ਸੰਤ ਬਾਬਾ ਲਾਭ ਸਿੰਘ ਅੱਜ 96 ਸਾਲ ਦੀ ਉਮਰ ਵਿੱਚ ਅਕਾਲ–ਚਲਾਣਾ ਕਰ ਗਏ ਹਨ। ਉਹ ‘ਪੁਲ਼ਾਂ ਵਾਲ਼ਾ ਬਾਬਾ’ ਦੇ ਨਾਂਅ ਨਾਲ ਵੱਧ ਪ੍ਰਸਿੱਧ ਸਨ। ਦਰਅਸਲ, ਉਨ੍ਹਾਂ ਬਿਨਾ ਕਿਸੇ ਸਰਕਾਰੀ ਮਦਦ ਦੇ ਅਨੇਕ ਪੁਲ਼ ਬਣਵਾਏ ਸਨ।
ਅੱਜ ਐਤਵਾਰ ਨੂੰ ਦਿਲ ਦੀ ਧੜਕਣ ਰੁਕ ਜਾਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਮੰਗਲਵਾਰ 30 ਜੁਲਾਈ ਨੂੰ ਕੀਰਤਪੁਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਹੋਵੇਗਾ।
ਸੰਤ ਬਾਬਾ ਲਾਭ ਸਿੰਘ ਦਾ ਜਨਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਿਤਾ ਗੰਗਾ ਸਿੰਘ ਦੇ ਪਰਿਵਾਰ ’ਚ 15 ਜੂਨ, 1923 ਨੂੰ ਹੋਇਆ ਸੀ। ਉਨ੍ਹਾਂ ਆਪਣੇ ਜੀਵਨ ਦੌਰਾਨ ਕਈ ਸਕੂਲਾਂ ਦੀਆਂ ਇਮਾਰਤਾਂ ਬਣਵਾਈਆਂ ਸਨ।
ਉਹ ਚੰਡੀਗੜ੍ਹ ਸਥਿਤ ਪੀਜੀਆਈ ਦੇ ਗੁਰਦੁਆਰਾ ਸਾਹਿਬ ਵਿੱਚ ਲੰਗਰ ਵੀ ਚਲਾਉਂਦੇ ਰਹੇ ਹਨ; ਜਿੱਥੇ ਉਨ੍ਹਾਂ ਹਸਪਤਾਲ ਆਉਣ ਵਾਲੇ ਲੱਖਾਂ ਲੋਕਾਂ ਨੂੰ ਭੋਜਨ ਛਕਾ ਕੇ ਸੇਵਾ ਕੀਤੀ।
ਉਨ੍ਹਾਂ ਨੂੰ ਸੰਤ ਬਾਬਾ ਲਾਭ ਸਿੰਘ ਕਾਰ ਸੇਵਾ ਵਾਲੇ ਦੇ ਨਾਂਅ ਨਾਲ ਵੀ ਚੇਤੇ ਕੀਤਾ ਜਾਂਦਾ ਹੈ। ਉਨ੍ਹਾਂ ਆਪਣੀ ਪ੍ਰਾਇਮਰੀ ਤੇ ਸੈਕੰਡਰੀ ਸਿੱਖਿਆ ਅੰਮ੍ਰਿਤਸਰ ਤੋਂ ਹਾਸਲ ਕੀਤੀ।
ਬਾਬਾ ਲਾਭ ਸਿੰਘ ਜੀ ਆਪਣੇ ਬਚਪਨ ਤੋਂ ਹੀ ਮਨੁੱਖਤਾ ਦੀ ਸੇਵਾ ਵਿੱਚ ਲੱਗ ਗਏ ਸਨ। ਫਿਰ ਉਹ 1963 ’ਚ ਸੰਤ ਬਾਬਾ ਸੇਵਾ ਸਿੰਘ ਹੁਰਾਂ ਦੇ ਸੰਪਰਕ ਵਿੱਚ ਆਏ ਅਤੇ ਫਿਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਿਲਾ ਅਨੰਦਗੜ੍ਹ ਆ ਗਏ।
ਸੰਤ ਬਾਬਾ ਸੇਵਾ ਸਿੰਘ ਦੇ ਅਕਾਲ–ਚਲਾਣੇ ਤੋਂ ਬਾਅਦ ਬਾਬਾ ਲਾਭ ਸਿੰਘ ਨੇ ਉਨ੍ਹਾਂ ਦਾ ਸਾਰਾ ਕੰਮਕਾਜ ਸੰਭਾਲਿਆ। ਉਹ ਆਖ਼ਰੀ ਦਮ ਤੱਕ ਮਨੁੱਖਤਾ ਦੀ ਸੇਵਾ ਕਰਦੇ ਰਹੇ।
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਉਨ੍ਹਾਂ ਨੂੰ ‘ਮਾਨਵਤਾ ਕੇ ਮਸੀਹਾ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ।