ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੈਟਰਨਰੀ `ਵਰਸਿਟੀ ਦੇ ਵੀਸੀ ਵਿਰੁੱਧ ਜਾਂਚ ਦੇ ਹੁਕਮ, ਬੇਨਿਯਮੀਆਂ ਦੇ ਦੋਸ਼

ਵੈਟਰਨਰੀ `ਵਰਸਿਟੀ ਦੇ ਵੀਸੀ ਵਿਰੁੱਧ ਜਾਂਚ ਦੇ ਹੁਕਮ, ਬੇਨਿਯਮੀਆਂ ਦੇ ਦੋਸ਼

ਪੰਜਾਬ ਸਰਕਾਰ ਨੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਏਐੱਸ ਨੰਦਾ ਖਿ਼ਲਾਫ਼ ਜਾਂਚ ਦੇ ਹੁਕਮ ਦਿੱਤੇ ਹਨ। ਦੋਸ਼ ਹਨ ਕਿ ਦਾਖ਼ਲਾ ਪ੍ਰਕਿਰਿਆ ਵਿੱਚ ਬੇਨਿਯਮੀਆਂ ਹੋਈਆਂ ਹਨ ਅਤੇ ਇਹ ਜਾਣਕਾਰੀ ਲੁਕੋਈ ਗਈ ਸੀ ਕਿ ਮੱਧ ਪ੍ਰਦੇਸ਼ ਲੋਕ-ਆਯੁਕਤ ਨੇ ਪਹਿਲਾਂ ਉਨ੍ਹਾਂ ਖਿ਼ਲਾਫ਼ ਪਹਿਲਾਂ ਕਦੇ ਜਾਂਚ ਵੀ ਕਰਵਾਈ ਸੀ।


ਇਸ ਸਬੰਧੀ ਹਿਸਾਰ ਵੈਟਰਨਰੀ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫ਼ੈਸਰ ਡਾ. ਸੰਦੀਪ ਕੁਮਾਰ ਗੁਪਤਾ ਨੇ ਇੱਕ ਹਲਫ਼ੀਆ ਬਿਆਨ ਦਾਇਰ ਕੀਤਾ ਸੀ; ਜਿਸ ਦੇ ਆਧਾਰ `ਤੇ ਜਾਂਚ ਦੇ ਹੁਕਮ ਦਿੱਤੇ ਗਏ ਸਨ। ਇੱਥੇ ਵਰਨਣਯੋਗ ਹੈ ਕਿ ਵੀ.ਸੀ. ਨੰਦਾ ਦਾ ਕਾਰਜਕਾਲ ਆਉਂਦੇ ਅਪ੍ਰੈਲ ਮਹੀਨੇ ਖ਼ਤਮ ਹੋ ਰਿਹਾ ਹੈ।


ਪੰਜਾਬ ਦੇ ਪਸ਼ੂ-ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ - ‘ਮੁਢਲੀ ਜਾਂਚ ਦੇ ਆਧਾਰ `ਤੇ ਹੀ ਮੈਨੂੰ ਪੂਰਾ ਯਕੀਨ ਹੈ ਕਿ ਕੁਝ ਖ਼ਾਸ ਵਿਦਿਆਰਥੀਆਂ ਨੂੰ ਦਾਖ਼ਲੇ ਦੇਣ ਲਈ ਗੰਭੀਰ ਬੇਨਿਯਮੀਆਂ ਹੋਈਆਂ ਸਨ। ਇਸ ਤੋ਼ ਇਲਾਵਾ ਭ੍ਰਿਸ਼ਟਾਚਾਰ ਦੇ ਦੋਸ਼ ਵੀ ਹਨ। ਮੈਂ ਫ਼ਾਈਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜ ਦਿੱਤੀ ਹੈ; ਜਿਨ੍ਹਾਂ ਹੁਣ ਜਾਂਚ ਦੇ ਹੁਕਮ ਦੇ ਦਿੱਤੇ ਹਲ। ਮੁੱਖ ਸਕੱਤਰ ਨੇ ਪਹਿਲਾਂ ਹੀ ਇਸ ਸਬੰਧੀ ਹੁਕਮ ਜਾਰੀ ਵੀ ਕਰ ਦਿੱਤੇ ਹਨ।`


ਆਪਣੇ ਹਲਫ਼ੀਆ ਬਿਆਨ ਐਸੋਸੀਏਟ ਪ੍ਰੋਫ਼ੈਸਰ ਡਾ. ਸੰਦੀਪ ਕੁਮਾਰ ਗੁਪਤਾ ਨੇ ਦੋਸ਼ ਲਾਇਆ ਹੈ ਕਿ ਵੀ.ਸੀ. ਨੰਦਾ ਦੇ ਕਾਰਜਕਾਲ ਦੌਰਾਨ ਬਹੁਤ ਸਾਰੀਆਂ ਬੇਨਿਯਮੀਆਂ ਹੋਈਆਂ ਹਨ, ਜਿਨ੍ਹਾਂ ਕਾਰਨ ਸਰਕਾਰੀ ਖ਼ਜ਼ਾਨੇ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ। ਦੋਸ਼ ਲਾਇਆ ਗਿਆ ਹੈ ਕਿ ਵਾਈਸ ਚਾਂਸਲਰ ਨੇ ਐੱਨਆਰਆਈ ਵਰਗ ਅਧੀਨ ਦਾਖ਼ਲੇ ਕਰਦੇ ਸਮੇਂ ਕਥਿਤ ਤੌਰ `ਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਹੈ।


ਪ੍ਰੋ. ਗੁਪਤਾ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਮੁਤਾਬਕ ਇੱਕ ਵਿਸ਼ੇ ਲਈ ਐੱਨਆਰਆਈ ਸੀਟਾਂ ਕੁੱਲ ਸੀਟਾਂ ਦਾ ਸਿਰਫ਼ 15% ਹੀ ਹੋ ਸਕਦੀਆਂ ਹਨ ਪਰ ਵੀ.ਸੀ. ਨੰਦਾ ਨੇ ਕਥਿਤ ਤੌਰ `ਤੇ ਇਹ ਸੀਟਾਂ ਬੀਵੀਐੱਸੀ ਅਤੇ ਏਐੱਚ ਪ੍ਰੋਗਰਾਮ ਲਈ 18 ਕਰ ਦਿੱਤੀਆਂ ਸਨ; ਜਦ ਕਿ ਪ੍ਰਵਾਨਿਤ ਸੀਟਾਂ ਸਿਰਫ਼ 9 ਹੀ ਸਨ। ਅਜਿਹਾ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਦੀ ਇਜਾਜ਼ਤ ਨਾਲ ਕਰ ਦਿੱਤਾ ਗਿਆ ਸੀ ਪਰ ਸੂਬਾ ਸਰਕਾਰ ਤੋਂ ਇਸ ਦੀ ਇਜਾਜ਼ਤ ਨਹੀ਼ ਲਈ ਗਈ ਸੀ।


ਡਾ. ਗੁਪਤਾ ਦੇ ਹਲਫ਼ੀਆ ਬਿਆਨ `ਚ ਇਹ ਦੋਸ਼ ਵੀ ਲਾਇਆ ਗਿਆ ਹੈ ਕਿ ਲੁਧਿਆਣਾ ਦੇ ਵੈਟਰਨਰੀ ਕਾਲਜ `ਚ ਐੱਨਆਰਆਈ ਕੋਟੇ ਅਧੀਨ ਦਾਖ਼ਲ ਕੀਤੇ ਜਾਣ ਵਾਲੇ ਵਿਦਿਆਰਥੀਆਂ ਤੋਂ ਕਥਿਤ ਤੌਰ `ਤੇ ਸਾਢੇ ਤਿੰਨ ਲੱਖ ਰੁਪਏ (ਲਗਭਗ 5,000 ਅਮਰੀਕੀ ਡਾਲਰ) ਡੋਨੇਸ਼ਨ ਦੇ ਤੌਰ `ਤੇ ਵਸੂਲੇ ਗਏ ਸਨ।


ਡਾ. ਗੁਪਤਾ ਦਾ ਇਹ ਵੀ ਦਾਅਵਾ ਹੈ ਕਿ ਵੀ.ਸੀ. ਨੇ ਡੇਅਰੀ ਸਾਇੰਸਜ਼ ਕਾਲਜ ਦੇ ਡੀਨ ਦੇ ਪੁੱਤਰ ਦੀ ਮਾਈਗ੍ਰੇਸ਼ਨ ਦੀ ਇਜਾਜ਼ਤ ਵੀ ਨਿਯਮਾਂ ਨੂੰ ਕਥਿਤ ਤੌਰ `ਤੇ ਛਿੱਕੇ ਟੰਗ ਕੇ ਦਿੱਤੀ ਗਈ ਸੀ। ਇਹ ਮਾਈਗ੍ਰੇਸ਼ਨ ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਤੋਂ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ `ਚ ਕੀਤੀ ਗਈ ਸੀ। ਅਜਿਹਾ ਇਸ ਲਈ ਕੀਤਾ ਗਿਆ ਸੀ ਕਿਉਂਕਿ ਕਸ਼ਮੀਰ ਯੂਨੀਵਰਸਿਟੀ ਦੀ ਫ਼ੀਸ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨਾਲੋਂ ਕਿਤੇ ਜਿ਼ਆਦਾ ਸੀ। ਇਸ ਨਾਲ ਵਿਦਿਆਰਥੀ ਨੂੰ 30 ਲੱਖ ਰੁਪਏ ਦਾ ਲਾਭ ਪੁੱਜਾ।


ਡਾ. ਗੁਪਤਾ ਨੇ ਇਹ ਵੀ ਕਿਹਾ ਹੈ ਕਿ ਵੀ.ਸੀ. ਨੇ ਪੰਜਾਬ ਸਰਕਾਰ ਨੂੰ ਇਹ ਵੀ ਨਹੀਂ ਦੱਸਿਆ ਸੀ ਕਿ ਮੱਧ ਪ੍ਰਦੇਸ਼ ਦੇ ਲੋਕ-ਆਯੁਕਤ ਨੇ ਉਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਕੁਝ ਮਾਮਲਿਆਂ `ਚ ਜਾਂਚ ਕਰਵਾਈ ਸੀ। ਸ੍ਰੀ ਨੰਦਾ ਉੱਥੇ ਵੀ ਵਾਈਸ ਚਾਂਸਲਰ ਰਹਿ ਚੁੱਕੇ ਹਨ। ਡਾ. ਗੁਪਤਾ ਨੇ ਕਿਹਾ ਕਿ ਜੇ ਜਾਂਚ ਕੀਤੀ ਜਾਵੇ, ਤਾਂ ਹੋਰ ਬਹੁਤ ਸਾਰੀਆਂ ਕਥਿਤ ਬੇਨਿਯਮੀਆਂ ਸਾਹਮਣੇ ਆ ਸਕਦੀਆਂ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Probe ordered against Vet Uni VC against irregularities