ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਰਾਜਪਾਲ ਸ੍ਰੀ ਵੀਪੀ ਸਿੰਘ ਬਦਨੌਰ ਨੂੰ ਬੇਨਤੀ ਕੀਤੀ ਹੈ ਕਿ ਉਹ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਬਰਖ਼ਾਸਤ ਕਰਨ ਕਿਉਂਕਿ ਉਨ੍ਹਾਂ ਪਹਿਲਾਂ ਹੀ ਆਉਂਦੀਆਂ ਪੰਚਾਇਤ ਚੋਣਾਂ `ਚ ਮਨਮਰਜ਼ੀਆਂ ਕਰਨ ਦੀ ਆਪਣੀ ਇੱਛਾ ਜ਼ਾਹਿਰ ਕਰ ਦਿੱਤੀ ਹੈ।
ਅੱਜ ਇੱਥੇ ਇੱਕ ਬਿਆਨ ਰਾਹੀਂ ਸਾਬਕਾ ਮੰਤਰੀ ਤੇ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੰਤਰੀ ਸ੍ਰੀ ਰੰਧਾਵਾ ਨੇ ਇੱਕ ਜਨਤਕ ਰੈਲੀ ਦੌਰਾਨ ਇਹ ਐਲਾਨ ਕੀਤਾ ਹੈ ਕਿ - ‘ਪੰਚਾਇਤ ਚੋਣਾਂ ਦੇ ਨਤੀਜਿਆਂ ਦਾ ਫ਼ੈਸਲਾ ਕਰਨ ਦੀ ਇਜਾਜ਼ਤ ਸਿਰਫ਼ ਕਾਂਗਰਸੀ ਵੋਟਰਾਂ ਨੂੰ ਹੀ ਦਿੱਤੀ ਜਾਵੇਗੀ ਤੇ ਅਕਾਲੀਆਂ ਸਮੇਤ ਬਾਕੀ ਸਾਰਿਆਂ ਨੂੰ ਪੋਲਿੰਗ ਬੂਥਾਂ `ਚ ਹੀ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ।`
ਡਾ. ਚੀਮਾ ਨੇ ਕਿਹਾ,‘ਇਹ ਬਿਆਨ ਸੰਵਿਧਾਨ ਦੇ ਤੱਤ-ਸਾਰ ਅਤੇ ਪੰਚਾਇਤੀ ਰਾਜ ਕਾਨੂੰਨ ਦੇ ਹੀ ਵਿਰੁੱਧ ਹੈ। ਅਸੀਂ ਮੰਤਰੀ ਖਿ਼ਲਾਫ਼ ਤੁਰੰਤ ਕਾਰਵਾਈ ਕਰਨ ਲਈ ਆਖਿਆ ਹੈ; ਤਾਂ ਜੋ ਆਮ ਜਨਤਾ ਦਾ ਵਿਸ਼ਵਾਸ ਜਮਹੂਰੀ ਪ੍ਰਕਿਰਿਆ ਵਿੰਚ ਬਹਾਲ ਹੋ ਸਕੇ।`
ਡਾ. ਚੀਮਾ ਨੇ ਕਿਹਾ ਕਿ ਰੰਧਾਵਾ ਦਾ ਇਹ ਬਿਆਨ ਇਹ ਸਪੱਸ਼ਟ ਕਰਦਾ ਹੈ ਕਿ ਕਾਂਗਰਸ ਨੇ ਪਹਿਲਾਂ ਤੋਂ ਹੀ ਪੰਚਾਇਤੀ ਚੋਣਾਂ ਦੌਰਾਨ ਆਪਣੀਆਂ ਮਨਮਰਜ਼ੀਆਂ ਕਰਨ ਦੀ ਰਣਨੀਤੀ ਉਲੀਕੀ ਹੋਈ ਸੀ ਤੇ ਹੁਣ ਫਿਰ ਉਹੀ ਹਥਕੰਡੇ ਸੂਬੇ `ਚ ਦੋਬਾਰਾ ਅਪਣਾਏ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਗ਼ੈਰ-ਕਾਨੂੰਨੀ ਤਰੀਕੇ ਨਾਲ ਪੰਚਾਇਤੀ ਚੋਣਾਂ ਜਿੱਤਣ ਦੀ ਸਾਜਿ਼ਸ਼ ਰਚਣ ਵਿੱਚ ਉਨ੍ਹਾਂ ਦਾ ਆਸ਼ੀਰਵਾਦ ਸੀ ਜਾਂ ਨਹੀਂ। ਜੇ ‘ਨਹੀਂ,` ਤਾਂ ਉਹ ਦੱਸਣ ਕਿ ਸ੍ਰੀ ਰੰਧਾਵਾ ਵਿਰੁੱਧ ਉਨ੍ਹਾਂ ਕੀ ਕਾਰਵਾਈ ਕੀਤੀ ਹੈ।