ਅੱਜ ਤੜਕੇ ਸਵੇਰੇ ਖੰਨਾ ਦੇ ਗੁਲਮੋਹਰ ਨਗਰ ਦੀ ਰਹਿਣ ਵਾਲੀ ਨਿੱਜੀ ਸਕੂਲ ਦੀ ਅਧਿਆਪਕਾ ਅੰਜਲੀ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ।
ਜਾਣਕਾਰੀ ਅਨੁਸਾਰ ਉੱਚ ਪੜ੍ਹਾਈ ਅਤੇ ਚੰਗੇ ਭਵਿੱਖ ਲਈ ਅਧਿਆਪਕਾ ਦੀ ਇਕਲੌਤੀ ਬੇਟੀ ਕੈਨੇਡਾ ਗਈ ਸੀ। ਬੇਟੀ ਦੇ ਕੈਨੇਡਾ ਜਾਣ ਪਿੱਛੋਂ ਮਾਂ ਦਾ ਘਰ ਵਿੱਚ ਜੀਅ ਨਾ ਲੱਗਣ ਕਾਰਨ ਉਹ ਡਿਪ੍ਰੇਸ਼ਨ ਵਿੱਚ ਆ ਗਈ। ਉਹ ਬੇਟੀ ਦੇ ਵਿਛੜਨ ਦਾ ਗ਼ਮ ਸਹਿ ਨਾ ਸਕੀ ਅਤੇ ਸੋਮਵਾਰ ਸਵੇਰੇ ਪਿਸਤੌਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਸਮੇਂ ਪਰਿਵਾਰ ਦੇ ਹੋਰ ਲੋਕ ਸੋ ਰਹੇ ਸਨ।
ਨਿੱਜੀ ਸਕੂਲ ਦੀ ਅਧਿਆਪਕਾ ਅੰਜਲੀ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਸੀ। ਸੋਮਵਾਰ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਬੱਚੇ ਟਿਊਸ਼ਨ ਪੜ੍ਹਣ ਆਏ ਤਾਂ ਕਿਸੇ ਨੇ ਘਰ ਦਾ ਮੁੱਖ ਗੇੜ ਨਾ ਖੋਲ੍ਹਿਆ। ਅੰਜਲੀ ਦਾ ਪਤੀ ਧਰਮਿੰਦਰ ਜਦੋਂ ਦਰਵਾਜ਼ਾ ਖੋਲ੍ਹਣ ਲਈ ਉਠਿਆ ਤਾਂ ਉਹ ਹੈਰਾਨ ਰਹਿ ਗਿਆ ਕਿਉਂਕਿ ਫਰਸ਼ ਉੱਤੇ ਅੰਜਲੀ ਦੀ ਲਾਸ਼ ਪਈ ਸੀ।
ਫਿੰਗਰ ਪ੍ਰਿੰਟ ਐਕਸਪਰਟ ਇੰਸਪੈਕਟਰ ਪਵਨਦੀਪ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਕੇ ਉੱਤੇ ਪੁੱਜੇ। ਉਨ੍ਹਾਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੰਸਪੈਕਟਰ ਪਵਨਦੀਪ ਸਿੰਘ ਨੇ ਦੱਸਿਆ ਕਿ ਮਾਮਲਾ ਖੁਦਕੁਸ਼ੀ ਦਾ ਜਾਪ ਰਿਹਾ ਹੈ। .32 ਬੋਰ ਦੀ ਪਿਸਤੌਲ ਵਿੱਚ ਕਾਫੀ ਸਮੇਂ ਤੋਂ ਪਈ ਇੱਕ ਗੋਲੀ ਨਾਲ ਮੌਤ ਹੋਈ ਹੈ।