ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਨੇ ਅੱਜ ਆਪਣਾ 93ਵਾਂ ਜਨਮ ਦਿਨ ਮਨਾਇਆ। ਆਪਣੇ ਜਨਮ ਦਿਨ ਮੌਕੇ ਸ. ਬਾਦਲ ਨੇ ਕੋਈ ਵੱਡਾ ਪ੍ਰੋਗਰਾਮ ਤਾਂ ਨਹੀਂ ਕੀਤਾ ਪਰ ਅਕਾਲੀ ਦਲ ਦੇ ਵਰਕਰਾਂ ਵੱਲੋਂ ਕੇਕ ਕੱਟ ਕੇ ਉਨ੍ਹਾਂ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਪੰਜਾਬ ਭਰ ਤੋਂ ਸੀਨੀਅਰ ਅਕਾਲੀ ਲੀਡਰ ਜਨਮ ਦਿਨ ਦੀਆਂ ਵਧਾਈਆਂ ਦੇਣ ਪਹੁੰਚੇ ਹੋਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬਾਦਲ ਨੂੰ ਵਧਾਈ ਦਿੱਤੀ।
ਇਸ ਮੌਕੇ ਅਕਾਲੀ ਦਲ ਦੇ ਵਰਕਰਾਂ ਵੱਲੋਂ ਕੇਕ ਕੱਟ ਕੇ ਸਾਬਕਾ ਮੁੱਖ ਮੰਤਰੀ ਦਾ ਜਨਮ ਦਿਨ ਮਨਾਇਆ ਗਿਆ। ਇਸ ਦੌਰਾਨ ਕੈਬਿਨੇਟ ਮੰਤਰੀ ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ, ਪਰਿਵਾਰਕ ਮੈਂਬਰ ਅਤੇ ਕਈ ਆਗੂ ਮੌਜੂਦ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਅਨੇਕਾਂ ਮੁਸ਼ਕਲਾਂ ਝੱਲੀਆਂ ਹਨ।
ਸ. ਬਾਦਲ ਵਲੋਂ ਇਸ ਖਾਸ ਮੌਕੇ 'ਤੇ ਅੱਜ ਦੇ ਸਮੇਂ ਦੇ ਸਿਆਸਤਦਾਨਾਂ ਇਕ ਸੁਨੇਹਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਉਹ ਨੇਕ ਨੀਤੀ ਨਾਲ ਸਿਆਸਤ ਕਰਨ ਅਤੇ ਇਸ ਨੂੰ ਸੇਵਾ ਸਮਝਣ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੀ ਸਿਆਸਤ ਅਤੇ ਅੱਜ-ਕਲ ਦੀ ਚੱਲ ਰਹੀ ਸਿਆਸਤ 'ਚ ਬਹੁਤ ਫਰਕ ਹੈ।
Birthday greetings to one of India’s most respected statesmen, Shri Parkash Singh Badal Sahab. He has devoted his entire life towards the welfare of people. He has made a mark as an exceptional administrator. May Badal Sahab lead a long and healthy life. pic.twitter.com/CU6vkRWOzY
— Narendra Modi (@narendramodi) December 8, 2019
ਪਰਕਾਸ਼ ਸਿੰਘ ਬਾਦਲ ਅੱਜ ਭਾਰਤ ਦੇ ਸਭ ਤੋਂ ਬਜ਼ੁਰਗ ਸਿਆਸਤਦਾਨ ਹਨ। ਪੰਜਾਬ ਦੇ ਸਭ ਤੋਂ ਜ਼ਿਆਦਾ ਵਾਰ ਮੁੱਖ ਬਣਨ ਦਾ ਮਾਣ ਵੀ ਪਰਕਾਸ਼ ਸਿੰਘ ਬਾਦਲ ਦੇ ਹੀ ਨਾਮ ਹੈ। ਜ਼ਿਕਰਯੋਗ ਹੈ ਕਿ ਪਰਕਾਸ਼ ਸਿੰਘ ਬਾਦਲ ਦਾ ਜਨਮ 8 ਦਸੰਬਰ 1927 ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਅਬੁਲ ਖੁਰਾਣਾ 'ਚ ਹੋਇਆ ਸੀ। ਇਨ੍ਹਾਂ ਦੇ ਪਿਤਾ ਦਾ ਨਾਮ ਰਘੂਰਾਜ ਸਿੰਘ ਅਤੇ ਮਾਤਾ ਦਾ ਨਾਮ ਸੁੰਦਰੀ ਕੌਰ ਸੀ।
ਪਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਬਾਦਲ ਦੀ ਸਿਆਸੀ ਜੀਵਨ ਦੀ ਸ਼ੁਰੂਆਤ 1970 ਤੋਂ ਸ਼ੁਰੂ ਹੋਈ ਸੀ। ਉਹ 1970 ਤੋਂ 1971 ਤੱਕ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। ਇਸ ਤੋਂ ਬਾਅਦ ਉਹ 1977 ਤੋਂ 1980 ਤੱਕ, 1997 ਤੋਂ 2002 ਤੱਕ ਅਤੇ 2007 ਤੋਂ 2017 ਤੱਕ ਮੁੱਖ ਮੰਤਰੀ ਰਹਿ ਚੁੱਕੇ ਹਨ।
ਸ. ਬਾਦਲ ਨੇ 1947 ਵਿੱਚ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ। ਪੰਜਾਬ ਦੀ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਪਿੰਡ ਬਾਦਲ ਦੇ ਸਰਪੰਚ ਅਤੇ ਬਾਅਦ ਵਿੱਚ ਬਲਾਕ ਸੰਮਤੀ, ਲੰਬੀ ਦੇ ਚੇਅਰਮੈਨ ਬਣੇ ਸਨ। ਉਹ ਲਾਹੌਰ ਦੇ ਫੋਰਸੇਨ ਕ੍ਰਿਸਚੀਅਨ ਕਾਲਜ ਤੋਂ ਗ੍ਰੈਜੂਏਸ਼ਨ ਉਪਰੰਤ ਵਕੀਲ ਬਣਨਾ ਚਾਹੁੰਦੇ ਸਨ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਐਲ.ਐਲ.ਬੀ ਵਿੱਚ ਦਾਖ਼ਲਾ ਤਾਂ ਲਿਆ ਪਰ ਸਿਆਸੀ ਤੌਰ ‘ਤੇ ਸਰਗਰਮ ਹੋ ਗਏ ਸਨ।

1957 ਵਿੱਚ ਬਾਦਲ ਨੇ ਪਹਿਲੀ ਵਾਰ ਵਿਧਾਨ ਸਭਾ ਚੋਣ ਜਿੱਤੀ ਅਤੇ ਫਿਰ 1969 ਵਿੱਚ ਮੁੜ ਵਿਧਾਨ ਸਭਾ ਦੀ ਚੋਣ ਜਿੱਤੀ ਅਤੇ ਅਕਾਲੀ ਦਲ ਤੇ ਜਨਸੰਘ ਦੀ ਕੁਲੀਸ਼ਨ ਸਰਕਾਰ ਦੀ ਜਸਟਿਸ ਗੁਰਨਾਮ ਸਿੰਘ ਵਜ਼ਾਰਤ ਵਿੱਚ ਮੰਤਰੀ ਰਹੇ ਸਨ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 11 ਦਸੰਬਰ 2011 ਨੂੰ ਸ. ਬਾਦਲ ਨੂੰ ਪੰਥ ਰਤਨ ਫ਼ਕਰ-ਏ-ਕੌਮ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਭਾਰਤ ਸਰਕਾਰ ਵਲੋਂ ਸਾਲ 2015 'ਚ ਪਦਮ ਵਿਭੂਸ਼ਣ ਸਨਮਾਨ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।