ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ 6 ਹਫ਼ਤਿਆਂ ਦੀ ਪੈਰੋਲ ’ਤੇ ਰਿਹਾਅ

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ 6 ਹਫ਼ਤਿਆਂ ਦੀ ਪੈਰੋਲ ’ਤੇ ਰਿਹਾਅ

ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਜੇਲ੍ਹਾਂ ’ਚ ਕੈਦੀਆਂ ਦੀ ਗਿਣਤੀ ਹੁਣ ਘਟਾਈ ਜਾ ਰਹੀ ਹੈ। ਇਸੇ ਲੜੀ ’ਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ’ਚੋਂ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ 6 ਹਫ਼ਤਿਆਂ ਦੀ ਪੈਰੋਲ ’ਤੇ ਰਿਹਾਅ ਕੀਤਾ ਗਿਆ ਹੈ। ਉਨ੍ਹਾਂ ਨੂੰ 1993 ’ਚ ਉਦੋਂ ਦੇ ਯੂਥ ਕਾਂਗਰਸ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਉੱਤੇ ‘ਦਹਿਸ਼ਤਗਰਦ ਹਮਲੇ’ ਦੇ ਮਾਮਲੇ ’ਚ ਦੋਸ਼ੀ ਕਰਾਰ ਦੇ ਕੇ ਪਹਿਲਾਂ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਪਰ ਬਾਅਦ ’ਚ ਉਹ ਸਜ਼ਾ ਉਮਰ ਕੈਦ ’ਚ ਤਬਦੀਲ ਕਰ ਦਿੱਤੀ ਗਈ ਸੀ।

 

 

ਪ੍ਰੋ. ਭੁੱਲਰ ਨੂੰ 2001 ’ਚ ‘ਦਹਿਸ਼ਤਗਰਦ ਤੇ ਤਬਾਹਕੁੰਨ ਗਤੀਵਿਧੀਆਂ (ਰੋਕਥਾਮ) ਕਾਨੂੰਨ’ ਭਾਵ ‘ਟਾਡਾ’ ਅਧੀਨ ਦੋਸ਼ੀ ਠਹਿਰਾ ਕੇ ਸਜ਼ਾ ਸੁਣਾਈ ਗਈ ਸੀ ਪਰ ਹੁਣ ਇਹ ‘ਟਾਡਾ’ ਕਾਨੂੰਨ ਦੇਸ਼ ’ਚੋਂ ਖ਼ਤਮ ਕਰ ਦਿੱਤਾ ਗਿਆ ਹੈ। ਸਤੰਬਰ 1993 ’ਚ ਨਵੀਂ ਦਿੱਲੀ ’ਚ ਇੱਕ ਬੰਬ ਧਮਾਕਾ ਹੋਇਆ ਸੀ। ਉਸ ਹਮਲੇ ’ਚ 9 ਵਿਅਕਤੀ ਮਾਰੇ ਗਏ ਸਨ ਤੇ 17 ਹੋਰ ਜ਼ਖ਼ਮੀ ਹੋ ਗਏ ਸਨ। ਜ਼ਖ਼ਮੀਆਂ ’ਚ ਮਨਿੰਦਰਜੀਤ ਸਿੰਘ ਬਿੱਟਾ ਵੀ ਸ਼ਾਮਲ ਸਨ। ਇਸ ਸਾਰੇ ਮਾਮਲੇ ਦੀ ਸੁਣਵਾਈ ਟਾਡਾ ਦੀ ਇੱਕ ਅਦਾਲਤ ਨੇ ਕੀਤੀ ਸੀ।

 

 

ਹੁਣ ਪ੍ਰੋ. ਭੁੱਲਰ ਨੂੰ ਸਮੇਂ ਤੋਂ ਕੁਝ ਪਹਿਲਾਂ ਹੀ ਪੈਰੋਲ ਮਨਜ਼ੂਰ ਕਰ ਦਿੱਤੀ ਗਈ ਹੈ। ਅਜਿਹਾ ਫ਼ੈਸਲਾ ਕੋਰੋਨਾ ਵਾਇਰਸ ਦੀ ਵਬਾ ਫੈਲਣ ਕਾਰਨ ਕੀਤਾ ਗਿਆ ਹੈ। ਉਨ੍ਹਾਂ ਦੀ ਇਹ ਛੁੱਟੀ ਰੈਗੂਲਰ ਪੈਰੋਲਜ਼ ਵਿੱਚੋਂ ਕੱਟ ਦਿੱਤੀ ਜਾਵੇਗੀ।

 

 

ਪੋ. ਭੁੱਲਰ ਦੀ ਮੌਤ ਦੀ ਸਜ਼ਾ ਨੂੰ ਸਾਲ 2014 ਦੌਰਾਨ ਸੁਪਰੀਮ ਕੋਰਟ ਨੇ ਉਮਰ ਕੈਦ ’ਚ ਤਬਦੀਲ ਕਰ ਦਿੱਤਾ ਸੀ। ਉਦੋਂ ਇਹ ਦਲੀਲ ਦਿੱਤੀ ਗਈ ਸੀ ਕਿ ਪ੍ਰੋ. ਭੁੱਲਰ ਵੱਲੋਂ ਰਹਿਮ ਦੀ ਅਪੀਲ ਵਧੇਰੇ ਸਮਾਂ ਰਾਸ਼ਟਰਪਤੀ ਕੋਲ ਵਿਚਾਰ–ਅਧੀਨ ਪਈ ਰਹੀ ਤੇ ਸਮੇਂ ਸਿਰ ਉਸ ਬਾਰੇ ਫ਼ੈਸਲਾ ਨਹੀਂ ਲਿਆ ਗਿਆ।

 

 

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਸਤੰਬਰ 2019 ਦੌਰਾਨ ਕੇਂਦਰ ਸਰਕਾਰ ਨੇ ਪ੍ਰੋ. ਭੁੱਲਰ ਸਮੇਤ ਅੱਠ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਸੀ। ਪਰ ਮਨਿੰਦਰਜੀਤ ਸਿੰਘ ਬਿੱਟਾ ਨੇ ਪ੍ਰੋ. ਭੁੱਲਰ ਦੀ ਰਿਹਾਈ ਖ਼ਿਲਾਫ਼ ਇੱਕ ਪਟੀਸ਼ਨ ਦਾਖ਼ਲ ਕਰ ਦਿੱਤੀ ਸੀ।

 

 

ਉਸ ਪਟੀਸ਼ਨ ’ਚ ਦੋਸ਼ ਲਾਇਆ ਗਿਆ ਸੀ ਕਿ ਪ੍ਰੋ. ਭੁੱਲਰ ਦੇ ਕਿਉਂਕਿ ਸਿਆਸੀ ਆਗੂਆਂ ਨਾਲ ਨੇੜਲੇ ਸਬੰਧ ਹਨ, ਇਸੇ ਲਈ ਉਹ ਜੇਲ ਦੇ ਅੰਦਰ ਆਪਣੇ ਦਰਬਾਰ ਲਾਉਂਦੇ ਰਹੇ ਹਨ। ਫਿਰ ਸੁਪਰੀਮ ਕੋਰਟ ਦੇ ਇੱਕ ਬੈਂਚ ਨੇ ਦਸੰਬਰ 2019 ’ਚ ਪ੍ਰੋ. ਭੁੱਲਰ ਦੀ ਰਿਹਾਈ ਦੇ ਹੁਕਮ ਖ਼ਤਮ ਕਰ ਕੇ ਪਹਿਲਾਂ ਵਾਲੀ ਸਥਿਤੀ ਬਹਾਲ ਕਰ ਦਿੱਤੀ ਸੀ।

 

 

ਜੇਲ੍ਹ ਸੁਪਰਇੰਟੈਂਡੈਂਟ ਨੇ ਦੱਸਿਆ ਕਿ ਹੁਣ ਤੱਕ 529 ਕੈਦੀ ਰਿਹਾਅ ਕੀਤੇ ਜਾ ਚੁੱਕੇ ਹਨ। ਅੰਮ੍ਰਿਤਸਰ ਦੀ ਜੇਲ੍ਹ ਵਿੱਚ 3,400 ਕੈਦੀ ਸਨ, ਜਦ ਕਿ ਇਸ ਦੀ ਸਮਰੱਥਾ 2,200 ਕੈਦੀਆਂ ਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prof Devinderpal Singh Bhullar released on 6 Week Parole