ਅਗਲੀ ਕਹਾਣੀ

ਪੰਜਾਬ ਦੇ ਅਧਿਆਪਕਾਂ ਤੇ ਕੈਪਟਨ `ਚ 16-17 ਦਸੰਬਰ ਨੂੰ ਹੋ ਸਕਦੈ ਸਮਝੌਤਾ

ਧਰਨਾਕਾਰੀ ਅਧਿਆਪਕਾਂ/ਅਧਿਆਪਕਾਵਾਂ ਦੀ ਫ਼ਾਈਲ ਤਸਵੀਰ। ਹੁਣ ਧਰਨਾ ਖ਼ਤਮ ਹੋ ਚੁੱਕਾ ਹੈ।

ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਮੰਗਾਂ ਉਤੇ ਵਿਚਾਰ ਕਰਨ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 16 ਜਾਂ 17 ਦਸੰਬਰ ਨੂੰ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ।


ਸ੍ਰੀ ਸੋਨੀ ਨੇ ਕਿਹਾ ਕਿ ਅਧਿਆਪਕਾਂ ਨੂੰ ਧਰਨੇ ਦਾ ਰਾਹ ਛੱਡ ਕੇ ਗੱਲਬਾਤ ਰਾਹੀਂ ਮਸਲੇ ਹੱਲ ਕਰਵਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪਟਿਆਲਾ ਵਿਖੇ ਧਰਨੇ ਦੌਰਾਨ ਉਨ੍ਹਾਂ ਅਧਿਆਪਕਾਂ ਨਾਲ ਜੋ ਵੀ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕੀਤਾ ਜਾਵੇਗਾ ਅਤੇ ਵਿਧਾਨ ਸਭਾ ਸੈਸ਼ਨ ਤੋਂ ਬਾਅਦ 16 ਜਾਂ 17 ਦਸੰਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਕੇ ਮਸਲੇ ਦਾ ਹੱਲ ਕੱਢਿਆ ਜਾਵੇਗਾ। 


ਉਨ੍ਹਾਂ ਕਿਹਾ ਕਿ ਪਹਿਲਾਂ ਵੀ ਮੁੱਖ ਮੰਤਰੀ ਨੇ ਇਨ੍ਹਾਂ ਅਧਿਆਪਕਾਂ ਦੀ ਮੰਗ ਉਤੇ ਹਮਦਰਦੀ ਨਾਲ ਵਿਚਾਰ ਕਰਦਿਆਂ ਤਨਖ਼ਾਹ ਪੰਜ ਹਜ਼ਾਰ ਵਧਾਈ ਸੀ। ਹੁਣ ਵੀ ਮੁੱਖ ਮੰਤਰੀ ਜੋ ਵੀ ਫੈਸਲਾ ਕਰਨਗੇ, ਉਸ ਨੂੰ ਲਾਗੂ ਕੀਤਾ ਜਾਵੇਗਾ।


ਮੋਰਚੇ ਵੱਲੋਂ ਆਪਣੇ ਆਗੂਆਂ ਦੀਆਂ ਬਦਲੀਆਂ ਤੇ ਮੁਅੱਤਲੀਆਂ ਇਕੋ ਚਿੱਠੀ ਰਾਹੀਂ ਰੱਦ ਕਰਨ ਦੀ ਮੰਗ ਕਰਨ ਉਤੇ ਸਿੱਖਿਆ ਮੰਤਰੀ ਨੇ ਕਿਹਾ ਕਿ ਸਾਰੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਇਹ ਬਦਲੀਆਂ ਤੇ ਮੁਅੱਤਲੀਆਂ ਰੱਦ ਕੀਤੀਆਂ ਜਾਣਗੀਆਂ। ਉਨ੍ਹਾਂ ਮੋਰਚੇ ਤੋਂ ਅਜਿਹੇ ਅਧਿਆਪਕਾਂ ਦੀ ਸੂਚੀ ਵੀ ਮੰਗੀ, ਜਿਨ੍ਹਾਂ ਦੀਆਂ ਬਦਲੀਆਂ ਤੇ ਮੁਅੱਤਲੀਆਂ ਹੋਈਆਂ ਹਨ। ਮੀਟਿੰਗ ਦੌਰਾਨ ਲੈਬ ਅਟੈਂਡੈਂਟ, ਉਰਦੂ ਦੇ ਅਧਿਆਪਕਾਂ ਤੇ ਹੋਰ ਵਰਗਾਂ ਦੇ ਅਧਿਆਪਕਾਂ ਨੂੰ ਰੈਗੂਲਰ ਨਾ ਕਰਨ ਉਤੇ ਸਿੱਖਿਆ ਮੰਤਰੀ ਨੇ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ।


ਸ੍ਰੀ ਸੋਨੀ ਨੇ ਅਧਿਆਪਕਾਂ ਦੀਆਂ ਰੈਸ਼ਨੇਲਾਈਜੇਸ਼ਨ ਅਤੇ ਹੋਰ ਮੰਗਾਂ ਉਤੇ ਵੀ ਵਿਚਾਰ ਕਰਨ ਦਾ ਭਰੋਸਾ ਦਿੱਤਾ ਅਤੇ ਸਕੱਤਰ ਸਕੂਲ ਸਿੱਖਿਆ ਨੂੰ ਇਸ ਸਬੰਧੀ ਕਾਰਵਾਈ ਕਰਨ ਲਈ ਆਖਿਆ। ਮੀਟਿੰਗ ਦੌਰਾਨ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਅਤੇ ਸਿੱਖਿਆ ਮੰਤਰੀ ਦੇ ਓ.ਐਸ.ਡੀ. ਡੀ.ਐਸ. ਸਰੋਆ ਹਾਜ਼ਰ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pb agitated teachers may meet Captain on 16 or 17 Dec