ਕਣਕ ਦੇ ਖਰੀਦ ਕਾਰਜਾਂ ਦੇ ਬਿਹਤਰੀਨ ਪ੍ਰਬੰਧਨ ਲਈ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਹੁਣ ਤੱਕ ਅਨੁਮਾਨਿਤ ਫਸਲ ਦੀ 50 ਫੀਸਦੀ ਤੋਂ ਵੱਧ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 68 ਲੱਖ ਮੀਟਰਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਭਰੋਸਾ ਦਿਵਾਇਆ ਕਿ ਮੰਡੀਆਂ ਵਿੱਚ ਵੱਡੀ ਮਾਤਰਾ ਵਿੱਚ ਆ ਰਹੀ ਕਣਕ ਨੂੰ ਸਾਂਭਣ ਲਈ ਬਾਰਦਾਨੇ ਦੀ ਕੋਈ ਕਮੀ ਨਹੀਂ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਮੌਜੂਦਾ ਸਥਿਤੀ ਨੂੰ ਅਣਕਿਆਸੀ ਦੱਸਦਿਆਂ ਆਖਿਆ ਕਿ ਸਾਲ 1965 ਅਤੇ 1971 ਦੇ ਯੁੱਧ ਮੌਕੇ ਵੀ ਅਜਿਹੇ ਹਾਲਾਤ ਨਹੀਂ ਦੇਖੇ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਸੁਚੇਤ ਕਰਦਿਆਂ ਆਖਿਆ ਕਿ ਇਸ ਮਹਾਮਾਰੀ ਦੇ ਫੈਲਾਅ ਦੇ ਆਲਮੀ ਰੁਝਾਨਾਂ ਦੇ ਸੰਦਰਭ ਵਿੱਚ ਆਉਂਦੇ ਦਿਨਾਂ 'ਚ ਇਹ ਸਥਿਤੀ ਹੋਰ ਗੰਭੀਰ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਭਾਰਤ ਖੁਸ਼ਕਿਸਮਤ ਹੈ ਜਿੱਥੇ ਹੁਣ ਤੱਕ ਸਥਿਤੀ ਕਾਬੂ ਹੇਠ ਹੈ।