ਅਗਲੀ ਕਹਾਣੀ

ਪੰਜਾਬ ਵਿਧਾਨ ਸਭਾ ਸੈਸ਼ਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ

ਪੰਜਾਬ ਵਿਧਾਨ ਸਭਾ ਸੈਸ਼ਨ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ

ਪੰਜਾਬ `ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਬਾਰੇ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਵੱਲੋਂ ਸਮੁੱਚੀ ਰਿਪੋਰਟ ਮਿਲਣ ਤੋਂ ਬਾਅਦ ਹੀ ਪੰਜਾਬ ਕੈਬਨਿੇਟ ਕੋਈ ਮੀਟਿੰਗ ਕਰ ਕੇ ਵਿਧਾਨ ਸਭਾ ਦੇ ਸੈਸ਼ਨ ਦੀ ਤਰੀਕ ਦਾ ਐਲਾਨ ਕਰੇਗਾ।


ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਮਿਆਦ ਆਉਂਦੀ 30 ਅਗਸਤ ਨੂੰ ਪੁੱਗ ਰਹੀ ਹੈ। ਉਂਝ ਕਮਿਸ਼ਨ ਨੇ ਆਪਣੀ ਅੰਤਿਮ ਰਿਪੋਰਟ ਸੌਂਪ ਦਿੱਤੀ ਹੈ; ਜੋ 12 ਅਕਤੂਬਰ, 2015 ਨੂੰ ਫ਼ਰੀਦਕੋਟ ਜਿ਼ਲ੍ਹੇ ਦੇ ਪਿੰਡ ਬਰਗਾੜੀ `ਚ ਵਾਪਰੀ ਬੇਅਦਬੀ ਦੀ ਘਟਨਾ ਤੇ ਉਸ ਤੋਂ ਦੋ ਦਿਨਾਂ ਬਾਅਦ ਕੋਟਕਪੂਰਾ ਤੇ ਬਹਿਬਲ ਕਲਾਂ `ਚ ਵਾਪਰੀਆਂ ਗੋਲੀਬਾਰੀ ਦੀਆਂ ਉਨ੍ਹਾਂ ਘਟਨਾਵਾਂ ਦੀ ਜਾਂਚ ਬਾਰੇ ਹੈ, ਜਿਨ੍ਹਾਂ ਵਿੱਚ ਦੋ ਸਿੱਖ ਮੁਜ਼ਾਹਰਾਕਾਰੀ ਮਾਰੇ ਗਏ ਸਨ।


ਪਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਹਾਲੇ ਇੱਕ ਪੂਰਕ ਰਿਪੋਰਟ ਪੇਸ਼ ਕਰਨੀ ਹੈ, ਜਿਹੜੀ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਦੇ ਜਵਾਬ `ਤੇ ਆਧਾਰਤ ਹੋਵੇਗੀ। ਦਰਅਸਲ, ਕਮਿਸ਼ਨ ਨੇ ਆਪਣੀ ਰਿਪੋਰਟ `ਚ ਉਦੋਂ ਦੇ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਵੀ ਗੋਲੀਬਾਰੀ ਲਈ ਦੋਸ਼ੀ ਮੰਨਿਆ ਹੈ। ਕਮਿਸ਼ਨ ਦੀ ਰਿਪੋਰਟ ਦੇ ਬਾਕੀ ਦੇ ਤਿੰਨ ਭਾਗ ਵੀ ਹਾਲੇ ਪੇਸ਼ ਕੀਤੇ ਜਾਣੇ ਹਨ, ਜਿਨ੍ਹਾਂ ਵਿੱਚ ਬਰਗਾੜੀ ਤੋਂ ਬਾਅਦ ਸੂਬੇ `ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਦੇ ਵੇਰਵੇ ਦਰਜ ਹੋਣਗੇ।


ਸੱਤਾਧਾਰੀ ਪਾਰਟੀ ਕਾਂਗਰਸ ਦਾ ਇੱਕ ਵਰਗ ਇਸ ਰਿਪੋਰਟ ਨੂੰ ਜੱਗ-ਜ਼ਾਹਿਰ ਕਰਨ ਦੇ ਮਾਮਲੇ `ਤੇ ਦੋਚਿੱਤੀ `ਚ ਹੈ ਕਿਉਂਕਿ ਕਮਿਸ਼ਨ ਨੇ ਆਪਣੀ ਰਿਪੋਰਟ `ਚ ਬੇਅਦਬੀ ਦੀਆਂ ਘਟਨਾਵਾਂ ਨੂੰ ਡੇਰਾ ਸੱਚਾ ਸੌਦਾ ਦੇ ਗੁਰਮੀਤ ਰਾਮ ਰਹੀਮ ਨੂੰ ਉਸੇ ਵਰ੍ਹੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੀ ਮਾਫ਼ੀ ਦੇ ਮੁੱਦੇ ਨਾਲ ਜੋੜ ਦਿੱਤਾ ਹੈ।


ਕਾਂਗਰਸੀ ਆਗੂਆਂ ਦਾ ਮੰਨਣਾ ਹੈ ਕਿ ਡੇਰਾ ਮੁਖੀ ਨੂੰ ਭਾਵੇਂ ਦੋਸ਼ੀ ਕਰਾਰ ਦੇ ਕੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਪਰ ਡੇਰੇ ਨਾਲ ਜੁੜੇ ਸ਼ਰਧਾਲੂ ਪੂਰੀ ਤਰ੍ਹਾਂ ਇੱਕਜੁਟ ਹਨ ਤੇ ਕਾਂਗਰਸ ਹਾਲੇ ਉਨ੍ਹਾਂ ਦੀ ਕੋਈ ਨਾਰਾਜ਼ਗੀ ਮੁੱਲ ਨਹੀਂ ਲੈਣਾ ਚਾਹੁੰਦੀ ਕਿਉਂਕਿ ਉਹ ਬਹੁਤ ਵੱਡਾ ਵੋਟ-ਬੈਂਕ ਹੈ।


ਪੰਜਾਬ ਦੇ ਦਿਹਾਤੀ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਇਹ ਰਿਪੋਰਟ ਸਿਰਫ਼ ਤਦ ਹੀ ਵਿਧਾਨ ਸਭਾ `ਚ ਪੇਸ਼ ਕੀਤੀ ਜਾ ਸਕਦੀ ਹੈ, ਜਦੋਂ ਇਹ ਮੁਕੰ਼ਮਲ ਰੂਪ ਵਿੱਚ ਸਰਕਾਰ ਨੂੰ ਮਿਲ ਜਾਵੇਗੀ।


ਉੱਧਰ ਸਰਕਾਰ `ਤੇ ਇਹ ਰਿਪੋਰਟ ਜੱਗ-ਜ਼ਾਹਿਰ ਕਰਨ ਲਈ ਸਰਬੱਤ ਖ਼ਾਲਸਾ ਵੱਲੋਂ ਨਿਯੁਕਤ ਕੀਤੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜੱਥੇਦਾਰਾਂ ਦਾ ਵੀ ਦਬਾਅ ਚੱਲ ਰਿਹਾ ਹੈ। ਉਨ੍ਹਾਂ ਨੇ ਇਸੇ ਵਰ੍ਹੇ 1 ਜੂਨ ਨੂੰ ਇਹ ਰਿਪੋਰਟ ਜੱਗ-ਜ਼ਾਹਿਰ ਕਰਨ ਦੇ ਮੁੱਦੇ `ਤੇ ਬਰਗਾੜੀ `ਚ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pb Assembly Session after J Ranjit S Commission Report