ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਆਉਣਗੇ ਤੇ ਗੁਰਦਾਸਪੁਰ ਚ ਆਪਣੀ ਪਹਿਲੀ ਚੋਣ ਰੈਲੀ ਕਰਕੇ ਲੋਕਸਭਾ ਚੋਣਾਂ ਦੇ ਪ੍ਰਚਾਰ ਦਾ ਆਗਾਜ਼ ਕਰਨਗੇ। ਇਸ ਤੋਂ ਪਹਿਲਾਂ ਪੀਐਮ ਮੋਦੀ ਜਲੰਧਰ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਹੋ ਰਹੀ 5 ਦਿਨਾ ਭਾਰਤੀ ਸਾਇੰਸ ਕਾਨਫ਼ਰੰਸ ਦਾ ਉਦਘਾਟਨ ਕਰਨਗੇ ਤੇ ਬਾਅਦ ਚ ਸ਼ੋ੍ਰਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਵਲੋਂ ਗੁਰਦਾਸਪੁਰ ਵਿਖੇ ਰੱਖੀ ਗਈ ਇਸ ਰੈਲੀ ਨੂੰ ਸੰਬੋਧਨ ਕਰਨਗੇ।
ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਅੱਜ ਸਵੇਰੇ ਸਾਢੇ 11 ਵਜੇ ਲਵਲੀ ਯੂਨੀਵਰਸਿਟੀ ਪੁੱਜਣਗੇ ਤੇ ਯੂਨੀਵਰਸਿਟੀ ਵਿਦਿਆਰਥੀਆਂ ਵਲੋਂ ਤਿਆਰ ਕੀਤੀ ਸੂਰਜੀ ਊਰਜਾ ਨਾਲ ਚੱਲਣ ਵਾਲੀ ਬੱਸ ਵਿਚ ਸਵਾਰੀ ਕਰਨਗੇ। ਇਸਦੇ ਨਾਲ ਹੀ ਉਹ ਵਿਦਿਆਰਥੀਆਂ ਨਾਲ ਵੀ ਰੂਬਰੂ ਹੋਣਗੇ। ਇਸ ਦੌਰਾਨ ਮੋਦੀ 106ਵੀਂ ਭਾਰਤੀ ਸਾਇੰਸ ਕਾਂਗਰਸ ਦਾ ਆਰੰਭ ਕਰਨਗੇ।
ਇਸ ਮਗਰੋਂ ਪੀਐਮ ਮੋਦੀ ਗੁਰਦਾਸਪੁਰ ਦੇ ਪੁੱਡਾ ਗਰਾਊਂਡ ਵਿਖੇ ਅੱਜ ਕੀਤੀ ਜਾਣ ਵਾਲੀ ਰੈਲੀ ਨੂੰ ਸੰਬੋਧਨ ਕਰਨਗੇ। ਇਹ ਰੈਲੀ ਅਕਾਲੀ-ਭਾਜਪਾ ਗਠਜੋੜ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਪੀਐਮ ਮੋਦੀ ਅੱਜ ਪੰਜਾਬੀਆਂ ਲਈ ਕਈ ਵੱਡੇ ਐਲਾਨ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਇਸ ਰੈਲੀ ਚ ਕਿਸਾਨੀ ਮੁੱਦੇ ਤੇ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਨ।
/