੍ਰਵੀਨ, ਅਨਿਲ ਖਿੰਚੀ ਤੇ ਪਰਿਹਾਰ ਨੇ ਸਾਥ ਦਿੱਤਾ। ਮੰਚ ਸੰਚਾਲਨ ਪ੍ਰਸਿੱਧ ਐਂਕਰ ਤੇ ਫ਼ਿਲਮ ਡਾਇਰੈਕਟਰ ਸ੍ਰੀਮਤੀ ਸਾਧਨਾ ਸ੍ਰੀਵਾਸਤਵ ਨੇ ਕੀਤਾ।

 

ਇਸ ਸੰਗੀਤਮਈ ਸ਼ਾਮ ਮੌਕੇ ਕਿਲਾ ਮੁਬਾਰਕ ਦੇ ਦਰਬਾਰ ਹਾਲ ਦੇ ਖੁੱਲ੍ਹੇ ਵਿਹੜੇ 'ਚ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ, ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ, ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਮੇਅਰ ਸ੍ਰੀ ਸੰਜੀਵ ਸ਼ਰਮਾ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਡਾਇਰੈਕਟਰ ਇੰਡੀਅਨ ਮਿਊਜਿਕ ਸੁਸਾਇਟੀ ਸ੍ਰੀਮਤੀ ਅਨੀਤਾ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਤੇ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਵੀ ਮੌਜੂਦ ਸਨ।

 

ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਦੇ ਯਤਨਾਂ ਸਦਕਾ ਪਟਿਆਲਾ ਸੈਰ ਸਪਾਟੇ ਦੇ ਕੇਂਦਰ ਵਜੋਂ ਉਭਰ ਰਿਹਾ ਹੈ ਅਤੇ ਇਹ ਪੰਜਾਬ ਦੀ ਸੈਰ ਸਪਾਟੇ ਦੀ ਰਾਜਧਾਨੀ ਬਣੇਗਾ। ਉਨ੍ਹਾਂ ਨੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਸਮੇਤ ਪਟਿਆਲਾ ਵਾਸੀਆਂ ਨੂੰ ਇਸ ਹੈਰੀਟੇਜ ਉਸਤਵ ਦੀ ਮੁਬਾਰਕਬਾਦ ਦਿੰਦਿਆਂ ਇਸ 'ਚ ਹੁੰਮ ਹੁਮਾ ਕੇ ਪੁੱਜਣ ਦੀ ਅਪੀਲ ਵੀ ਕੀਤੀ।

 

ਪਟਿਆਲਾ ਹੈਰੀਟੇਜ਼ ਫੈਸਟੀਵਲ ਦੇ ਚੌਥੇ ਦਿਨ ਦੇ ਪ੍ਰੋਗਰਾਮਾਂ ਬਾਰੇ ਦੱਸਦਿਆਂ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ 25 ਫਰਵਰੀ ਨੂੰ ਫੂਲ ਸਿਨੇਮਾ ਵਿਖੇ ਸ੍ਰੀ ਵਿਸ਼ਾਲ ਸ਼ਰਮਾ ਵੱਲੋਂ ਨਿਰਦੇਸ਼ਤ ਫ਼ਿਲਮ ਨਾਨਕ ਨੂਰ-ਏ-ਇਲਾਹੀ ਦੇ ਦੋ ਸ਼ੋਅ ਸਵੇਰੇ 11 ਤੋਂ 12 ਵਜੇ ਅਤੇ 12 ਤੋਂ 1 ਵਜੇ ਤੱਕ ਮੁਫ਼ਤ ਦਿਖਾਏ ਜਾਣਗੇ ਅਤੇ ਸ਼ਾਮ ਨੂੰ 7 ਵਜੇ ਐਨ.ਆਈ.ਐਸ. ਵਿਖੇ ਮਰਹੂਮ ਸ੍ਰੀ ਹਰਪਾਲ ਟਿਵਾਣਾ ਦੇ ਨਾਟਕ ਦੀਵਾ ਬਲੇ ਸਾਰੀ ਰਾਤ ਨੂੰ ਸ੍ਰੀ ਮਨਪਾਲ ਟਿਵਾਣਾ ਦੀ ਨਿਰਦੇਸ਼ਨਾ ਹੇਠ ਪ੍ਰਦਰਸ਼ਤ ਕੀਤਾ ਜਾਵੇਗਾ। ਉਨ੍ਹਾਂ ਨੇ ਸਮੂਹ ਆਮ ਲੋਕਾਂ ਅਤੇ ਸੰਗੀਤ ਅਤੇ ਕਲਾ ਪ੍ਰੇਮੀਆਂ ਨੂੰ ਇਸ ਦੌਰਾਨ ਹੁੰਮ ਹੁੰਮਾਂ ਕੇ ਸ਼ਿਰਕਤ ਕਰਨ ਦੀ ਅਪੀਲ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Patiala to be Tourism Capital: Pranit Kaur