ਫਲਦਾਰ ਬੂਟੇ ਮਨਜ਼ੂਰਸ਼ੁਦਾ ਨਰਸਰੀਆਂ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਰਸੀਆਂ ਤੋਂ ਹੀ ਖ਼ਰੀਦੇ ਜਾਣ
ਡਿਪਟੀ ਡਾਇਰੈਕਟਰ ਬਾਗ਼ਬਾਨੀ ਅਬੋਹਰ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਫ਼ਸਲੀ ਵਿਭਿਨਤਾ ਲਿਆਉਣ ਵਾਸਤੇ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਕਿਸਾਨਾਂ ਨੂੰ ਕਣਕ ਤੇ ਝੋਨੇ ਦੀ ਫ਼ਸਲ ਬੀਜਣ ਦੀ ਬਜਾਏ ਬਾਗ਼ਬਾਨੀ ਕਿੱਤੇ ਨਾਲ ਜੋੜਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕਿਸਾਨ ਵਰਗ ਅਮਰੂਦ ਦੇ ਬਾਗ਼ ਲਗਾਉਣ ਵੱਲ ਰੁਝਾਨ ਵੱਧ ਰਿਹਾ ਹੈ, ਇਸ ਕਰਕੇ ਜ਼ਿਲ੍ਹੇ ਵਿੱਚ ਅਮਰੂਦ ਦੇ ਬਾਗ਼ਾਂ ਹੇਠ ਰਕਬਾ ਲਗਾਤਾਰ ਵੱਧ ਰਿਹਾ ਹੈ।
ਉਨ੍ਹਾਂ ਹੋਰਨਾਂ ਬਾਗ਼ ਲਗਾਉਣ ਵਾਲੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਬਰਸਾਤਾਂ ਦੇ ਸੀਜਨ ਦੌਰਾਨ ਅਮਰੂਦ ਦੇ ਫਲ ਉੱਪਰ ਫਲ ਮੱਖੀ ਦਾ ਹਮਲਾ ਬਹੁਤ ਹੁੰਦਾ ਹੈ ਇਸ ਕਰਕੇ ਫਲ ਦੀ ਮੱਖੀ ਦੀ ਰੋਕਥਾਮ ਲਈ ਫਰੂਪ ਫਲਾਈ ਟਰੈਪ ਲਗਾਈ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਪ੍ਰਤੀ ਏਕੜ ਰਕਬੇ 'ਤੇ 16 ਫਰੂਟ ਟਰੈਪ ਲਗਾਏ ਜਾਂਦੇ ਹਨ, ਜਿਸ 'ਤੇ ਨਰ ਮੱਖੀਆਂ ਖਿੱਚੀਆਂ ਆਉਂਦੀਆਂ ਹਨ ਤੇ ਫਸ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਬਾਗਾਂ ਵਿੱਚ ਫਲ ਦੀ ਮੱਖੀ ਦੀ ਰੋਕਥਾਮ ਹੋ ਜਾਂਦੀ ਹੈ ਅਤੇ ਅਮਰੂਦ ਦਾ ਫਲ ਖ਼ਰਾਬ ਹੋਣ ਤੋਂ ਬਚ ਜਾਂਦਾ ਹੈ ਅਤੇ ਫਲ ਦੀ ਗੁਣਵਤਾ ਵਿੱਚ ਵੀ ਸੁਧਾਰ ਹੁੰਦਾ ਹੈ।
ਟਰੈਪ ਵਿਧੀ ਰਾਹੀਂ ਬਾਗ਼ਬਾਨਾਂ ਦਾ ਖ਼ਰਚਾ ਘੱਟ ਤੇ ਆਰਥਿਕ ਪੱਖੋਂ ਹੁੰਦੈ ਵਾਧਾ
ਉਨ੍ਹਾਂ ਦੱਸਿਆ ਕਿ ਇਹ ਟਰੈਪ ਵਾਤਾਵਰਨ ਸਹਾਈ ਹਨ। ਉਨ੍ਹਾਂ ਦੱਸਿਆ ਕਿ ਇੰਜ ਕਰਨ ਨਾਲ ਬਾਗਬਾਨਾਂ ਦਾ ਖਰਚਾ ਵੀ ਘੱਟ ਹੈ ਅਤੇ ਉਨ੍ਹਾਂ ਨੂੰ ਆਰਥਿਕ ਪੱਖੋਂ ਹੁਲਾਰਾ ਵੀ ਮਿਲਦਾ ਹੈ। ਇਸ ਮੌਕੇ ਸਹਾਇਕ ਡਾਇਰੈਕਟਰ ਬਾਗ਼ਬਾਨੀ ਡਾ.ਤਜਿੰਦਰ ਸਿੰਘ ਨੇ ਦੱਸਿਆ ਕਿ ਇਸ ਟਰੈਪ ਦੀ ਕੀਮਤ 110 ਰੁਪਏ ਪ੍ਰਤੀ ਟਰੈਪ ਰੱਖੀ ਗਈ ਹੈ।
ਬਾਗ਼ਬਾਨ ਭਰਾ ਇਹ ਟਰੈਪ ਕਿਸੇ ਵੀ ਕੰਮਕਾਜ ਵਾਲੇ ਦਿਨ ਬਾਗਬਾਨੀ ਦਫ਼ਤਰ ਟਾਹਲੀਵਾਲਾ ਜੱਟਾਂ ਅਤੇ ਡਿਪਟੀ ਡਾਇਰੈਕਟਰ ਬਾਗਬਾਨੀ ਦਫ਼ਤਰ ਅਬੋਹਰ ਤੋਂ ਪ੍ਰਾਪਤ ਕਰ ਸਕਦੇ ਹਨ। ਬਾਗ਼ਬਾਨੀ ਵਿਕਾਸ ਅਫ਼ਸਰ (ਪੈਥੋਲੋਜੀ) ਡਾ.ਸੁਖਜਿੰਦਰ ਸਿੰਘ ਨੇ ਦੱਸਿਆ ਕਿ ਬਾਗ਼ਬਾਨ ਭਰਾ ਇਸ ਟਰੈਪ ਦੀ ਵਰਤੋਂ ਬਾਗ਼ਾਂ ਤੋਂ ਇਲਾਵਾਂ ਘਰਾਂ ਵਿੱਚ ਲੱਗੇ ਅਮਰੂਦ ਦੇ ਬੂਟਿਆਂ ਉੱਪਰ ਵੀ ਕਰ ਸਕਦੇ ਹਨ।

ਬਾਗ਼ਬਾਨੀ ਵਿਕਾਸ ਅਫਸਰ (ਐਂਟੋਮੋਲੋਜੀ) ਡਾ. ਗੁਰਜੀਤ ਸਿੰਘ ਨੇ ਦੱਸਿਆ ਕਿ ਇਸ ਟਰੈਪ ਦੀ ਵਰਤੋਂ ਅਮਰੂਦ ਤੋਂ ਇਲਾਵਾਂ ਵੱਖ-ਵੱਖ ਫਲ ਜਿਵੇ ਕਿ ਅਲੂਚਾ, ਆੜੂ, ਅੰਬ ਅਤੇ ਨਾਸ਼ਪਤੀ ਦੇ ਬਾਗਾਂ ਵਿੱਚ ਵੀ ਵੱਖ-ਵੱਖ ਸਮੇਂ ਦੌਰਾਨ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਫਲਦਾਰ ਬੂਟੇ ਹਮੇਸ਼ਾ ਬਾਗ਼ਬਾਨੀ ਵਿਭਾਗ ਵੱਲੋਂ ਮਨਜ਼ੂਰਸ਼ੁਦਾ ਨਰਸਰੀਆਂ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਨਰਸੀਆਂ ਤੋਂ ਹੀ ਖ਼ਰੀਦ ਕੀਤੇ ਜਾਣ।