ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰੀ ਹੁਕਮਾਂ ਦੇ ਬਾਵਜੂਦ ਪ੍ਰਾਈਵੇਟ ਬੱਸਾਂ ਵਾਲੇ ਵਸੂਲ ਰਹੇ ਪੁਰਾਣਾ ਕਿਰਾਇਆ

ਸਰਕਾਰੀ ਹੁਕਮਾਂ ਦੇ ਬਾਵਜੂਦ ਪ੍ਰਾਈਵੇਟ ਬੱਸਾਂ ਵਾਲੇ ਵਸੂਲ ਰਹੇ ਪੁਰਾਣਾ ਕਿਰਾਇਆ

ਸੰਸਦੀ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਭਾਵੇਂ ਬੱਸ ਕਿਰਾਏ ਘਟਾ ਦਿੱਤੇ ਹਨ ਪਰ ਕੁਝ ਰਸੂਖ਼ਦਾਰ ਸਿਆਸੀ ਆਗੂਆਂ ਵੱਲੋਂ ਸੰਚਾਲਿਤ ਪ੍ਰਾਈਵੇਟ ਬੱਸ ਕੰਪਨੀਆਂ ਵੱਲੋਂ ਹਾਲੇ ਵੀ ਚੰਡੀਗੜ੍ਹ–ਬਠਿੰਡਾ ਰੂਟ ਉੱਤੇ ਪੁਰਾਣੇ ਭਾਵ ਵੱਧ ਕਿਰਾਏ ਹੀ ਵਸੂਲ ਕੀਤੇ ਜਾ ਰਹੇ ਹਨ।

 

 

ਸਰਕਾਰੀ ਬੱਸਾਂ ਦੇ ਘਟੇ ਹੋਏ ਕਿਰਾਏ ਸ਼ੁੱਕਰਵਾਰ ਤੋਂ ਸਮੁੱਚੇ ਸੂਬੇ ਵਿੱਚ ਲਾਗੂ ਹੋ ਗਏ ਸਨ ਪਰ ਕੁਝ ਨਿਜੀ ਕੰਪਨੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਹਾਲੇ ਤੱਕ ਨਵੇਂ ਬੱਸ–ਕਿਰਾਇਆਂ ਦੀ ਸੂਚੀ ਨਹੀਂ ਮਿਲੀ। ਅੱਜ ਸਨਿੱਚਰਵਾਰ ਇਲਾਕੇ ਦੀਆਂ ਪ੍ਰਾਈਵੇਟ ਬੱਸਾਂ ਦੇ ਯਾਤਰੂ ਕੰਡਕਟਰਾਂ ਨਾਲ ਬਹਿਸ ਕਰਦੇ ਵਿਖਾਈ ਦਿੱਤੇ ਪਰ ਕੰਡਕਟਰਾਂ ਨੇ ਕਿਸੇ ਦੀ ਇੱਕ ਨਹੀਂ ਸੁਣੀ ਤੇ ਪੁਰਾਣੇ ਕਿਰਾਏ ਹੀ ਵਸੂਲ ਕੀਤੇ।

 

 

ਸ਼ੁੱਕਰਵਾਰ ਦੇਰ ਸ਼ਾਮੀਂ ਜਾਰੀ ਹੋਏ ਇੱਕ ਨੋਟੀਫ਼ਿਕੇਸ਼ਨ ਮੁਤਾਬਕ ਪੰਜਾਬ ਵਿੱਚ ਸਾਧਾਰਣ ਬੱਸਾਂ ਤੋਂ ਲੈ ਕੇ ਸੁਪਰ–ਇੰਟੈਗਰਲ ਕੋਚਾਂ ਦੇ ਕਿਰਾਏ 8 ਪੈਸੇ ਤੋਂ 16 ਪੈਸੇ ਪ੍ਰਤੀ ਕਿਲੋਮੀਟਰ ਤੱਕ ਘਟਾ ਦਿੱਤੇ ਗਏ ਹਨ।

 

 

ਟਰਾਂਸਪੋਰਟ ਵਿਭਾਗ ਮੁਤਾਬਕ ਪਟਿਆਲਾ ਤੋਂ ਸੰਗਰੂਰ ਤੱਕ ਦਾ ਜਿਹੜਾ ਕਿਰਾਇਆ ਪਹਿਲਾਂ 70 ਰੁਪਏ ਸੀ, ਉਹ ਹੁਣ ਘਟ ਕੇ 65 ਰੁਪਏ ਰਹਿ ਗਿਆ ਹੈ, ਜਦ ਕਿ ਬਠਿੰਡਾ ਤੋਂ ਸੰਗਰੂਰ ਦਾ ਕਿਰਾਇਆ 140 ਰੁਪਏ ਤੋਂ ਘਟ ਕੇ 130 ਰੁਪਏ ਰਹਿ ਗਿਆ ਹੈ। ਸੰਗਰੂਰ ਤੋਂ ਧਨੌਲਾ ਦਾ ਕਿਰਾਇਆ ਜਿਹੜਾ ਪਹਿਲਾਂ 35 ਰੁਪਏ ਸੀ, ਉਹ ਹੁਣ ਘਟ ਕੇ 30 ਰੁਪਏ ਰਹਿ ਗਿਆ ਹੈ।

 

 

ਸੰਗਰੂਰ ਸ਼ਹਿਰ ਦੇ ਅਮਰਿੰਦਰ ਕੌਰ ਨੇ ਦੱਸਿਆ ਕਿ ਉਹ ਅੱਜ ਪਟਿਆਲਾ ਤੋਂ ਸੰਗਰੂਰ ਆਏ ਤੇ ਉਨ੍ਹਾਂ ਨੂੰ ਪਹਿਲਾ ਕਿਰਾਇਆ 70 ਰੁਪਏ ਹੀ ਅਦਾ ਕਰਨਾ ਪਿਆ। ਯਾਤਰੀਆਂ ਨੇ ਉਨ੍ਹਾਂ ਨੂੰ ਖ਼ਬਰਾਂ ਦੀਆਂ ਕਲਿੱਪਸ ਵਿਖਾਈਆਂ ਤੇ ਘਟੇ ਕਿਰਾਇਆਂ ਦੇ ਹੁਕਮ ਵੀ ਪੜ੍ਹਾਹੇ ਪਰ ਕਿਸੇ ਕੰਡਕਟਰ ਨੇ ਸਰਕਾਰੀ ਹੁਕਮਾਂ ਦੀ ਕੋਈ ਪਰਵਾਹ ਨਹੀਂ ਕੀਤੀ ਤੇ ਕੋਈ ਦਲੀਲ ਵੀ ਨਹੀਂ ਮੰਨੀ।

 

 

ਇੱਕ ਹੋਰ ਯਾਤਰੀ ਜਗਤਾਰ ਸਿੰਘ ਨੇ ਦੱਸਿਆ,‘ਭਾਵੇਂ ਮੈਂ ਕੰਡਕਟਰ ਨੂੰ ਦੱਸਿਆ ਕਿ ਕਿਰਾਏ ਘਟ ਗਏ ਹਨ ਪਰ ਉਹ ਮੇਰੀ ਕੋਈ ਗੱਲ ਸੁਣਨ ਨੂੰ ਹੀ ਤਿਆਰ ਨਹੀਂ ਸੀ ਤੇ ਉਸ ਨੇ ਮੈਥੋਂ ਧਨੌਲਾ ਤੋਂ ਸੰਗਰੂਰ ਤੱਕ ਦਾ ਪੁਰਾਣਾ ਕਿਰਾਇਆ 35 ਰੁਪਏ ਹੀ ਵਸੂਲ ਕੀਤਾ।’

 

 

ਪ੍ਰਾਈਵੇਟ ਬੱਸਾਂ ਦੇ ਡਰਾਇਵਰਾਂ ਤੇ ਕੰਡਕਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਰਾਇਆਂ ਦੀ ਨਵੀਂ ਸੂਚੀ ਨਹੀਂ ਮਿਲੀ ਹੈ। ਡਬਵਾਲੀ ਟਰਾਂਸਪੋਰਟ ਦੇ ਕੰਡਕਟਰ ਲਖਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕਿਰਾਏ ਘਟਣ ਦੀਆਂ ਖ਼ਬਰਾਂ ਤਾਂ ਪੜ੍ਹੀਆਂ ਹਨ ਪਰ ਉਨ੍ਹਾਂ ਨੂੰ ਹਾਲੇ ਤੱਕ ਕੋਈ ਲਿਖਤੀ ਹੁਕਮ ਨਹੀਂ ਮਿਲਿਆ।

 

 

ਸ਼ਹੀਦ ਭਾਈ ਮਨੀ ਜੀ ਬੱਸ ਅੱਡੇ ਦੇ ਇੰਚਾਰਜ ਚੀਫ਼ ਇੰਸਪੈਕਟਰ ਬਲਦੇਵ ਸਿੰਘ ਹੁਰਾਂ ਦੱਸਿਆ ਕਿ ਸਾਰੀਆਂ ਮਸ਼ੀਨਾਂ ਅਪਡੇਟ ਕਰ ਦਿੱਤੀਆਂ ਗਈਆਂ ਹਨ ਤੇ ਸਾਰੀਆਂ ਸਰਕਾਰੀ ਬੱਸਾਂ ਲਈ ਹੁਕਮ ਸ਼ੁੱਕਰਵਾਰ ਤੋਂ ਹੀ ਲਾਗੂ ਹੋ ਗਏ ਸਨ।

 

 

ਖੇਤਰੀ ਟਰਾਂਸਪੋਰਟ ਅਥਾਰਟੀ ਸਕੱਤਰ ਕਰਨਬੀਰ ਸਿੰਘ ਛੀਨਾ ਨੇ ਦੱਸਿਆ ਕਿ ਸੂਬਾ ਸਰਕਾਰ ਦੀਆਂ ਹਦਾਇਤਾਂ ਦੀ ਪੂਰੀ ਪਾਲਣਾ ਕੀਤੀ ਜਾਵੇਗਾ ਤੇ ਇਲਾਕੇ ਦੀਆਂ ਸਾਰੀਆਂ ਬੱਸਾਂ ਦੀ ਚੈਕਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਬੱਸਾਂ ਦੀ ਵੀ ਚੈਕਿੰਗ ਕੀਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Private Bus Conductors are receiving old fares