ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ 1 ਲੱਖ ਕਿਸਾਨਾਂ ਦੇ ਕਰੇਗੀ 1,771 ਕਰੋੜ ਦੇ ਕਰਜ਼ੇ ਮਾਫ਼

ਪੰਜਾਬ ਸਰਕਾਰ 1 ਲੱਖ ਕਿਸਾਨਾਂ ਦੇ ਕਰੇਗੀ 1,771 ਕਰੋੜ ਦੇ ਕਰਜ਼ੇ ਮਾਫ਼

ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦੀ ਦੂਜੇ ਗੇੜ ਦੀ ਮੁਹਿੰਮ `ਚ ਇੱਕ ਲੱਖ ਤੋਂ ਵੱਧ ਕਿਸਾਨਾਂ ਦੇ 1,771 ਕਰੋੜ ਰੁਪਏ ਦੇ ਕਰਜ਼ੇ ਮਾਫ਼ ਕਰਨ ਦਾ ਫ਼ੈਸਲਾ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸਰਕਾਰ ਨੇ ਵਪਾਰਕ ਬੈਂਕਾਂ ਤੋਂ ਅੰਕੜੇ ਲੈ ਕੇ ਹਾਸ਼ੀਏ `ਤੇ ਜਾ ਚੁੱਕੇ ਕਰਜ਼ਦਾਰ ਕਿਸਾਨਾਂ ਦੀ ਇੱਕ ਸੂਚੀ ਤਿਆਰ ਕਰ ਲਈ ਹੈ। ਜਿਹੜੇ ਕਿਸਾਨਾਂ ਦੇ ਕਰਜ਼ੇ ਮਾਫ਼ ਹੋਣੇ ਹਨ, ਉਨ੍ਹਾਂ ਦੀ ਕੁੱਲ ਗਿਣਤੀ 1,09,730 ਦੱਸੀ ਜਾ ਰਹੀ ਹੈ।


ਆਉਂਦੀ 7 ਦਸੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਕਰਜ਼ਾ-ਮਾਫ਼ੀ ਦੇ ਇਸ ਦੂਜੇ ਗੇੜ ਦੀ ਸ਼ੁਰੂਆਤ ਕਰਨਗੇ। ਇਸ ਵਾਰ ਫ਼ਤਿਹਗੜ੍ਹ ਸਾਹਿਬ, ਰੋਪੜ, ਲੁਧਿਆਣਾ ਤੇ ਪਟਿਆਲਾ ਜਿ਼ਲ੍ਹਿਆਂ ਦੇ ਕਿਸਾਨਾਂ ਨੂੰ ਕਰਜ਼ਾ-ਮਾਫ਼ੀ ਦੇ ਸਰਟੀਫਿ਼ਕੇਟ ਮਿਲਣਗੇ।


ਇਸ ਯੋਜਨਾ ਅਧੀਨ ਚਾਰ ਗੇੜਾਂ ਵਿੱਚ ਕੁੱਲ 10,000 ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਜਾਣਾ ਹੈ। ਇਸੇ ਯੋਜਨਾ ਦੇ ਪਹਿਲੇ ਗੇੜ `ਚ ਹਾਸ਼ੀਏ `ਤੇ ਜਾ ਚੁੱਕੇ ਅਜਿਹੇ 3 ਲੱਖ ਕਿਸਾਨਾਂ ਦੇ ਕੁੱਲ 1,700 ਕਰੋੜ ਰੁਪਏ ਦੇ ਕਰਜ਼ੇ ਮਾਫ਼ ਕੀਤੇ ਗਏ ਸਨ, ਜਿਨ੍ਹਾਂ ਨੇ ਸੂਬੇ ਦੇ ਸਹਿਕਾਰੀ ਬੈਂਕ ਤੋਂ ਕਰਜ਼ੇ ਲਏ ਸਨ।


ਤੀਜੇ ਗੇੜ ਦੌਰਾਨ ਢਾਈ ਏਕੜ ਤੋਂ ਪੰਜ ਏਕੜ ਤੱਕ ਜ਼ਮੀਨ ਦੇ ਮਾਲਕ ਛੋਟੇ ਕਿਸਾਨਾਂ ਦੇ ਕਰਜ਼ੇ ਮਾਫ਼ ਹੋਣਗੇ। ਉਨ੍ਹਾਂ ਦੇ ਦੋ-ਦੋ ਲੱਖ ਰੁਪਏ ਦੇ ਕਰਜ਼ੇ ਮਾਫ਼ ਹੋਣਗੇ। ਆਖ਼ਰੀ ਗੇੜ ਦੌਰਾਨ ਵਪਾਰਕ ਬੈਂਕਾਂ ਦੇ ਕਰਜ਼ਦਾਰ ਛੋਟੇ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਜਾਣਗੇ।


ਖੇਤੀਬਾੜੀ ਵਿਭਾਗ ਦੇ ਸਕੱਤਰ ਸ੍ਰੀ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਕਰਜ਼ਾ ਮਾਫ਼ੀ ਯੋਜਨਾ ਲਈ ਕਿਸਾਨਾਂ ਨੂੰ ਮਨਜ਼ੂਰੀ ਦੇਣ ਲਈ ਖੇਤੀਬਾੜੀ ਵਿਭਾਗ ਹੀ ਮੁੱਖ ਭੂਮਿਕਾ ਨਿਭਾਉਂਦਾ ਹੈ। ਪਹਿਲਾਂ ਇਸ ਵਿਭਾਗ ਨੂੰ ਅਜਿਹੇ ਕੁਝ ਕਿਸਾਨਾਂ ਦੀ ਸੂਚੀ ਬਣਾਉਣ ਵਿੱਚ ਕੁਝ ਔਕੜ ਮਹਿਸੂਸ ਹੋਈ ਸੀ, ਜਿਨ੍ਹਾਂ ਨੇ ਸਹਿਕਾਰੀ ਬੈਂਕ ਤੇ ਵਪਾਰਕ ਬੈਂਕ ਦੋਹਾਂ ਤੋਂ ਹੀ ਕਰਜ਼ੇ ਲਏ ਹੋਏ ਹਨ।


ਦਰਅਸਲ, ਪੰਜਾਬ ਵਿੱਚ ਵਪਾਰਕ ਬੈਂਕਾਂ ਦੀਆਂ 5,415 ਸ਼ਾਖ਼ਾਵਾਂ ਹਨ ਅਤੇ ਉਨ੍ਹਾਂ ਸਾਰੀਆਂ ਸ਼ਾਖ਼ਾਵਾਂ `ਚ ਕਰਜ਼ਦਾਰ ਕਿਸਾਨਾਂ ਦੇ ਨਾਂਅ ਵਾਰ-ਵਾਰ ਚੈੱਕ ਕੀਤੇ ਗਏ ਹਨ।


ਚੇਤੇ ਰਹੇ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦਾ ਵਾਅਦਾ ਕੀਤਾ ਸੀ। ਪਰ ਸੱਤਾ `ਚ ਆਉਣ ਤੋਂ ਬਾਅਦ ਸਰਕਾਰ ਨੇ ਕਿਹਾ ਕਿ ਸਿਰਫ਼ ਦੋ ਲੱਖ ਰੁਪਏ ਤੱਕ ਦੇ ਛੋਟੇ ਕਰਜ਼ਦਾਰ ਕਿਸਾਨਾਂ ਦੇ ਕਰਜ਼ੇ ਮਾਫ਼ ਹੋਣਗੇ।


ਫਿਰ ਸਰਕਾਰ ਨੇ ਆਮਦਨ ਟੈਕਸ-ਦਾਤਿਆਂ ਅਤੇ ਸਰਕਾਰੀ ਮੁਲਾਜ਼ਮ ਕਿਸਾਨਾਂ ਦੇ ਨਾਂਅ ਕਰਜ਼ਾ-ਮਾਫ਼ੀ ਦੇ ਲਾਭਪਾਤਰੀਆਂ ਦੀ ਸੂਚੀ ਵਿੱਚੋਂ ਕੱਢ ਦਿੱਤੇ ਸਨ। ਉਂਝ 10,000 ਕਰੋੜ ਰੁਪਏ ਦੇ ਕਰਜ਼ੇ ਮਾਫ਼ ਕਰ ਕੇ ਸਰਕਾਰ ਪੰਜਾਬ ਦੇ 10 ਲੱਖ ਕਿਸਾਨਾਂ ਨੂੰ ਰਾਹਤ ਦੇਵੇਗੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pb Govt shall waive 1771 Crore debt of 1 Lakh Farmers