‘ਵਿਦਿਆਰਥੀ ਸਿਆਸਤ `ਚ ਸਿਆਸੀ ਪਾਰਟੀਆਂ ਦਾ ਦਖ਼ਲ ਬਹੁਤ ਜਿ਼ਆਦਾ ਵਧ ਗਿਆ ਹੈ, ਜੋ ਠੀਕ ਨਹੀਂ ਹੈ। ਵਿਦਿਆਰਥੀਆਂ ਦੇ ਆਪਣੇ ਖ਼ੁਦ ਦੇ ਖ਼ਾਸ ਏਜੰਡੇ ਹੁੰਦੇ ਹਨ; ਜਿਵੇਂ ਫ਼ੀਸਾਂ `ਚ ਵਾਧਾ, ਮਿਆਰੀ ਸਿੱਖਿਆ ਤੇ ਹੋਸਟਲ ਦੀਆਂ ਸਹੂਲਤਾਂ। ਉਨ੍ਹਾਂ ਨੂੰ ਆਪਣੇ ਮੁੱਦੇ ਆਪੇ ਹੱਲ ਕਰਨ ਦੇਣੇ ਚਾਹੀਦੇ ਹਨ। ਸਿਆਸੀ ਪਾਰਟੀਆਂ ਨੂੰ ਵਿਦਿਅਕ ਅਦਾਰਿਆਂ ਦਾ ਅਕਾਦਮਿਕ ਮਾਹੌਲ ਖ਼ਰਾਬ ਨਹੀਂ ਕਰਨਾ ਚਾਹੀਦਾ।` ਇਹ ਪ੍ਰਗਟਾਵਾ ਪੰਜਾਬ ਦੇ ਸਾਬਕਾ ਪਸ਼ੂ-ਪਾਲਣ ਮੰਤਰੀ ਅਤੇ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (ਪੀਯੂਸੀਐੱਸਸੀ) ਦੇ 1974 ਤੇ 1975 ਦੌਰਾਨ ਮੀਤ ਪ੍ਰਧਾਨ ਤੇ ਪ੍ਰਧਾਨ ਦੇ ਅਹੁਦਿਆਂ `ਤੇ ਰਹੇ ਜਗਮੋਹਨ ਸਿੰਘ ਕੰਗ ਨੇ ਅੱਜ ‘ਹਿੰਦੁਸਤਾਨ ਟਾਈਮਜ਼` ਨਾਲ ਖ਼ਾਸ ਗੱਲਬਾਤ ਦੌਰਾਨ ਕੀਤਾ।
ਸ੍ਰੀ ਕੰਗ ਨੇ ਕਿਹਾ ਕਿ ਇਹ ਯੂਨੀਅਨਾਂ ਵਿਦਿਆਰਥੀਆਂ ਨੂੰ ਇੱਕਜੁਟ ਹੋ ਕੇ ਕੰਮ ਕਰਨਾ ਸਿਖਾਉਂਦੀਆਂ ਹਨ, ਆਪਣੀਆਂ ਮੰਗਾਂ ਰੱਖਣਾ ਤੇ ਪ੍ਰਸ਼ਾਸਨ ਤੋਂ ਉਨ੍ਹਾਂ ਨੂੰ ਪਾਸ ਕਰਵਾਉਣਾ ਸਿਖਾਉਂਦੀਆਂ ਹਨ। ਇਸ ਨਾਲ ਵਿਦਿਆਰਥੀ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੁੰਦੇ ਹਨ।
ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀ ਕੰਗ ਨੇ ਕਿਹਾ ਕਿ ਯੂਨੀਵਰਸਿਟੀ ਦੇ ਹਿਤ ਵਿੱਚ ਇਹੋ ਹੰੁਦਾ ਹੈ ਕਿ ਵਿਦਿਆਰਥੀ ਕੈਂਪਸ ਅੰਦਰ ਅਧਿਆਪਕਾਂ ਨਾਲ ਮਿਲ ਕੇ ਕੰਮ ਕਰਨ। ਹੁਣ ਵਿਦਿਆਰਥੀਆਂ ਅੰਦਰ ਖੇਤਰੀਵਾਦ ਤੇ ਜਾਤ-ਪਾਤ ਪੈਦਾ ਹੋਣ ਲੱਗ ਪਿਆ ਹੈ। ‘ਵਿਦਿਆਰਥੀਆਂ ਨੇ ਹੁਣ ‘ਹਰਿਆਣਾ ਸਟੂਡੈਂਟਸ ਐਸੋਸੀਏਸ਼ਨ` ਅਤੇ ‘ਹਿਮਾਚਲ ਸਟੂਡੈਂਟਸ ਯੂਨੀਅਨ` ਜਿਹੀਆਂ ਜੱਥੇਬੰਦੀਆਂ ਬਣਾ ਲਈਆਂ ਹਨ; ਇਹ ਕੀ ਹੈ? ਯੂਨੀਵਰਸਿਟੀਆਂ ਬਿਲਕੁਲ ਧਰਮ-ਨਿਰਪੇਖ ਸੰਗਠਨ ਹੁੰਦੀਆਂ ਹਨ ਤੇ ਉੱਥੇ ਅਜਿਹਾ ਕੁਝ ਨਹੀਂ ਹੋਣਾ ਚਾਹੀਦਾ।`
ਸ੍ਰੀ ਕੰਗ ਨੇ ਕਿਹਾ ਕਿ ਵਿਦਿਆਰਥੀ ਕੌਂਸਲ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਯੋਗ ਸਮਾਂ ਨਹੀਂ ਮਿਲਦਾ। ਉਨ੍ਹਾਂ ਨੂੰ ਮਸਾਂ ਛੇ ਕੁ ਮਹੀਨੇ ਮਿਲਦੇ ਹਨ। ਉਹ ਚੋਣ ਮੈਨੀਫ਼ੈਸਟੋ `ਚ ਕੀਤੇ ਆਪਣੇ ਵਾਅਦੇ ਵੀ ਪੂਰੇ ਨਹੀਂ ਕਰ ਪਾਉਂਦੇ।