ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਲਵਿਦਾ! ਹਰਮਨਪਿਆਰੇ ਨਿਸ਼ਕਾਮ ਸੇਵਕ - ਬਲਰਾਮਜੀ ਦਾਸ ਟੰਡਨ

ਬਲਰਾਮਜੀ ਦਾਸ ਟੰਡਨ

ਛੱਤੀਸਗੜ੍ਹ ਦੇ ਰਾਜਪਾਲ ਬਲਰਾਮਜੀ ਦਾਸ ਟੰਡਨ ਦਾ ਅੱਜ ਦੇਹਾਂਤ ਹੋ ਗਿਆ। ਉਹ 90 ਵਰ੍ਹਿਆਂ ਦੇ ਸਨ। ਉਨ੍ਹਾਂ ਛੱਤੀਸਗੜ੍ਹ ਸੂਬੇ ਦੀ ਰਾਜਧਾਨੀ ਰਾਏਪੁਰ `ਚ ਆਖ਼ਰੀ ਸਾਹ ਲਿਆ। ਅੱਜ ਜਦੋਂ ਸਵੇਰੇ ਉਨ੍ਹਾਂ ਨੂੰ ਕੁਝ ਘਬਰਾਹਟ ਮਹਿਸੂਸ ਹੋਈ, ਤਦ ਉਨ੍ਹਾਂ ਨੂੰ ਡਾ. ਬੀਆਰ ਅੰਬੇਦਕਰ ਯਾਦਗਾਰੀ ਹਸਪਤਾਲ `ਚ ਦਾਖ਼ਲ ਕਰਵਾਇਆ ਗਿਆ। ਛੱਤੀਸਗੜ੍ਹ ਦੇ ਮੁੱਖ ਮੰਤਰੀ ਸ੍ਰੀ ਰਮਨ ਸਿੰਘ ਨੇ ਸੂਬੇ `ਚ ਸੱਤ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਸੀ।


ਵਧੀ ਹੋਈ ਤਿੰਨ-ਗੁਣਾ ਤਨਖ਼ਾਹ ਲੈਣ ਤੋਂ ਕਰ ਦਿੱਤਾ ਸੀ ਇਨਕਾਰ
ਸਾਲ 2018 ਦੇ ਬਜਟ `ਚ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨੇ ਦੇਸ਼ ਦੇ ਰਾਸ਼ਟਰਪਤੀ, ਉੱਪ-ਰਾਸ਼ਟਰਪਤੀ ਤੇ ਰਾਜਾਂ ਦੇ ਗਵਰਨਰਾਂ (ਰਾਜਪਾਲਾਂ) ਦੀਆਂ ਤਨਖ਼ਾਹਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਸੀ। ਨਵੇਂ ਇਜ਼ਾਫ਼ੇ ਤਹਿਤ ਸੂਬਿਆਂ ਦੇ ਰਾਜਪਾਲਾਂ ਦੀ ਮਾਸਿਕ ਤਨਖ਼ਾਹ 3.50 ਲੱਖ ਰੁਪਏ ਕਰ ਦਿੱਤੀ ਗਈ ਸੀ। ਪਹਿਲਾਂ ਇਹ ਤਨਖ਼ਾਹ 1.10 ਲੱਖ ਰੁਪਏ ਹੁੰਦੀ ਸੀ। ਤਨਖ਼ਾਹ `ਚ ਹੋਏ ਇਸ ਤਿੰਨ ਗੁਣਾ ਵਾਧੇ ਨੂੰ ਛੱਤੀਸਗੜ੍ਹ ਦੇ ਗਵਰਨਰ ਬਲਰਾਮਜੀ ਦਾਸ ਟੰਡਨ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ।


ਸ੍ਰੀ ਟੰਡਨ ਨੇ ਇਸ ਸਬੰਧੀ ਛੱਤੀਸਗੜ੍ਹ ਦੇ ਅਕਾਊਂਟੈਂਟ ਜਨਰਲ ਨੁੰ ਮਈ 2018 ਨੂੰ ਇੱਕ ਚਿੱਠੀ ਲਿਖ ਕੇ ਪੁਰਾਣੀ ਤਨਖ਼ਾਹ 1.10 ਲੱਖ ਰੁਪਏ ਹੀ ਲੈਣ ਦੀ ਇੱਛਾ ਪ੍ਰਗਟਾਈ ਸੀ। ਅਕਾਊਂਟੈਂਟ ਜਨਰਲ ਨੇ ਵੀ ਉਨ੍ਹਾਂ ਦੀ ਇਹ ਬੇਨਤੀ ਪ੍ਰਵਾਨ ਕਰ ਲਈ ਸੀ।


ਪੰਜਾਬ ਦੇ ਉੱਪ-ਮੁੱਖ ਮੰਤਰੀ ਤੇ ਹੋਰ ਅਨੇਕ ਅਹੁਦਿਆਂ `ਤੇ ਰਹੇ ਨਿਯੁਕਤ
ਉਹ 1969-70 `ਚ ਮੁੱਖ ਮੰਤਰੀ ਜਸਟਿਸ (ਸੇਵਾ-ਮੁਕਤ) ਗੁਰਨਾਮ ਸਿੰਘ ਦੀ ਅਗਵਾਈ ਹੇਠਲੀ ਅਕਾਲੀ ਦਲ-ਜਨ ਸੰਘ ਸਰਕਾਰ `ਚ ਪੰਜਾਬ ਦੇ ਉੱਪ-ਮੁੱਖ ਮੰਤਰੀ ਵੀ ਰਹੇ ਸਨ। ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੰਤਰਾਲਿਆਂ `ਚ 1977-79 ਅਤੇ 1997-2002 ਦੌਰਾਨ ਵੀ ਪੰਜਾਬ ਦੇ ਕੈਬਿਨੇਟ ਮੰਤਰੀ ਰਹੇ ਸਨ।


ਸ੍ਰੀ ਟੰਡਨ 1951 `ਚ ਜਨ ਸੰਘ ਦੇ ਬਾਨੀ ਮੈਂਬਰ ਰਹੇ ਸਨ ਤੇ ਉਹ ਪੰਜਾਬ ਜਨ ਸੰਘ ਦੇ 1951 ਤੋਂ ਲੈ ਕੇ 1957 ਤੱਕ ਸਕੱਤਰ ਵੀ ਰਹੇ ਸਨ। ਉਹ 1960 ਤੋਂ ਲੈ ਕੇ 1977 ਤੱਕ ਪੰਜ ਵਾਰ ਅੰਮ੍ਰਿਤਸਰ ਤੋਂ ਵਿਧਾਇਕ ਵੀ ਚੁਣੇ ਗਏ ਸਨ। ਉਹ 1997 `ਚ ਰਾਜਪੁਰਾ ਵਿਧਾਨ ਸਭਾ ਹਲਕੇ ਤੋਂ ਵੀ ਚੋਣ ਜਿੱਤੇ ਸਨ।  1975 `ਚ ਐਮਰਜੈਂਸੀ ਦੌਰਾਨ ਉਹ 19 ਮਹੀਨਿਆਂ ਲਈ ਜੇਲ੍ਹ ਵੀ ਰਹੇ ਸਨ।


ਜੁਲਾਈ 2014 `ਚ ਉਲ੍ਹਾਂ ਨੂੰ ਛੱਤੀਸਗੜ੍ਹ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੀ ਪਤਨੀ ਬ੍ਰਿਜਪਾਲ ਟੰਨ ਵੀ ਆਜ਼ਾਦੀ ਸੰਘਰਸ਼ ਦੌਰਾਨ ਸਰਗਰਮ ਰਹੇ ਸਨ ਤੇ ਉਨ੍ਹਾਂ ਦਾ ਵਿਆਹ 1958 `ਚ ਹੋਇਆ ਸੀ। ਉਨ੍ਹਾਂ ਦੇ ਪੁੱਤਰ ਸੰਜੇ ਟੰਡਨ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਚੰਡੀਗੜ੍ਹ ਇਕਾਈ ਦੇ ਮੌਜੂਦਾ ਪ੍ਰਧਾਨ ਹਨ।


ਅੰਮ੍ਰਿਤਸਰ `ਚ ਹੋਇਆ ਸੀ ਜਨਮ
ਸ੍ਰੀ ਬਲਰਾਮਜੀ ਦਾਸ ਟੰਡਨ ਦਾ ਜਨਮ 1 ਨਵੰਬਰ, 1927 ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ। ਉਨ੍ਹਾਂ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਗ੍ਰੈਜੂਏਸ਼ਨ ਕੀਤੀ ਸੀ। ਉਹ ਸਦਾ ਸਮਾਜ ਸੇਵਾ ਨਾਲ ਸਬੰਧਤ ਗਤੀਵਿਧੀਆਂ ਨਾਲ ਜੁੜੇ ਰਹੇ। ਉਹ ਰਾਸ਼ਟਰੀ ਸਵੈਮਸੇਵਕ ਸੰਘ ਦੇ ਪ੍ਰਚਾਰਕ ਵੀ ਰਹੇ ਸਨ।


ਨਿਸ਼ਕਾਮ ਸੇਵਾ ਕਾਰਨ ਹੋਏ ਹਰਮਨਪਿਆਰੇ
ਸ੍ਰੀ ਟੰਡਨ ਨੂੰ ਨਿਸ਼ਕਾਮ ਸੇਵਾ ਨੇ ਵਧੇਰੇ ਹਰਮਨਪਿਆਰਾ ਬਣਾਇਆ। ਉਹ 1953 `ਚ ਅੰਮ੍ਰਿਤਸਰ ਨਗਰ ਨਿਗਮ ਦੇ ਕਾਰਪੋਰੇਟਰ ਚੁਣੇ ਗਏ ਸਨ ਤੇ ਫਿਰ 1957, 1962, 1967, 1969 ਅਤੇ 1977 `ਚ ਵਿਧਾਇਕ ਚੁਣੇ ਗਏ ਸਨ।


ਪੰਜਾਬ ਦੇ ਉਹ ਕਦੇ ਉਦਯੋਗ ਮੰਤਰੀ ਰਹੇ ਤੇ ਉਨ੍ਹਾਂ ਸਿਹਤ, ਕਿਰਤ ਤੇ ਰੋਜ਼ਗਾਰ ਮੰਤਰੀ ਦੇ ਅਹੁਦਿਆਂ `ਤੇ ਸੇਵਾ ਨਿਭਾਈ।  1979 ਤੋਂ ਲੈ ਕੇ 1980 ਤੱਕ ਸ੍ਰੀ ਟੰਡਨ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਵੀ ਰਹੇ।


ਵਿਦੇਸ਼ਾਂ `ਚ ਕੌਮਾਂਤਰੀ ਵਫ਼ਦਾਂ ਦੀ ਕੀਤੀ ਸੀ ਅਗਵਾਈ
ਜਨੇਵਾ ਕਿਰਤ ਵਿਭਾਗ ਦੀ ਕੌਮਾਂਤਰੀ ਕਾਨਫ਼ਰੰਸ `ਚ ਸ੍ਰੀ ਟੰਡਨ ਨੇ ਉੱਪ-ਆਗੂ ਵਜੋਂ ਭਾਰਤੀ ਵਫ਼ਦ ਦੀ ਅਗਵਾਈ ਕੀਤੀ ਸੀ। ਨੇਪਾਲ ਦੀ ਰਾਜਧਾਨੀ ਕਾਠਮੰਡੂ `ਚ ਉਨ੍ਹਾਂ ਸਾਰਕ ਦੇਸ਼ਾਂ ਦੀ ਕਾਨਫ਼ਰੰਸ ਦੌਰਾਨ ਭਾਰਤੀ ਟੀਮ ਦੀ ਨੁਮਾਇੰਦਗੀ ਕੀਤੀ ਸੀ।


ਦਹਿਸ਼ਤਗਰਦੀ ਦੌਰਾਨ ਵੀ ਬੇਖ਼ੌਫ਼ ਹੋ ਕੇ ਡਟੇ ਰਹੇ
ਐਮਰਜੈਂਸੀ ਦੌਰਾਨ ਜੇਲ੍ਹ ਤੋਂ ਰਿਹਾਅ ਹੋਣ ਦੇ ਬਾਅਦ ਵੀ ਸ੍ਰੀ ਟੰਡਨ ਸੂਬਾ ਸਰਕਾਰ ਸਾਹਵੇਂ ਜਨਹਿਤ ਦੇ ਮੁੱਦੇ ਉਠਾਉਂਦੇ ਰਹੇ ਸਨ। ਸਾਲ 1991 `ਚ ਜਦੋਂ ਪੰਜਾਬ `ਚ ਦਹਿਸ਼ਤਗਰਦੀ ਸਿਖ਼ਰਾਂ `ਤੇ ਸਨ, ਤਦ ਲੋਕ ਸਭਾ ਚੋਣਾਂ ਦਾ ਐਲਾਨ ਕੀਤਾ ਗਿਆ ਸੀ। ਉਸ ਵੇਲੇ ਕੋਈ ਆਗੂ ਛੇਤੀ ਕਿਤੇ ਉਮੀਦਵਾਰ ਬਣਨ ਲਈ ਤਿਆਰ ਨਹੀਂ ਸੀ ਹੋ ਰਿਹਾ ਪਰ ਤਦ ਵੀ ਸ੍ਰੀ ਟੰਡਨ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਚੋਣ ਲੜਨ ਲਈ ਅੱਗੇ ਆਏ ਸਨ। ਅੰਮ੍ਰਿਤਸਰ ਦਾ ਇਲਾਕਾ ਤਦ ਦਹਿਸ਼ਤਗਰਦੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਰਿਹਾ ਸੀ। ਉਨ੍ਹਾਂ ਦੀਆਂ ਚੋਣ ਮੁਹਿੰਮਾਂ ਦੌਰਾਨ ਦਹਿਸ਼ਤਗਰਦਾਂ ਨੇ ਉਨ੍ਹਾਂ `ਤੇ ਕਈ ਵਾਰ ਹਮਲਾ ਕੀਤਾ ਸੀ ਪਰ ਖ਼ੁਸ਼ਕਿਸਮਤੀ ਨਾਲ ਉਹ ਹਰ ਵਾਰ ਵਾਲ-ਵਾਲ ਬਚਦੇ ਰਹੇ ਸਨ।


1947 `ਚ ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਪਾਕਿਸਤਾਨ ਤੋਂ ਆਉਣ ਵਾਲੇ ਸ਼ਰਨਾਰਥੀਆਂ ਨੂੰ ਬੁਨਿਆਦੀ ਸਹੂਲਤਾਂ ਦਿਵਾਉਣ ਅਤੇ ਉਨ੍ਹਾਂ ਦੇ ਮੁੜ-ਵਸੇਬੇ ਲਈ ਮੁੱਖ ਭੂਮਿਕਾ ਨਿਭਾਈ ਸੀ। ਸਾਲ 1965 `ਚ ਭਾਰਤ-ਪਾਕਿਸਤਾਨ ਦੀ ਜੰਗ ਦੌਰਾਨ ਉਹ ਸਰਹੱਦੀ ਇਲਾਕਿਆਂ `ਚ ਜਾ ਕੇ ਆਮ ਲੋਕਾਂ ਦਾ ਮਨੋਬਲ ਵਧਾਉਂਦੇ ਹੁੰਦੇ ਸਨ।


ਸਾਲ 1980 ਤੋਂ ਲੈ ਕੇ 1995 ਦੌਰਾਨ ਵੀ ਉਨ੍ਹਾਂ ਦਹਿਸ਼ਤਗਰਦੀ ਖਿ਼ਲਾਫ਼ ਪੰਜਾਬ ਦੀ ਜਨਤਾ ਨੂੰ ਪ੍ਰੇਰਿਤ ਕੀਤਾ ਸੀ। ਉਨ੍ਹਾਂ ਦਹਿਸ਼ਤਗਰਦੀ ਤੋਂ ਪੀੜਤ ਪਰਿਵਾਰਾਂ ਦੀ ਮਦਦ ਲਈ ਇੱਕ ਕਮੇਟੀ ਵੀ ਕਾਇਮ ਕੀਤੀ ਸੀ। ਸ੍ਰੀ ਟੰਡਨ ਖ਼ੁਦ ਇਸ ਫ਼ੋਰਮ ਦੇ ਚੇਅਰਮੈਨ ਸਨ। ‘ਕੰਪੀਟੈਂਟ ਫ਼ਾਊਂਡੇਸ਼ਨ` ਦੇ ਚੇਅਰਮੈਨ ਵਜੋਂ ਉਨ੍ਹਾਂ ਖ਼ੂਨਦਾਨ ਕੈਂਪ ਲਾ ਕੇ, ਮੁਫ਼ਤ ਦਵਾਈਆਂ ਵੰਡ ਕੇ, ਮੁਫ਼ਤ ਆਪਰੇਸ਼ਨ ਆਦਿ ਕਰਵਾ ਕੇ ਸਦਾ ਗ਼ਰੀਬਾਂ ਤੇ ਲੋੜਵੰਦਾਂ ਦੀ ਸੇਵਾ ਕੀਤੀ ਤੇ ਜਨ-ਕਲਿਆਣ ਦੇ ਅਜਿਹੇ ਹੋਰ ਵੀ ਬਹੁਤ ਸਾਰੇ ਕਾਰਜ ਕੀਤੇ।

 

ਖੇਡਾਂ `ਚ ਵੀ ਸੀ ਬਹੁਤ ਦਿਲਚਸਪੀ
ਸ੍ਰੀ ਬਲਰਾਮਜੀ ਦਾਸ ਟੰਡਨ ਨੂੰ ਖੇਡਾਂ `ਚ ਬਹੁਤ ਜਿ਼ਆਦਾ ਦਿਲਚਸਪੀ ਸੀ। ਉਹ ਖ਼ੁਦ ਕੁਸ਼ਤੀ, ਵਾਲੀਬਾਲ, ਤੈਰਾਕੀ ਤੇ ਕਬੱਡੀ ਜਿਹੀਆਂ ਖੇਡਾਂ ਵਿੱਚ ਸਰਗਰਮੀ ਨਾਲ ਭਾਗ ਲੈਂਦੇ ਰਹੇ ਸਨ।

 

ਪੁੱਤਰ ਨੇ ਲਿਖੀ ਸੀ ਜੀਵਨੀ, ਅਡਵਾਨੀ ਨੇ ਕੀਤੀ ਸੀ ਰਿਲੀਜ਼
ਉਨ੍ਹਾਂ ਦੇ ਪੁੱਤਰ ਸੰਜੇ ਟੰਡਨ ਨੇ ਜੀਵਨ ਵੀ ਲਿਖੀ ਸੀ: ‘ਸ੍ਰੀ ਬਲਰਾਮਜੀ ਦਾਸ ਟੰਡਨ - ਏਕ ਪ੍ਰੇਰਕ ਚਰਿੱਤਰ`। ਇਹ ਪੁਸਤਕ ਸਾਲ 2009 `ਚ ਭਾਰਤ ਦੇ ਸਾਬਕਾ ਉੱਪ-ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਰਿਲੀਜ਼ ਕੀਤੀ ਸੀ। ਉਸ ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਸੀ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:popular social worker of masses Balramji Dass Tandon