ਸੰਗਰੂਰ `ਚ ਸਨਿੱਚਰਵਾਰ ਦੀ ਰਾਤ ਨੂੰ ਅਕਾਲੀ ਕਾਰਕੁੰਨ ਚਰਨਜੀਤ ਗਰਗ ਤੇ ਉਨ੍ਹਾਂ ਦੀ ਪਤਨੀ ਪੂਜਾ ਦਾ ਦੋਹਰਾ ਕਤਲ ਕਰਨ ਵਾਲੇ ਕਥਿਤ ਮੁੱਖ ਮੁਲਜ਼ਮ ਨੇ ਅੱਜ ਪਟਿਆਲਾ ਸਥਿਤ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ `ਚ ਆਤਮ-ਸਮਰਪਣ ਕਰ ਦਿੱਤਾ। ਕਤਲ ਦੇ ਇਸ ਕਥਿਤ ਮੁਲਜ਼ਮ ਦੀ ਸ਼ਨਾਖ਼ਤ ਰਾਕੇਸ਼ ਸ਼ਰਮਾ ਉਰਫ਼ ਜੱਸੀ ਵਜੋਂ ਹੋਈ ਹੈ।
ਜੱਸੀ ਅਤੇ ਉਸ ਦੇ ਤਿੰਨ ਸਾਥੀਆਂ `ਤੇ ਸੰਗਰੂਰ ਦੇ ਸਰਕਾਰੀ ਰਣਬੀਰ ਕਾਲਜ ਨੇੜੇ ਪਹਿਲਾਂ ਤਾਂ ਅਕਾਲੀ ਕਾਰਕੁੰਨ ਚਰਨਜੀਤ ਗਰਗ ਤੇ ਉਨ੍ਹਾਂ ਦੀ ਪਤਨੀ ਪੂਜਾ `ਤੇ ਬੇਰਹਿਮੀ ਨਾਲ ਚਾਕੂਆਂ ਨਾਲ ਕਈ ਵਾਰ ਕੀਤੇ ਸਨ ਤੇ ਫਿਰ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਸਦਾ ਦੀ ਨੀਂਦਰ ਸੁਆ ਦਿੱਤਾ ਸੀ। ਦਰਅਸਲ, ਜੱਸੀ ਨੇ ਕਥਿਤ ਤੌਰ `ਤੇ ਸ੍ਰੀ ਗਰਗ ਦੇ 5 ਲੱਖ ਰੁਪਏ ਦੇਣੇ ਸਨ ਤੇ ਉਹ ਇਹ ਰਕਮ ਮੋੜਨ `ਚ ਨਹੀਂ ਆ ਰਿਹਾ ਸੀ।
ਸ੍ਰੀ ਗਰਗ ਸਾਬਕਾ ਕੇਂਦਰੀ ਮੰਤਰੀ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਕਰੀਬੀ ਰਹੇ ਸਨ। ਸ੍ਰੀ ਢੀਂਡਸਾ ਨੇ ਉਨ੍ਹਾਂ ਦੀ ਨਿਯੁਕਤੀ ਰੇਲਵੇ ਸਲਾਹਕਾਰ ਬੋਰਡ ਵਿੱਚ ਕਰਵਾਈ ਸੀ।
ਮੁਲਜ਼ਮ ਜੱਸੀ ਨੂੰ ਟ੍ਰਾਂਜਿ਼ਟ ਰਿਮਾਂਡ ਰਾਹੀਂ ਸੰਗਰੂਰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਜੱਸੀ ਦੇ ਵਕੀਲ ਆਸ਼ੂ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਖ਼ਦਸ਼ਾ ਹੈ ਕਿ ਸੰਗਰੂਰ ਪੁਲਿਸ ਪੁੱਛਗਿੱਛ ਦੌਰਾਨ ਉਸ `ਤੇ ਤੀਜੇ ਦਰਜੇ ਦਾ ਤਸ਼ੱਦਦ ਢਾਹ ਸਕਦੀ ਹੈ; ਇਸੇ ਲਈ ਉਸ ਨੇ ਹੁਣ ਪਟਿਆਲਾ `ਚ ਆ ਕੇ ਆਤਮ ਸਮਰਪਣ ਕੀਤਾ ਹੈ।
ਜੱਸੀ ਦੇ ਦੋ ਸਾਥੀ ਪ੍ਰਦੀਪ ਸ਼ਰਮਾ (ਜੋ ਉਸ ਦਾ ਭਰਾ ਹੈ) ਅਤੇ ਅਨੁਪਮ ਕੁਮਾਰ ਉਰਫ਼ ਪੌਂਪੀ (ਸਾਬਕਾ ਕਾਂਗਰਸੀ ਕੌਂਸਲਰ) ਨੁੰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਚੌਥਾ ਮੁਲਜ਼ਮ ਜੋਜੋ ਹਾਲੇ ਫ਼ਰਾਰ ਹੈ।