ਅਗਲੀ ਕਹਾਣੀ

PUBG ਦੀ ਲਤ: 15 ਸਾਲਾ ਪੁੱਤਰ ਨੇ ਪਿਤਾ ਦੇ ਬੈਂਕ ਖਾਤੇ ’ਚੋਂ ਕੀਤੇ 50,000 ਚੋਰੀ

ਪਬਜੀ ਦੀ ਲਤ ਕਾਰਨ ਬੱਚੇ ਨੇ ਪਿਤਾ ਦੇ ਬੈਂਕ ਖਾਤੇ ਵਿੱਚੋਂ ਕਢਵਾਏ 50 ਹਜ਼ਾਰ ਰੁਪਏ

ਪਬਜੀ (PUBG – The Player’s Unknown Battlegrounds) ਨਾਂਅ ਦੀ ਇਲੈਕਟ੍ਰੌਨਿਕ ਗੇਮ ਨੇ ਅਜੋਕੇ ਬੱਚਿਆਂ ਤੇ ਨੌਜਵਾਨਾਂ ਦਾ ਦਿਮਾਗ਼ ਖ਼ਰਾਬ ਕਰ ਕੇ ਰੱਖਿਆ ਹੋਇਆ ਹੈ। ਉਹ ਇਸ ਗੇਮ ਦੀ ਲਤ ਦੇ ਇਸ ਹੱਦ ਤੱਕ ਸ਼ਿਕਾਰ ਹੋ ਚੁੱਕੇ ਹਨ ਕਿ ਉਹ ਇਸ ਲਈ ਕੁਝ ਵੀ ਕਰ ਸਕਦੇ ਹਨ।

 

 

PUBG ਦੀ ਇਸੇ ਲਤ ਦੇ ਚੱਲਦਿਆਂ ਜਲੰਧਰ ਦੇ 15 ਸਾਲਾ ਇੱਕ ਲੜਕੇ ਨੇ ਆਪਣੇ ਪਿਤਾ ਦੇ ਬੈਂਕ ਖਾਤੇ ਵਿੱਚੋਂ ਇਸ ਲਈ 50,000 ਰੁਪਏ ਕਢਵਾ ਲਏ ਕਿਉਂਕਿ ਉਹ ਆਪਣੇ ਲਈ PUBG ਦਾ ਗੇਮ ਕੰਟਰੋਲਰ, ਗੇਮ ਲਈ ਸਿਰਫ਼ ਸਕ੍ਰੀਨ ਉੱਤੇ ਵਰਤੇ ਜਾਣ ਵਾਲੇ ਨਵੇਂ ਹਥਿਆਰ ਤੇ ਹੋਰ ਇਲੈਕਟ੍ਰੌਨਿਕ ਉਪਕਰਣ/ਯੰਤਰ ਲੈਣਾ ਚਾਹੁੰਦਾ ਸੀ। ਉਸ ਤੋਂ ਪਹਿਲਾਂ ਉਸ ਦੇ ਪਿਤਾ ਨੇ ਉਸ ਨੂੰ ਇਸ ਕੰਮ ਲਈ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।

 

 

ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਉਸੇ ਬੱਚੇ ਦੇ ਮੋਟਰ–ਸਾਇਕਲ ਮਕੈਨਿਕ ਪਿਤਾ ਨੇ ਜਲੰਧਰ ਦੇ ਪੁਲਿਸ ਕਮਿਸ਼ਨਰੇਟ ਕੋਲ ਬੀਤੀ 20 ਜਨਵਰੀ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਦੇ ਬੈਂਕ ਖਾਤੇ ਵਿੱਚੋਂ ਕਿਸੇ ਨੇ 50 ਹਜ਼ਾਰ ਰੁਪਏ ਕਢਵਾ ਲਏ ਹਨ ਤੇ ਉਨ੍ਹਾਂ ਨੂੰ ਇਸ ਦਾ ਕੋਈ OTP (One Time Password – ਇੱਕੋ ਵਾਰੀ ਵਰਤਿਆ ਜਾ ਸਕਣ ਵਾਲਾ ਪਾਸਵਰਡ) ਵੀ ਨਹੀਂ ਮਿਲਿਆ ਤੇ ਨਾ ਹੀ ਉਸ ਧਨ ਦੇ ਲੈਣ–ਦੇਣ ਬਾਰੇ ਕੋਈ ਅਲਰਟ ਮੈਸੇਜ ਹੀ ਪੁੱਜਾ।

 

 

ਇਸ ਤੋਂ ਬਾਅਦ ਪੁਲਿਸ ਜਾਂਚ ਸ਼ੁਰੂ ਹੋ ਗਈ। ਤਦ ਪਤਾ ਲੱਗਿਆ ਕਿ Paytm ਐਪ ਰਾਹੀਂ ਕਈ ਵਾਰ ਖ਼ਰੀਦਦਾਰੀਆਂ ਹੋਈਆਂ ਸਨ ਤੇ ਇੱਕ ਖ਼ਰੀਦਦਾਰੀ PUBG ਗੇਮ ਕੰਟਰੋਲਰ ਦੀ ਵੀ ਹੋਈ ਸੀ।

 

 

ਸਾਈਬਰ ਸੈੱਲ ਦੇ ਇੰਚਾਰਜ ਮੋਨਿਕਾ ਅਰੋੜਾ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਦੀ ਟੀਮ ਪੇਟੀਐੱਮ ਦੇ ਅਧਿਕਾਰੀਆਂ ਕੋਲ ਪੁੱਜੀ ਤੇ ਪਤਾ ਕੀਤਾ ਕਿ ਉਸ ਗੇਮ ਕੰਟਰੋਲਰ ਦੇ ਖ਼ਰੀਦਦਾਰ ਦਾ ਸੰਪਰਕ ਨੰਬਰ ਤੇ ਪਤਾ ਕੀ ਸੀ। ਜਦੋਂ ਉਹ ਪਤਾ ਵੇਖਿਆ ਗਿਆ, ਤਾਂ ਸਾਰਾ ਮਾਮਲਾ ਸਾਹਮਣੇ ਆ ਗਿਆ ਕਿਉਂਕਿ ਉਹ ਪਤਾ ਤਾਂ ਸ਼ਿਕਾਇਤਕਰਤਾ ਦਾ ਆਪਣਾ ਹੀ ਸੀ।

 

 

ਬਾਅਦ ’ਚ 10ਵੀਂ ਜਮਾਤ ਵਿੱਚ ਪੜ੍ਹਦੇ ਬੱਚੇ ਨੇ ਮੰਨ ਵੀ ਲਿਆ ਕਿ ਉਸ ਨੇ ਹੀ ਆਪਣੇ ਪਿਤਾ ਦੇ ਬੈਂਕ ਖਾਤੇ ਵਿੱਚੋਂ ਧਨ ਕਢਵਾਇਆ ਸੀ। ਦਰਅਸਲ, ਉਹ ਲੜਕਾ ਰਾਤ ਨੂੰ ਆਪਣੇ ਪਿਤਾ ਦੇ ਵਿਹਲੇ ਪਏ ਮੋਬਾਇਲ ਦੀ ਵਰਤੋਂ ਕਰ ਕੇ ਖਾਤੇ ਵਿੱਚੋਂ ਪੈਸੇ ਕਢਵਾ ਕੇ ਆਪਣੇ ਦੋਸਤ ਦੇ ਪੇਟੀਐੱਮ ਖਾਤੇ ਵਿੱਚ ਜਮ੍ਹਾ ਕਰਵਾਉਂਦਾ ਰਿਹਾ। ਉਸ ਦੇ ਪਿਤਾ ਤਦ ਸੁੱਤੇ ਪਏ ਹੁੰਦੇ ਸਨ, ਜਦੋਂ ਇਹ ਸਭ ਹੋ ਰਿਹਾ ਹੁੰਦਾ ਸੀ। ਉਹ ਤਦ ਮੋਬਾਇਲ ਉੱਤੇ ਆਉਣ ਵਾਲੇ ਲੈਣ–ਦੇਣ ਨਾਲ ਸਬੰਧਤ ਸਾਰੇ ਮੈਸੇਜ ਵੀ ਉਡਾ ਦਿੰਦਾ ਸੀ।

 

 

ਇਹ ਸਾਰੀ ਕਹਾਣੀ ਸਾਹਮਣੇ ਆਉਂਦਿਆਂ ਹੀ ਪਿਤਾ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਤੇ ਪੁਲਿਸ ਨੇ ਸ਼ਿਕਾਇਤਕਰਤਾ ਤੇ ਉਨ੍ਹਾਂ ਦੇ ਪੁੱਤਰ ਦੀ ਸ਼ਨਾਖ਼ਤ ਜੱਗ–ਜ਼ਾਹਿਰ ਨਹੀਂ ਕੀਤੀ।

 

 

PUBG ਗੇਮ ਵਿੱਚ ਮੈਦਾਨ–ਏ–ਜੰਗ ਹੈ, ਜਿੱਥੇ ਖਿਡਾਰੀਆਂ ਨੇ ਘੜੀ ਦੀ ਟਿਕ–ਟਿਕ ਚੱਲਦੇ ਤੱਕ ਜਿਊਂਦੇ ਰਹਿ ਕੇ ਅੱਗੇ ਵਧਣਾ ਤੇ ਲੜਨਾ ਹੁੰਦਾ ਹੈ। ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਦੱਖਣੀ ਕੋਰੀਆ ਦੀ ਇਸ ਮੋਬਾਇਲ ਜੰਗੀ ਗੇਮ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਪਿੱਛੇ ਜਿਹੇ ਬਾਲ ਅਧਿਕਾਰਾਂ ਬਾਰੇ ਦਿੱਲੀ ਦੇ ਕਮਿਸ਼ਨ ਨੇ ਵੀ PUBG ਨਾਂਅ ਦੀ ਇਸ ਗੇਮ ਨੂੰ ਬੱਚਿਆਂ ਦੇ ਦਿਮਾਗ਼ ਲਈ ਬਹੁਤ ਜ਼ਿਆਦਾ ਨੁਕਸਾਨਦੇਹ ਤੇ ਨਾਂਹ–ਪੱਖੀ ਦੱਸਿਆ ਸੀ ਅਤੇ ਇਸ ਦੇ ਨਾਲ ਹੀ ਉਸ ਦਾ ਬੱਚਿਆਂ ਦੇ ਦਿਮਾਗ਼ ਉੱਤੇ ਬਹੁਤ ਮਾੜਾ ਅਸਰ ਦਰਸਾਇਆ ਸੀ।

 

 

ਰਾਜਕੋਟ (ਗੁਜਰਾਤ) ਪੁਲਿਸ ਨੇ 9 ਮਾਰਚ ਤੋਂ ਲੈ ਕੇ 30 ਅਪ੍ਰੈਲ ਤੱਕ PUBG ਗੇਮ ਖੇਡਣ ਉੱਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ। ਅਜਿਹਾ ਬੱਚਿਆਂ ਦੇ ਸਾਲਾਨਾ ਇਮਤਿਹਾਨਾਂ ਕਰਕੇ ਕੀਤਾ ਗਿਆ ਹੈ।

 

 

ਇਸੇ ਤਰ੍ਹਾਂ ਗੋਆ ਦੇ ਇੱਕ ਮੰਤਰੀ ਨੇ ਪਿੱਛੇ ਜਿਹੇ ਇਸ ਗੇਮ ਨੂੰ ‘ਹਰੇਕ ਘਰ ਵਿੱਚ ਸ਼ੈਤਾਨ’ ਦਾ ਦਰਜਾ ਦਿੱਤਾ ਸੀ। ਗੁਜਰਾਤ ਸਰਕਾਰ ਨੇ ਬੀਤੇ ਜਨਵਰੀ ਮਹੀਨੇ ਇਸ ਮੋਬਾਇਲ ਗੇਮ ਉੱਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PUBG Addiction 15 yr old son withdrew Rs 50000 from father Bank Account