ਪੰਜਾਬੀ ਫਿਲਮ 'ਸ਼ੂਟਰ' ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰੀ ਹੋਈ ਹੈ। ਪੰਜਾਬ ਸਰਕਾਰ ਨੇ ਇਸ ਫਿਲਮ ਦੀ ਰਿਲੀਜ਼ 'ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਦੇ ਇਸ ਫੈਸਲੇ ਵਿਰੁੱਧ ਹੁਣ ਫਿਲਮ ਦੇ ਪ੍ਰੋਡਿਊਸਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਗਏ ਹਨ ਅਤੇ ਸਰਕਾਰ ਦੇ ਫੈਸਲੇ ਵਿਰੁੱਧ ਹਾਈ ਕੋਰਟ 'ਚ ਪਟੀਸ਼ਨ ਦਾਖ਼ਲ ਕੀਤੀ ਹੈ।
ਇਸ ਫਿਲਮ ਦੇ ਰਿਲੀਜ਼ ਹੋਣ 'ਤੇ 10 ਫਰਵਰੀ ਨੂੰ ਲਗਾਈ ਗਈ ਰੋਕ ਨੂੰ ਗ਼ਰ-ਕਾਨੂੰਨੀ ਦੱਸਦੇ ਹੋਏ ਫਿਲਮ ਨਿਰਮਾਤਾ ਕੇਵਲ ਸਿੰਘ ਨੇ ਹਾਈ ਕੋਰਟ 'ਚ ਦਾਇਰ ਪਟੀਸ਼ਨ 'ਚ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਇਸ ਫਿਲਮ ਦੇ ਸਿਲਵਰ ਸਕਰੀਨ 'ਤੇ ਆਉਣ ਤੋਂ ਪਹਿਲਾਂ ਹੀ ਇਸ 'ਤੇ ਰੋਕ ਲਗਾ ਕੇ ਸੰਵਿਧਾਨ ਦੇ ਅਧਿਕਾਰਾਂ ਦਾ ਉਲੰਘਣ ਕੀਤਾ ਹੈ।
ਦਿਲਸ਼ੇਰ ਸਿੰਘ ਤੇ ਖੁਸ਼ਪਾਲ ਸਿੰਘ ਵੱਲੋਂ ਨਿਰਦੇਸ਼ਿਤ ਫਿਲਮ 'ਸ਼ੂਟਰ' 'ਤੇ ਪੰਜਾਬ ਸਰਕਾਰ ਦੀ ਰੋਕ ਨੂੰ ਨਾਜਾਇਜ਼ ਦੱਸਦਿਆਂ ਅਪੀਲਕਰਤਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਫਿਲਮ ਲਈ ਸੈਂਸਰ ਬੋਰਡ ਤੋਂ ਸਰਟੀਫਿਕੇਟ ਲੈਣ ਲਈ ਅਪਲਾਈ ਕੀਤਾ ਹੋਇਆ ਹੈ ਪਰ ਸਰਕਾਰ ਨੇ ਸੈਂਸਰ ਬੋਰਡ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਫਿਲਮ 'ਤੇ ਰੋਕ ਲਗਾ ਦਿੱਤੀ।
ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਫਿਲਮ ਗੈਂਗਸਟਰ ਸੁੱਖਾ ਕਾਹਲਵਾਂ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਕਾਹਲਵਾਂ 'ਤੇ ਤਿੰਨ ਦਰਜਨ ਤੋਂ ਜ਼ਿਆਦਾ ਅਪਰਾਧਿਕ ਮਾਮਲੇ ਦਰਜ ਸਨ। ਫਿਲਮ 'ਚ ਹਿੰਸਾ ਨਾਲ ਹੀ ਗਨ ਕਲਚਰ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਇਹ ਫਿਲਮ ਅੱਜ 21 ਫਰਵਰੀ ਨੂੰ ਰਿਲੀਜ਼ ਹੋਣੀ ਸੀ।