ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਤਬਾਹੀ ਮਚਾਈ ਹੋਈ ਹੈ। ਦੁਨੀਆ ਦੇ ਲਗਭਗ 190 ਤੋਂ ਵੱਧ ਦੇਸ਼ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਹਨ, ਜਦਕਿ ਭਾਰਤ 'ਚ ਵੀ ਕੋਰੋਨਾ ਪੀੜਤਾਂ ਦੀ ਗਿਣਤੀ 1180 ਤਕ ਪਹੁੰਚ ਗਈ ਹੈ। ਪੂਰੇ ਦੇਸ਼ 'ਚ 21 ਦਿਨ ਦਾ ਲਾਕਡਾਊਨ ਲੱਗਿਆ ਹੋਇਆ ਹੈ। ਹਰ ਕੋਈ ਲੋਕਾਂ ਨੂੰ ਆਪਣੇ ਘਰ ਅੰਦਰ ਰਹਿਣ ਦੀ ਅਪੀਲ ਕਰ ਰਿਹਾ ਹੈ।
ਅਜਿਹੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਪੇਜ਼ 'ਤੇ ਚੰਡੀਗੜ੍ਹ ਵਾਸੀ 7 ਮਹੀਨੇ ਦੀ ਬੱਚੀ ਨਵੇਹਾ ਸੋਨੀ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਬੱਚੀ ਨੇ ਆਪਣੇ ਹੱਥ 'ਚ ਇੱਕ ਪੋਸਟਰ ਫੜਿਆ ਹੋਇਆ ਹੈ, ਜਿਸ 'ਤੇ ਲਿਖਿਆ ਹੈ, "ਜੇ ਮੈਂ ਆਪਣੀ ਮਾਂ ਦੇ ਢਿੱਡ 'ਚ 9 ਮਹੀਨੇ ਰਹਿ ਸਕਦੀ ਹਾਂ, ਤਾਂ ਕੀ ਤੁਸੀ ਭਾਰਤ ਮਾਂ ਲਈ 21 ਦਿਨ ਘਰ ਨਹੀਂ ਰਹਿ ਸਕਦੇ। Stay Home."
ਤਸਵੀਰ ਨੂੰ ਸ਼ੇਅਰ ਕਰਦਿਆਂ ਪੀਐਮ ਮੋਦੀ ਨੇ ਲਿਖਿਆ, "ਦਿਲਚਸਪ ਅਤੇ ਬਹੁਤ ਹੀ ਭਾਵਨਾਤਮਕ।" ਉਨ੍ਹਾਂ ਨੇ ਬੀਤੇ ਦਿਨੀਂ ਐਤਵਾਰ ਨੂੰ ਇਹ ਤਸਵੀਰ ਪੋਸਟ ਕੀਤੀ ਸੀ। ਦੱਸ ਦੇਈਏ ਕਿ ਬੀਤੀ 24 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਦੇਸ਼ 'ਚ ਅਗਲੇ 21 ਦਿਨ ਲਈ ਪੂਰਨ ਤੌਰ 'ਤੇ ਲੌਕਡਾਊਨ ਲਗਾਇਆ ਜਾ ਰਿਹਾ ਹੈ। ਅਜਿਹਾ ਇਸ ਲਈ ਤਾ ਕਿ ਦੇਸ਼ 'ਚ ਕੋਰੋਨਾ ਵਾਇਰਸ ਨੂੰ ਰੋਕਿਆ ਜਾ ਸਕੇ।
ਨਵੇਹਾ ਦੇ ਪਿਤਾ 27 ਸਾਲਾ ਨਵਦੀਪ ਸੋਨੀ, ਜੋ ਇੰਜੀਨੀਅਰ ਹਨ ਅਤੇ ਚੰਡੀਗੜ੍ਹ ਪ੍ਰਸ਼ਾਸਨ ਲਈ ਕੰਮ ਕਰਦੇ ਹਨ, ਨੇ ਕਿਹਾ, "ਅਸੀਂ ਸਧਾਰਨ ਲੋਕ ਹਾਂ ਅਤੇ ਸਾਨੂੰ ਖੁਸ਼ੀ ਹੈ ਕਿ ਅਸੀਂ ਆਪਣੀ ਧੀ ਰਾਹੀਂ ਇਕ ਵਧੀਆ ਸੰਦੇਸ਼ ਭੇਜਣ 'ਚ ਕਾਮਯਾਬ ਰਹੇ ਹਾਂ, ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਤੇ ਕੇਂਦਰੀ ਰੇਲਵੇ ਮੰਤਰੀ ਪੀਯੂਸ਼ ਗੋਇਲ ਸਮੇਤ ਕਈਆਂ ਨੇ ਸਾਂਝਾ ਕੀਤਾ ਹੈ।"
ਤਸਵੀਰ ਨੂੰ ਸਾਂਝਾ ਕਰਨ ਬਾਰੇ ਉਨ੍ਹਾਂ ਕਿਹਾ, "ਕੁਝ ਦਿਨ ਪਹਿਲਾਂ ਮੇਰੀ ਪਤਨੀ (ਡਾ. ਨੇਹਾ ਵਰਮਾ 27 ਸਾਲ) ਅਤੇ ਮੈਂ ਖਾਣਾ ਬਣਾ ਰਹੇ ਸੀ ਅਤੇ ਇਸ ਬਾਰੇ ਵਿਚਾਰ-ਵਟਾਂਦਰੇ ਮਗਰੋਂ ਸੋਚਿਆ ਕਿ ਕਿਵੇਂ ਇੱਕ ਬੱਚਾ ਆਪਣੀ ਮਾਂ ਦੀ ਕੁੱਖ ਵਿੱਚ 9 ਮਹੀਨੇ ਤੱਕ ਰਹਿੰਦਾ ਹੈ ਅਤੇ ਇੱਥੇ ਅਜਿਹੇ ਲੋਕ ਹਨ, ਜਿਨ੍ਹਾਂ ਨੂੰ ਸਿਰਫ਼ 21 ਦਿਨ ਘਰ ਰਹਿਣਾ ਮੁਸ਼ਕਲ ਲੱਗ ਰਿਹਾ ਹੈ, ਉਹ ਵੀ ਆਪਣੀ ਸੁਰੱਖਿਆ ਲਈ। ਇਸ ਲਈ ਅਸੀਂ ਪੋਸਟਰ ਬਣਾਇਆ ਅਤੇ ਕੁਝ ਤਸਵੀਰਾਂ ਕਲਿੱਕ ਕੀਤੀਆਂ। ਸਾਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਤਸਵੀਰ ਵਾਇਰਲ ਹੋ ਜਾਵੇਗੀ। ਅਸੀਂ ਇਸ ਨੂੰ ਸਿਰਫ਼ WhatsApp ਅਤੇ ਫੇਸਬੁੱਕ ਦੇ ਜ਼ਰੀਏ ਦੋਸਤਾਂ ਨਾਲ ਸਾਂਝਾ ਕੀਤਾ ਸੀ। ਫਿਰ ਕਿਸੇ ਨੇ ਸਾਨੂੰ ਇਹ ਦੱਸਿਆ ਕਿ ਰੇਲ ਮੰਤਰੀ ਪੀਯੂਸ਼ ਗੋਇਲ ਨੇ ਤਸਵੀਰ ਟਵੀਟ ਕੀਤੀ ਅਤੇ ਸਾਨੂੰ ਸੱਚਮੁੱਚ ਮਾਣ ਮਹਿਸੂਸ ਹੋਇਆ।"
दिलचस्प और भाव भी बहुत गहरा। pic.twitter.com/JhghaNaO8O
— Narendra Modi (@narendramodi) March 29, 2020
ਨਵਦੀਪ ਸੋਨੀ ਨੇ ਕਿਹਾ, "ਐਤਵਾਰ ਨੂੰ ਜਦੋਂ ਪ੍ਰਧਾਨ ਮੰਤਰੀ ਨੇ ਨਵੇਹਾ ਦੀ ਤਸਵੀਰ ਟਵੀਟ ਕੀਤੀ ਸੀ ਤਾਂ ਸਾਡੀ ਖੁਸ਼ੀ ਦਾ ਟਿਕਾਣਾ ਦਾ ਰਿਹਾ। ਇੰਝ ਲੱਗਿਆ ਜਿਵੇਂ ਸਾਨੂੰ ਬਹੁਤ ਵੱਡਾ ਸਨਮਾਨ ਮਿਲਿਆ ਹੈ ਅਤੇ ਇਹ ਸਾਡੇ ਪਰਿਵਾਰ ਲਈ ਇੱਕ ਬਹੁਤ ਹੀ ਖ਼ਾਸ ਪਲ ਹੈ।"
ਪ੍ਰਧਾਨ ਮੰਤਰੀ ਵੱਲੋਂ ਟਵੀਟ ਕੀਤੇ ਜਾਣ ਤੋਂ ਪਹਿਲਾਂ ਹੀ ਤਸਵੀਰ ਨੂੰ 35,800 ਵਾਰ ਰੀਵਿਟ ਅਤੇ 2.21 ਲੱਖ ਲਾਈਕ ਮਿਲ ਚੁੱਕੇ ਸਨ।