ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਜ ਹੋਣਗੇ ਕਾਂਗਰਸ, ਅਕਾਲੀ ਦਲ ਤੇ ‘ਆਪ` ਦੇ ਸ਼ਕਤੀ-ਪ੍ਰਦਰਸ਼ਨ

ਕਿਲਿਆਂਵਾਲੀ `ਚ ਇੱਥੇ ਹੋਣੀ ਹੈ ਕਾਂਗਰਸ ਦੀ ਰੈਲੀ

--  ਸਖ਼ਤ ਸੁਰੱਖਿਆ ਚੌਕਸੀ

 

ਭਲਕੇ 7 ਅਕਤੂਬਰ ਹੈ ਤੇ ਪੰਜਾਬ ਦੀਆਂ ਤਿੰਨੇ ਪ੍ਰਮੁੱਖ ਪਾਰਟੀਆਂ ਨੇ ਆਪੋ-ਆਪਣੇ ਪੱਧਰ `ਤੇ ਸ਼ਕਤੀ-ਪ੍ਰਦਰਸ਼ਨ ਦੇ ਪ੍ਰੋਗਰਾਮ ਰੱਖੇ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਤੇ ਸ਼ਾਹੀ ਸ਼ਹਿਰ ਪਟਿਆਲਾ `ਚ ਆਪਣੀ ‘ਜਬਰ-ਵਿਰੋਧੀ ਰੈਲੀ` ਰੱਖੀ ਹੋਈ ਹੈ। ਉੱੱਧਰ ਸੱਤਾਧਾਰੀ ਕਾਂਗਰਸ ਨੇ ਅਕਾਲੀ ਦਲ ਦੇ ਸਰਪ੍ਰਸਤ ਤੇ ਪ੍ਰਧਾਨ ਭਾਵ ਦੋਵੇਂ ਬਾਦਲਾਂ (ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ) ਦੇ ਗੜ੍ਹ ਲੰਬੀ ਹਲਕੇ `ਚ ਕਿਲਿਆਂ ਵਾਲੀ ਵਿਖੇ ਆਪਣੀ ਰੈਲੀ ਰੱਖੀ ਹੋਈ ਹੈ। ਉੱਧਰ ਆਮ ਆਦਮੀ ਪਾਰਟੀ (ਆਪ) ਦੇ ਦੋਵੇਂ ਧੜੇ ਭਲਕੇ ਬਰਗਾੜੀ ਪੁੱਜ ਰਹੇ ਹਨ। ਬਾਗ਼ੀ ਪਾਰਟੀ ਆਗੂ ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਕੋਟਕਪੂਰਾ `ਚ ਪਹਿਲਾਂ ਰੋਸ ਮਾਰਚ ਰੱਖਿਆ ਹੋਇਆ ਹੈ, ਜਿੱਥੋਂ ਉਹ ਕਾਫ਼ਲੇ ਦੇ ਰੂਪ ਵਿੱਚ ਬਰਗਾੜੀ ਪੁੱਜਣਗੇ। ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਸ੍ਰੀ ਹਰਪਾਲ ਸਿੰਘ ਚੀਮਾ ਆਪਣੇ ਸਾਥੀ ਵਿਧਾਇਕਾਂ ਤੇ ਹੋਰ ਪਾਰਟੀ ਆਗੂਆਂ ਸਮੇਤ ਸਿੱਧੇ ਬਰਗਾੜੀ ਪੁੱਜਣਗੇ। ਉਹ ਭਾਵੇਂ ਸ੍ਰੀ ਖਹਿਰਾ ਦੇ ਰੋਸ ਮਾਰਚ ਦਾ ਹਿੱਸਾ ਨਹੀਂ ਬਣਨਗੇ ਪਰ ਇਨ੍ਹਾਂ ਤਿੰਨੇ ਹੀ ਪਾਰਟੀਆਂ ਨੇ ਵੱਧ ਤੋਂ ਵੱਧ ਸਮਰਥਕਾਂ ਨੂੰ ਆਪੋ-ਆਪਣੇ ਰੈਲੀਆਂ ਤੇ ਮਾਰਚ/ਧਰਨੇ `ਚ ਲਿਆਉਣ ਲਈ ਪੂਰਾ ਟਿੱਲ ਲਾਇਆ ਹੋਇਆ ਹੈ।

 

ਇਸ ਰੈਲੀ ਨੂੰ ਸਾਲ 2019 ਦੀਆਂ ਆਮ ਚੋਣਾਂ ਲਈ ਆਧਾਰ ਵਜੋਂ ਵੀ ਵਰਤਿਆ ਜਾ ਸਕਦਾ ਹੈ। ਹੋ ਸਕਦਾ ਹੈ 7 ਅਕਤੂਬਰ ਦੀਆਂ ਇਨ੍ਹਾਂ ਵੱਖੋ-ਵੱਖਰੀਆਂ ਰੈਲੀਆਂ ਦਾ ਜਿ਼ਕਰ ਉਨ੍ਹਾਂ ਆਮ ਚੋਣਾਂ ਦੇ ਪ੍ਰਚਾਰ ਦੌਰਾਨ ਵੀ ਹੋਵੇ।


ਕਾਂਗਰਸ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ `ਤੇ ਦੋਸ਼ ਲਾਇਆ ਹੈ ਕਿ ਉਸ ਦੇ ਆਗੂ ਪੰਜਾਬ ਦੀ ਜਨਤਾ ਦੇ ਧਾਰਮਿਕ ਜਜ਼ਬਾਤ ਦਾ ਸ਼ੋਸ਼ਣ ਕਰ ਰਹੇ ਹਨ। ਕਾਂਗਰਸ ਮੁਤਾਬਕ ਹੁਣ ਲੰਬੀ ਰੈਲੀ ਰਾਹੀਂ ਅਕਾਲੀ ਆਗੂਆਂ ਦੇ ਦੋਹਰੇ ਚਿਹਰੇ ਬੇਨਕਾਬ ਕੀਤੇ ਜਾਣਗੇ। 


ਉੱਧਰ ਸ਼੍ਰੋਮਣੀ ਅਕਾਲੀ ਦਲ ਦਾ ਦਾਅਵਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਹਰ ਮੋਰਚੇ `ਤੇ ਨਾਕਾਮ ਰਹੀ ਹੈ ਤੇ ਉਸ ਨੇ ਆਪਣਾ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ। 


ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਨਿੱਚਰਵਾਰ ਨੂੰ ਕਿਹਾ,‘ਅਸੀਂ ਭਲਕੇ ਲੰਬੀ `ਚ ਵਿਸ਼ਾਲ ਰੈਲੀ ਕਰਨ ਜਾ ਰਹੇ ਹਾਂ। ਅਸੀਂ ਬਾਦਲਾਂ ਦੇ ਸਾਰੇ ਪੰਥ-ਵਿਰੋਧੀ ਕਾਰਿਆਂ ਦਾ ਕੱਚਾ-ਚਿੱਠਾ ਪੇਸ਼ ਕਰਾਂਗੇ। ਉਨ੍ਹਾਂ ਨੇ ਪ੍ਰਮੁੱਖ ਧਾਰਮਿਕ ਦੀ ਮਾਣ-ਮਰਿਆਦਾ ਨੂੰ ਕਿਵੇਂ ਨੁਕਸਾਨ ਪਹੁੰਚਾਇਆ ਹੈ।`


ਕਾਂਗਰਸ ਸਰਕਾਰ ਨੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਮਨਪ੍ਰੀਤ ਸਿੰਘ ਬਾਦਲ ਤੇ ਸੁਖਜਿੰਦਰ ਸਿੰਘ ਰੰਧਾਵਾ ਜਿਹੇ ਕਈ ਕੈਬਿਨੇਟ ਮੰਤਰੀਆਂ ਸਮੇਤ ਬਹੁਤ ਸਾਰੇ ਪ੍ਰਮੁੱਖ ਪਾਰਟੀ ਆਗੂਆਂ ਦੀ ਡਿਊਟੀ ਆਪਣੀ ਲੰਬੀ ਰੈਲੀ ਨੂੰ ਸਫ਼ਲ ਬਣਾਉਣ ਲਈ ਲਾਈ ਹੋਈ ਹੈ।


ਉੱਧਰ ਸ਼੍ਰੋਮਣੀ ਅਕਾਲੀ ਦਲ ਵੀ ਇਸ ਮਾਮਲੇ `ਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਪਟਿਆਲਾ `ਚ ਉਸ ਨੇ ਵੀ ਆਪਣੀ ਰੈਲੀ `ਚ ਗੱਜ-ਵੱਜ ਕੇ ਆਪਣੇ ਵੱਧ ਤੋਂ ਵੱਧ ਸਮਰਥਕਾਂ ਨੂੰ ਲਿਜਾਣ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ।


ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਸੂਬੇ ਦੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰ ਕੇ ਲੋਕਾਂ ਨੂੰ ਅਕਾਲੀ ਦਲ ਦੀ ਪਟਿਆਲਾ ਰੈਲੀ `ਚ ਜਾਣ ਤੋਂ ਵਰਜ ਰਹੀ ਹੈ। ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਇਸਤ੍ਰੀ ਵਿੰਗ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਅਕਾਲੀ ਵਰਕਰਾਂ ਦੇ ਪਟਿਆਲਾ ਪੁੱਜਣ ਦੇ ਰਾਹ ਵਿੱਚ ਕੋਈ ਅੜਿੱਕੇ ਪੈਦਾ ਨਾ ਕਰੇ।


ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਵੱਲੋਂ ਪੰਜਾਬ `ਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਹੁਰਾਂ ਨੂੰ ਜਿ਼ੰਮੇਵਾਰ ਕਰਾਰ ਦਿੱਤੇ ਜਾਣ ਤੋਂ ਬਾਅਦ ਪਾਰਟੀ ਨੂੰ ਹੇਠਲੇ ਤੋਂ ਉੱਪਰਲੇ ਪੱਧਰਾਂ ਤੱਕ ਅਨੇਕ ਕਿਸਮ ਦੇ ਅੜਿੱਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਾਲੀ ਦਲ ਇਸ ਵੇਲੇ ਜਿਹੋ ਜਿਹੇ ਸੰਕਟ `ਚੋਂ ਲੰਘ ਰਿਹਾ ਹੈ, ਉਹੋ ਜਿਹੇ ਹਾਲਾਤ ਦਾ ਉਸ ਨੂੰ ਪਹਿਲਾਂ ਕਦੇ ਵੀ ਨਹੀਂ ਕਰਨਾ ਪਿਆ।


ਰਹੀ-ਸਹੀ ਕਸਰ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਤੇ ਕੁਝ ਹੋਰ ਟਕਸਾਲੀ ਆਗੂਆਂ ਦੇ ਅਸਤੀਫਿ਼ਆਂ ਨੇ ਪੂਰੀ ਕਰ ਦਿੱਤੀ ਹੈ। ਹਾਲੇ ਤਾਂ ਦਲ ਅੰਦਰ ਬਗ਼ਾਵਤ ਦੇ ਸੁਰ ਅੰਦਰੋ-ਅੰਦਰ ਹੀ ਸੁਲਘ ਰਹੇ ਹਨ ਪਰ ਕਿਸੇ ਵੀ ਸਮੇਂ ਉਹ ਭਾਂਬੜ ਮਚਾ ਸਕਦੇ ਹਨ। ਅਕਾਲੀ ਦਲ ਦੇ ਮਾਝੇ ਦੇ ਤਿੰਨ ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ ਤੇ ਰਤਨ ਸਿੰਘ ਅਜਨਾਲਾ ਵੀ ਬਾਦਲਾਂ ਦੀ ਪਟਿਆਲਾ ਰੈਲੀ `ਚ ਨਹੀਂ ਪੁੱਜ ਰਹੇ। ਸ੍ਰੀ ਢੀਂਡਸਾ ਸਿਰਫ਼ ਬਾਦਲਾਂ ਦੇ ਹੀ ਸੰਪਰਕ `ਚ ਨਹੀਂ ਹਨ ਪਰ ਉਹ ਬਾਕੀ ਦੇ ਸਾਰੇ ਅਕਾਲੀ ਆਗੂਆਂ ਨਾਲ ਸੰਪਰਕ ਰੱਖ ਰਹੇ ਦੱਸੇ ਜਾਂਦੇ ਹਨ। ਪ੍ਰਕਾਸ਼ ਸਿੰਘ ਬਾਦਲ ਹੁਰਾਂ ਨੇ ਅਜਿਹੇ ਹਾਲਾਤ ਨੂੰ ਮਹਿਸੂਸ ਕਰਦਿਆਂ ਹੀ ਖ਼ੁਦ ਸੜਕਾਂ `ਤੇ ਉੱਤਰਨ ਦਾ ਫ਼ੈਸਲਾ ਕੀਤਾ ਹੈ।


ਅਜਿਹੇ ਸ਼ਕਤੀ-ਪ੍ਰਦਰਸ਼ਨਾਂ ਦੇ ਦਿਨ ਐਤਵਾਰ ਨੂੰ ਪਟਿਆਲਾ, ਲੰਬੀ ਦੇ ਕਿਲਿਆਂਵਾਲੀ ਤੇ ਕੋਟਕਪੂਰਾ ਤੋਂ ਬਰਗਾੜੀ ਤੱਕ ਜਨਤਾ ਦੇ ਭਾਰੀ ਇਕੱਠ ਹੋਣੇ ਹਨ। ਇਸੇ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਖ਼ੁਫ਼ੀਆ ਏਜੰਸੀਆਂ ਨੂੰ ਪੂਰੀ ਤਰ੍ਹਾਂ ਚੌਕਸ ਰੱਖਿਆ ਜਾ ਰਿਹਾ ਹੈ ਕਿਉਂਕਿ ਵੱਡੀਆਂ ਭੀੜਾਂ ਦੇ ਪਹਿਲਾਂ ਤੋਂ ਤੈਅਸ਼ੁਦਾ ਪ੍ਰੋਗਰਾਮਾਂ `ਚ ਗੜਬੜੀ ਫੈਲਾਉਣ ਦੀਆਂ ਸਾਜਿ਼ਸ਼ਾਂ ਸਮਾਜ-ਵਿਰੋਧੀ ਅਨਸਰ ਕਿਸੇ ਵੀ ਵੇਲੇ ਰਚ ਸਕਦੇ ਹਨ। ਅਜਿਹੇ ਸਮੇਂ ਜੇ ਅਕਾਲੀਆਂ ਦੀ ਪਟਿਆਲਾ ਰੈਲੀ `ਚ ਕੋਈ ਥੋੜ੍ਹੀ ਜਿੰਨੀ ਵੀ ਗੜਬੜੀ ਹੁੰਦੀ ਹੈ, ਤਾਂ ਸਿੱਧਾ ਕਾਂਗਰਸ ਦਾ ਨਾਂਅ ਲੱਗੇਗਾ ਅਤੇ ਜੇ ਕਿਤੇ ਲੰਬੀ ਦੀ ਕਾਂਗਰਸੀ ਰੈਲੀ `ਚ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ, ਤਾਂ ਦੋਸ਼ ਸਿੱਧੇ ਤੌਰ `ਤੇ ਅਕਾਲੀਆਂ `ਤੇ ਹੀ ਮੜ੍ਹਿਆ ਜਾਵੇਗਾ। ਉਸ ਤੋਂ ਬਾਅਦ ਗੜਬੜੀ ਪੂਰੇ ਸੂਬੇ `ਚ ਵੀ ਫੈਲ ਸਕਦੀ ਹੈ।


ਅਜਿਹੇ ਹਾਲਾਤ `ਚ ਪੰਜਾਬ ਦੀ ਸਲਾਮਤੀ ਦੀ ਵੱਡੀ ਜਿ਼ੰਮੇਵਾਰੀ ਸੁਰੱਖਿਆ ਬਲਾਂ `ਤੇ ਹੀ ਹੋਵੇਗੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Power Display of Congress SAD and AAP today