ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਣੇ: ਫਸਲਾਂ, ਰੋਜ਼ਗਾਰ, ਉਦਯੋਗਾਂ ਸਮੇਤ ਪੰਜਾਬ ਦੇ ਕਈ ਮੁੱਦਿਆਂ ’ਤੇ ਬੋਲੇ ਰੰਧਾਵਾ

ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਥੇ ਸ਼ੁੱਕਰਵਾਰ ਨੂੰ ਪੁਣੇ ਵਿਖੇ ਵਸੰਤਦਾਦਾ ਸ਼ੂਗਰ ਇੰਸਟੀਚਿਊਟ ਚ ਸ਼ੂਗਰ ਅਤੇ ਇਸ ਦੇ ਨਾਲ ਜੁੜੇ ਉਦਯੋਗਾਂ ਵਿੱਚ ਸਥਿਰਤਾ, ਨਵੀਨਤਾ ਤੇ ਵਿਭਿੰਨਤਾ ਸਬੰਧੀ ਦੂਜੀ ਕੌਮਾਂਤਰੀ ਕਾਨਫਰੰਸ ਨੂੰ ਸੰਬੋਧਨ ਕੀਤਾ।

 

 

ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਅਤੇ ਵਸੰਤਦਾਦਾ ਸ਼ੂਗਰ ਇੰਸਟੀਚਿਊਟ, ਪੁਣੇ ਦੇ ਪ੍ਰ੍ਰਧਾਨ ਸ਼ਰਦ ਪਵਾਰ, ਮਹਾਂਰਾਸ਼ਰ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਅਸ਼ੋਕ ਚਵਨ, ਸਹਿਕਾਰਤਾ ਮੰਤਰੀ ਸ੍ਰੀ ਬਾਲਾਸਾਹਿਬ ਪਾਟਿਲ, ਆਬਕਾਰੀ ਮੰਤਰੀ ਸ੍ਰੀ ਦਿਲਿਪ ਵਾਲਸੇ ਪਾਟਿਲ ਅਤੇ ਡਾਇਰੈਕਟਰ ਜਨਰਲ, ਵੀ.ਐਸ.ਆਈ. ਸ੍ਰੀ ਸ਼ਿਵਾਜੀਰਾਓ ਦੇਸ਼ਮੁਖ ਵੀ ਹਾਜ਼ਰ ਸਨ।

 

ਇਸ ਮੌਕੇ ਰੰਧਾਵਾ ਅਤੇ ਪਵਾਰ ਨੇ ਇਸ ਮੌਕੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਰੰਧਾਵਾ ਨੇ ਕਿਹਾ ਕਿ ਗੰਨੇ ਦੀ ਫ਼ਸਲ ਦੀ ਪੈਦਾਵਾਰ ਵਧਾਉਣ ਅਤੇ ਘਾਟੇ ਵਿੱਚ ਜਾ ਰਹੀਆਂ ਖੰਡ ਮਿੱਲਾਂ ਨੂੰ ਵਿੱਤੀ ਤੌਰ 'ਤੇ ਮਜ਼ਬੂਤ ਬਣਾਉਣ ਲਈ ਠੋਸ ਯਤਨ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਦੇ ਨਾਲ ਨਾਲ ਖੇਤੀਬਾੜੀ ਸੈਕਟਰ ਵਿੱਚ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕੀਤੇ ਜਾ ਸਕਣ।

 

 

ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਗੰਨੇ ਦੀ ਖੇਤੀ ਨੂੰ ਲਾਭਦਾਇੱਕ ਕਿੱਤਾ ਬਣਾਉਣਾ ਦੇ ਨਾਲ ਨਾਲ ਖੇਤੀਬਾੜੀ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਦੂਜੇ ਦੇਸ਼ਾਂ ਵੱਲ ਨੌਜਵਾਨਾਂ ਵਿਸ਼ੇਸ਼ ਤੌਰ 'ਤੇ ਪੰਜਾਬ ਅਤੇ ਹੋਰ ਉੱਤਰੀ ਰਾਜਾਂ ਦੇ ਨੌਜਵਾਨਾਂ ਦੇ ਪਰਵਾਸ ਨੂੰ ਰੋਕਣ ਵਿੱਚ ਮਦਦ ਮਿਲੇਗੀ।

 

ਰੰਧਾਵਾ ਦੀ ਅਗਵਾਈ ਚ ਇੱਕ ਵਫ਼ਦ, ਜਿਸ ਵਿੱਚ ਸ਼ੂਗਰਫੈਡ ਦੇ ਚੇਅਰਮੈਨ ਅਮਰੀਕ ਸਿੰਘ ਅਲੀਵਾਲ, ਰਜਿਸਟਰਾਰ ਸਹਿਕਾਰੀ ਸਭਾਵਾਂ ਸ੍ਰੀ ਵਿਕਾਸ ਗਰਗ, ਸ਼ੂਗਰਫੈਡ ਦੇ ਐਮਡੀ ਸ੍ਰੀ ਪੁਨੀਤ ਗੋਇਲ ਅਤੇ ਪੰਜਾਬ ਵਿੱਚ ਸਹਿਕਾਰੀ ਖੰਡ ਮਿੱਲਾਂ ਦੇ ਜਨਰਲ ਮੈਨੇਜਰ ਸ਼ਾਮਲ ਹਨ, ਅੱਜ ਤੋਂ ਸ਼ੁਰੂ ਹੋ ਰਹੀ ਇਸ ਤਿੰਨ ਰੋਜ਼ਾ ਕਾਨਫਰੰਸ ਵਿੱਚ ਸ਼ਮੂਲੀਅਤ ਕਰ ਰਿਹਾ ਹੈ।

 

 

ਇਸ ਮੌਕੇ ਸੰਬੋਧਨ ਕਰਦਿਆਂ ਸ. ਰੰਧਾਵਾ ਨੇ ਸ਼੍ਰੀ ਸ਼ਰਦ ਪਵਾਰ ਅਤੇ ਸ਼੍ਰੀ ਸ਼ਿਵਾਜੀਰਾਓ ਦੇਸ਼ਮੁਖ ਵੱਲੋਂ ਮਹਾਰਾਸ਼ਟਰ ਅਤੇ ਆਸ ਪਾਸ ਦੇ ਰਾਜਾਂ ਦੇ ਗੰਨਾ ਕਾਸ਼ਤਕਾਰ ਕਿਸਾਨਾਂ ਨੂੰ ਗੰਨੇ ਦੀ ਨਵੀਂ ਕਿਸਮ ਦੀ ਕਾਸ਼ਤ ਅਤੇ ਪਾਣੀ ਦੀ ਸੰਭਾਲ ਦੀਆਂ ਤਕਨੀਕਾਂ ਨੂੰ ਅਪਨਾਉਣ ਵਿੱਚ ਸਹਾਇਤਾ ਦੇਣ ਲਈ ਕੀਤੇ ਗਏ ਯਤਨਾਂ ਦੇ ਸ਼ਲਾਘਾ ਕੀਤੀ।

 

ਉਨ੍ਹਾਂ ਕਿਹਾ ਕਿ ਵਸੰਤਦਾਦਾ ਸ਼ੂਗਰ ਇੰਸਟੀਚਿਊਟ ਦੇਸ਼ ਵਿਚ ਆਪਣੀ ਕਿਸਮ ਦਾ ਇਕੋ ਇਕ ਇੰਸਟੀਚਿਟ ਹੈ ਜੋ ਮਹਾਰਾਸ਼ਟਰ ਦੇ ਦੇ ਨਾਲ ਨਾਲ ਹੋਰਨਾਂ ਸੂਬਿਆਂ ਦੇ ਗੰਨਾ ਉਤਪਾਦਕਾਂ ਅਤੇ ਫੈਕਟਰੀਆਂ ਦੀ ਵੀ ਸਹਾਇਤਾ ਕਰਦਾ ਹੈ। ਇਹ ਇੰਸਟੀਚਿਊਟ ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਨਵੀਨਤਮ ਵਿਕਾਸ, ਖੋਜਾਂ ਦਾ ਹਾਣੀ ਬਣਨ ਦੇ ਨਾਲ ਨਾਲ ਖੰਡ ਉਦਯੋਗ ਦੀਆਂ ਉੱਭਰਦੀਆਂ ਲੋੜਾਂ ਪ੍ਰਤੀ ਪ੍ਰਸੰਗਿਕ  ਰਹਿੰਦਾ ਹੈ ਅਤੇ ਗੰਨਾ ਉਤਪਾਦਕਾਂ ਦੀਆਂ ਜ਼ਰੂਰਤਾਂ 'ਤੇਂ ਧਿਆਨ ਕੇਂਦਰਤ ਰੱਖਦਾ ਹੈ।

 

ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਸਹਿਕਾਰੀ ਖੰਡ ਮਿੱਲਾਂ ਨੂੰ ਮੁੜ ਸੁਰਜੀਤ ਕਰਨ ਸਬੰਧੀ ਸੁਝਾਅ ਲੈਣ ਲਈ ਡਾਇਰੈਕਟਰ ਜਨਰਲ ਅਤੇ ਵਸੰਤਦਾਦਾ ਸ਼ੂਗਰ ਇੰਸਟੀਚਿਊਟ ਦੇ ਹੋਰ ਮਾਹਰਾਂ ਦਾ ਨਾਂ ਮਾਹਰਾਂ ਦੇ ਸਮੂਹ ਵਿੱਚ ਸ਼ਾਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਖੁਸ਼ ਹਨ ਕਿ ਵੀਐਸਆਈ ਅਤੇ ਹੋਰ ਮਾਹਰਾਂ ਨੇ ਮਾਹਰਾਂ ਦੇ ਸਮੂਹ ਦੇ ਵਿਚਾਰ ਵਟਾਂਦਰੇ ਵਿਚ ਮਹੱਤਵਪੂਰਣ ਭੂਮਿਕਾ ਨਿਭਾਈ।

 

ਉਹਨਾਂ ਅੱਗੇ ਦੱਸਿਆ ਕਿ ਪੂਰੇ ਭਾਰਤ ਵਿੱਚ, ਗੰਨਾ ਉਦਯੋਗ ਅਤੇ ਕਿਸਾਨ ਮੌਜੂਦਾ ਮਾਰਕੀਟ ਹਾਲਤਾਂ ਕਾਰਨ ਸੰਕਟ ਦਾ ਸਾਹਮਣਾ ਕਰ ਰਹੇ ਹਨ ਅਤੇ ਇਸ ਸੰਕਟ ਤੋਂ ਬਾਹਰ ਆਉਣ ਲਈ ਭਵਿੱਖ ਸਬੰਧੀ ਨੀਤੀ ਬਣਾਉਣ ਵਿੱਚ ਮਹਾਰਾਸ਼ਟਰ ਅਤੇ ਪੰਜਾਬ ਦੇ ਗੰਨਾ ਉਤਪਾਦਕਾਂ ਅਤੇ ਸਰਕਾਰਾਂ ਦਰਮਿਆਨ ਤਾਲਮੇਲ ਅਹਿਮ ਭੂਮਿਕਾ ਨਿਭਾ ਸਕਦਾ ਹੈ।

 

ਉਨ੍ਹਾਂ ਕਿਹਾ ਕਿ ਖੰਡ ਉਦਯੋਗ ਦੀ ਮਜ਼ਬੂਤੀ ਨਾਲ ਗੰਨਾ ਉਤਪਾਦਕਾਂ ਨੂੰ ਲਾਭ ਹੋਵੇਗਾ ਅਤੇ ਉਹ ਨਿੱਜੀ ਤੌਰ 'ਤੇ ਸਹਿਕਾਰੀ ਖੰਡ ਮਿੱਲਾਂ ਨੂੰ ਹੋਰ ਮਜ਼ਬੂਤ ਕਰਨ ਦੇ ਹੱਕ ਵਿਚ ਹਨ ਜਿਨ੍ਹਾਂ ਦੀ ਪੇਂਡੂ ਅਰਥਚਾਰੇ ਵਿਚ ਅਹਿਮ ਭੂਮਿਕਾ ਹੈ। ਉਨ੍ਹਾਂ ਨੇ ਡਾਇਰੈਕਟਰ ਜਨਰਲ ਵੀ.ਐਸ.ਆਈ. ਅਤੇ ਮੈਨੇਜਿੰਗ ਡਾਇਰੈਕਟਰ, ਸ਼ੂਗਰਫੈਡ ਪੰਜਾਬ ਨੂੰ ਮਹਾਰਾਸ਼ਟਰ ਅਤੇ ਪੰਜਾਬ ਦੇ ਗੰਨਾ ਉਤਪਾਦਕਾਂ ਅਤੇ ਤਕਨੀਕੀ ਮਾਹਰਾਂ ਵਿਚਕਾਰ ਆਪਸੀ ਗੱਲਬਾਤ ਦਾ ਪ੍ਰਬੰਧ ਕਰਨ ਲਈ ਬੇਨਤੀ ਕੀਤੀ।

 

ਰੰਧਾਵਾ ਨੇ ਸ੍ਰੀ ਪਵਾਰ ਅਤੇ ਇੰਸਟੀਚਿਊਟ ਦੇ ਡਾਇਰੈਕਟਰ ਜਨਰਲ ਸ੍ਰੀ ਦੇਸ਼ਮੁਖ ਨੂੰ ਬੇਨਤੀ ਕੀਤੀ ਕਿ ਉਹ ਗੰਨੇ ਦਾ ਪ੍ਰਤੀ ਏਕੜ ਝਾੜ ਅਤੇ ਖੰਡ ਦੀ ਰਿਕਵਰੀ ਵਧਾਉਣ ਲਈ ਸੂਬੇ ਵਿਚਲੀਆਂ ਸਹਿਕਾਰੀ ਖੰਡ ਮਿੱਲਾਂ ਦੀ ਸਹਾਇਤਾ ਕਰਨ ਜਿਸ ਨਾਲ ਗੰਨਾ ਉਤਪਾਦਕਾਂ ਅਤੇ ਖੰਡ ਮਿੱਲਾਂ ਦੀ ਆਮਦਨੀ ਵਿਚ ਵਾਧਾ ਹੋਵੇਗਾ। ਸਹਿਕਾਰਤਾ ਵਿਭਾਗ, ਪੰਜਾਬ ਵਿਸ਼ੇਸ਼ ਤੌਰ 'ਤੇ ਬੀਜ ਦੀ ਨਵੀਂ ਕਿਸਮ ਵਿਕਸਿਤ ਕਰਨ 'ਤੇ ਧਿਆਨ ਕੇਂਦਰਤ ਕਰ ਰਿਹਾ ਹੈ ਜਿਸ ਲਈ ਵੀਐਸਆਈ ਮਾਹਰਾਂ ਦੀ ਸਹਾਇਤਾ ਦੀ ਜ਼ਰੂਰਤ ਹੈ ਅਤੇ ਮੈਂ ਆਸ ਕਰਦਾ ਹਾਂ ਕਿ ਵੀਐਸਆਈ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਦੇ ਸਹਿਯੋਗ ਨਾਲ ਪੰਜਾਬ ਦੇ ਕਿਸਾਨਾਂ ਅਤੇ ਖੰਡ ਮਿੱਲਾਂ ਦੀ ਸਹਾਇਤਾ ਕਰੇਗੀ।

 

ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮੰਤਵ ਗੰਨੇ ਦੀ ਕਾਸ਼ਤ ਦੀਆਂ ਨਵੀਆਂ ਤਕਨੀਕਾਂ ਅਪਣਾ ਕੇ ਗੰਨੇ ਦੀ ਫਸਲ ਦਾ ਪ੍ਰਤੀ ਏਕੜ ਝਾੜ ਵਧਾਉਣਾ ਹੈ ਅਤੇ ਖੰਡ ਮਿੱਲਾਂ ਨੂੰ ਖੰਡ ਕੰਪਲੈਕਸਾਂ ਵਿੱਚ ਤਬਦੀਲ ਕਰਕੇ ਇਸ ਰਾਹੀਂ ਹੋਰ ਵਾਧੂ ਉਤਪਾਦਾਂ ਜਿਵੇਂ ਈਥਨੌਲ, ਬਾਇਓ-ਸੀ.ਐਨ.ਜੀ., ਬਾਇਓ ਖਾਦ ਆਦਿ ਦੇ ਉਤਪਾਦਨ ਵਾਲਾ ਇੱਕ ਬਦਲ ਬਣਾਉਣਾ ਹੈ ਜਿਸ ਨਾਲ ਨਾ ਸਿਰਫ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਬਲਕਿ ਖੇਤੀਬਾੜੀ ਖੇਤਰ ਵਿਚ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pune: Randhawa Speaks on many issues of Punjab including crops employment industries