ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਪੰਜਾਬ ਦੀ ਸਿੱਖ ਸੰਗਤ ਦੇ ਨਾਲ–ਨਾਲ ਰਾਸ਼ਟਰ ਨੂੰ ਸੰਬੋਧਨ ਕੀਤਾ। ਉਨ੍ਹਾਂ ਆਪਣੇ ਇਸ ਸੰਬੋਧਨ ਦੌਰਾਨ ਜਿੱਥੇ ਇਸ ਲਾਂਘੇ ਦੀ ਉਸਾਰੀ ਦਾ ਕੰਮ ਸਮੇਂ–ਸਿਰ ਮੁਕੰਮਲ ਕਰਨ ਵਾਲੀਆਂ ਨਿਰਮਾਣ–ਟੀਮਾਂ ਦਾ ਧੰਨਵਾਦ ਕੀਤਾ; ਉੱਥੇ ਉਨ੍ਹਾਂ ਇਸ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਦਾ ਵੀ ਸ਼ੁਕਰੀਆ ਅਦਾ ਕੀਤਾ। ਉਨ੍ਹਾਂ ਕਿਹਾ ਕਿ ਇਹ ਲਾਂਘਾ ਖੁੱਲ੍ਹਣ ਨਾਲ ਹੁਣ ਕਰਤਾਰਪੁਰ ਸਾਹਿਬ ਸਥਿਤ ਗੁਰੂਘਰ ਦੇ ਦਰਸ਼ਨ ਸੁਖਾਲ਼ੇ ਹੋ ਜਾਣਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਕਣ–ਕਣ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਸੀਨੇ ਦੀ ਮਹਿਕ ਮਹਿਸੂਸ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਮਨੁੱਖਤਾ ਦੇ ਪੁੰਜ ਹਨ।
ਸ੍ਰੀ ਮੋਦੀ ਨੇ ਕਿਹਾ ਕਿ ਧਾਰਾ–370 ਖ਼ਤਮ ਹੋਣ ਤੋਂ ਬਾਅਦ ਹੁਣ ਜੰਮੂ–ਕਸ਼ਮੀਰ ਤੇ ਲੱਦਾਖ ਜਿਹੇ ਖੇਤਰਾਂ ਵਿੱਚ ਵੀ ਸਿੱਖਾਂ ਨੂੰ ਉਨ੍ਹਾਂ ਦੇ ਪੂਰੇ ਅਧਿਕਾਰ ਆਸਾਨੀ ਨਾਲ ਮਿਲ ਸਕਣਗੇ।
ਸ੍ਰੀ ਮੋਦੀ ਨੇ ਕਿਹਾ ਸਾਨੂੰ ਸਭ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਉੱਤੇ ਚੱਲਦਿਆਂ ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਤਾ ਮੰਨਣਾ ਤੇ ਸਮਝਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਦਾ ਵਹਿਮਾਂ–ਭਰਮਾਂ ਦਾ ਟਾਕਰਾ ਕੀਤਾ ਤੇ ਇਨ੍ਹਾਂ ਵਿੱਚ ਕਦੇ ਵੀ ਨਾ ਫਸਣ ਦਾ ਸੱਦਾ ਦਿੱਤਾ।
ਸ੍ਰੀ ਮੋਦੀ ਨੇ ਕਿਹਾ ਕਿ ਜਿਹੋ ਜਿਹੀਆਂ ਸਿੱਖਿਆਵਾਂ ਗੁਰੂ ਨਾਨਕ ਦੇਵ ਜੀ ਨੇ ਦਿੱਤੀਆਂ, ਉਹ ਕਦੇ ਵੀ ਖ਼ਤਮ ਨਹੀਂ ਹੋਇਆ ਕਰਦੀਆਂ। ਗੁਰੂ ਜੀ ਦੀ ਬਾਣੀ ਯਕੀਨੀ ਤੌਰ ਸਮੂਹ ਦੇਸ਼ ਵਾਸੀਆਂ ਨੂੰ ਊਰਜਾ ਦਿੰਦੀ ਹੈ।
ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ 550 ਰੁਪਏ ਦਾ ਇੱਕ ਵਿਸ਼ੇਸ਼ ਸਿੱਕਾ ਅਤੇ ਡਾਕ–ਟਿਕਟਾਂ ਵੀ ਜਾਰੀ ਕੀਤੀਆਂ।
ਇਸ ਉਪਰੰਤ ਸ੍ਰੀ ਮੋਦੀ ਨੇ ਲੰਗਰ ਹਾਲ ਵਿੱਚ ਬਹਿ ਕੇ ਆਮ ਸੰਗਤ ਨਾਲ ਲੰਗਰ ਛਕਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਨਾਲ ਬੈਠੇ ਸਨ। ਉਨ੍ਹਾਂ ਤੋਂ ਅੱਗੇ ਪੰਜਾਬ ਦੇ ਰਾਜਪਾਲ ਸ੍ਰੀ ਵੀਪੀਐੱਸ ਬਦਨੌਰ ਵੀ ਹੇਠਾਂ ਫ਼ਰਸ਼ 'ਤੇ ਬੈਠੇ ਸਨ।